ਬਸਪਾ ਨੇ ਫੂਕਿਆ ਯੋਗੀ ਸਰਕਾਰ ਦਾ ਪੁਤਲਾ
Thursday, Oct 05, 2017 - 01:18 AM (IST)
ਹੁਸ਼ਿਆਰਪੁਰ, (ਜਸਵਿੰਦਰਜੀਤ)- ਮੁਰਾਦਾਬਾਦ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦੇ ਤਿਓਹਾਰ 'ਤੇ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਲੀਰੋ-ਲੀਰ ਕਰ ਕੇ ਰਾਵਣ ਅਤੇ ਕੁੰਭਕਰਨ ਦੇ ਨਾਲ-ਨਾਲ ਦਲਿਤ ਸਮਾਜ ਦੇ ਮਹਾਨ ਰਹਿਬਰ ਮਹਾਤਮਾ ਜੋਤਿਬਾ ਰਾਏ ਫੂਲੇ, ਨਰਾਇਣ ਗੁਰੂ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਕਾਂਸ਼ੀ ਰਾਮ ਅਤੇ ਭੈਣ ਕੁਮਾਰੀ ਮਾਇਆਵਤੀ ਦੇ ਪੋਸਟਰ ਸਾੜਨ ਦੇ ਰੋਸ ਵਜੋਂ ਅੱਜ ਬਸਪਾ ਪੰਜਾਬ ਦੇ ਸੀਨੀਅਰ ਆਗੂ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਵਿਚ ਯੂ. ਪੀ. ਦੀ ਯੋਗੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਸਪਾ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਅਤੇ ਹੋਰ ਮਹਾਪੁਰਸ਼ਾਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ ਲੋਕ ਬਾਬਾ ਸਾਹਿਬ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਹਨ। ਉਨ੍ਹਾਂ ਦੇ ਜੀਵਨ ਸੰਘਰਸ਼ ਅਤੇ ਭਾਰਤੀ ਸੰਵਿਧਾਨ ਤੋਂ ਸੇਧ ਲੈ ਕੇ ਆਪਣੇ-ਆਪਣੇ ਮੁਲਕਾਂ ਦੇ ਸੰਵਿਧਾਨ ਵਿਚ ਤਬਦੀਲੀ ਕਰ ਰਹੇ ਹਨ ਤਾਂ ਕਿ ਦੁਨੀਆ ਭਰ ਦੇ ਲੋਕ ਸਮਾਨਤਾ, ਬਰਾਬਰਤਾ ਤੇ ਮਾਣ-ਸਨਮਾਨ ਵਾਲਾ ਜੀਵਨ ਬਸਰ ਕਰ ਸਕਣ ਪਰ ਦੁੱਖ ਦੀ ਗੱਲ ਹੈ ਕਿ ਭਾਰਤ ਅੰਦਰ ਆਰ. ਐੱਸ. ਐੱਸ. ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਮਨੂੰਵਾਦੀ ਸਰਕਾਰਾਂ ਦਲਿਤ ਰਹਿਬਰਾਂ ਦਾ ਅਪਮਾਨ ਕਰ ਰਹੀਆਂ ਹਨ।
ਦਿਨੇਸ਼ ਪੱਪੂ ਨੇ ਕਿਹਾ ਕਿ ਮੋਦੀ ਸਰਕਾਰ ਗੁਣਗਾਨ ਡਾ. ਅੰਬੇਡਕਰ ਦਾ ਕਰ ਰਹੀ ਹੈ ਪਰ ਕੰਮ ਇਸ ਦੇ ਉਲਟ ਕਰਵਾ ਰਹੀ ਹੈ। ਦਲਿਤਾਂ ਦਾ ਰਾਖਵਾਂਕਰਨ ਖਤਮ ਕੀਤਾ ਜਾ ਰਿਹਾ ਹੈ, ਮੁਲਾਜ਼ਮਾਂ ਦੀਆਂ ਤਰੱਕੀਆਂ ਰੋਕੀਆਂ ਜਾ ਰਹੀਆਂ ਹਨ, ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਅਤੇ ਮਹਿੰਗਾਈ ਤੇ ਬੇਰੋਜ਼ਗਾਰੀ ਨੇ ਲੋਕਾਂ ਦਾ ਜੀਵਨ ਨਸ਼ਟ ਕਰ ਕੇ ਰੱਖ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਂਕਾਰ ਸਿੰਘ ਝਮਟ ਇੰਚਾਰਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਪਵਨ ਕੁਮਾਰ ਸਾਬਕਾ ਸ਼ਹਿਰੀ ਪ੍ਰਧਾਨ ਬਸਪਾ, ਹਰਜੀਤ ਲਾਡੀ ਸ਼ਹਿਰੀ ਪ੍ਰਧਾਨ, ਸੰਜੀਵ ਕੁਮਾਰ ਲਾਡੀ, ਰਧਾਵਾ ਸਿੰਘ, ਜੌਨੀ ਵੋਹਰਾ, ਸੰਦੀਪ, ਰਜਤ, ਸੰਨੀ ਸੁੰਦਰ ਨਗਰ, ਕੀਮਤੀ ਲਾਲ, ਸੁਖਵੀਰ ਸਿੰਘ, ਪਵਨ ਕੁਮਾਰ, ਤਿਲਕ ਰਾਜ, ਰਾਕੇਸ਼ ਕੁਮਾਰ ਅਤੇ ਸੰਜੀਵ ਵਾਲੀਆ ਆਦਿ ਹਾਜ਼ਰ ਸਨ।
