11 ਮਹੀਨਿਆਂ ’ਚ BSF ਨੇ ਫੜੇ 242 ਪਾਕਿਸਤਾਨੀ ਡਰੋਨ, ਹੁਣ ਤੱਕ ਦੇ ਟੁੱਟੇ ਰਿਕਾਰਡ
Monday, Nov 25, 2024 - 04:06 AM (IST)
ਅੰਮ੍ਰਿਤਸਰ (ਨੀਰਜ) - ਇਕ ਪਾਸੇ ਜਿੱਥੇ ਸ਼ਹਿਰ ਦੀ ਪੁਲਸ, ਦਿਹਾਤੀ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਹਰ ਰੋਜ਼ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਦੇ ਨਾਲ-ਨਾਲ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ’ਤੇ ਵੀ ਡਰੋਨ ਦੀ ਮੂਵਮੈਂਟ ਨੇ ਹੁਣ ਤੱਕ ਦੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਵੱਲੋਂ ਜਨਵਰੀ 2024 ਤੋਂ ਲੈ ਕੇ ਹੁਣ ਤੱਕ 242 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ, ਜਦਕਿ ਸਾਲ 2023 ਦੌਰਾਨ ਬੀ. ਐੱਸ. ਐੱਫ. ਵੱਲੋਂ 107 ਡਰੋਨ ਫੜੇ ਗਏ ਸਨ।
ਹਾਲਾਂਕਿ ਸਾਲ 2024 ਖ਼ਤਮ ਹੋਣ ਵਿਚ ਅਜੇ 36 ਦਿਨ ਬਾਕੀ ਹਨ ਅਤੇ ਧੁੰਦ ਪੈ ਰਹੀ ਹੈ, ਜਿਸ ਕਾਰਨ ਸਰਹੱਦ ’ਤੇ ਡਰੋਨ ਦੀ ਮੂਵਮੈਂਟ ਹੋਰ ਵਧਣ ਦੀ ਸੰਭਾਵਨਾ ਹੈ। ਬੀ. ਐੱਸ. ਐੱਫ. ਵੱਲੋਂ ਡਰੋਨ ਦੇ ਅੰਕੜੇ ਇਹ ਸਾਬਿਤ ਕਰ ਰਹੇ ਹਨ ਕਿ ਬਾਰਡਰ ਫੈਂਸਿੰਗ ਦੇ ਇਸ ਪਾਸੇ ਭਾਰਤੀ ਇਲਾਕੇ ਵਿਚ ਸਮੱਗਲਰ ਲਗਾਤਾਰ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ ਅਤੇ ਡਰੋਨਾਂ ਦੀ ਮੂਵਮੈਂਟ ਲਗਾਤਾਰ ਜਾਰੀ ਹੈ, ਜਿਸ ਨੂੰ ਖਤਮ ਕਰਨ ਲਈ ਸਰਹੱਦੀ ਪਿੰਡਾਂ ਵਿਚ ਸੁਰੱਖਿਆ ਏਜੰਸੀਆਂ ਨੂੰ ਆਪਣਾ ਨੈੱਟਵਰਕ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਹੈ।
ਕੁਝ ਸਮੱਗਲਰਾਂ ਨੇ ਸਰਹੱਦ ਕੋਲ ਲਈ ਹੈ ਜ਼ਮੀਨ
ਖੇਤੀ ਦੀ ਆੜ ਵਿਚ ਕੁਝ ਲੋਕ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਹਨ। ਹਾਲ ਹੀ ’ਚ ਪੁਲਸ ਵੱਲੋਂ ਹੈਰੋਇਨ ਦੀ ਖੇਪ ਸਮੇਤ ਇਕ ਸਮੱਗਲਰ ਨੂੰ ਕਾਬੂ ਕੀਤਾ ਜਾ ਚੁੱਕਾ ਹੈ, ਜਿਸ ਨੇ ਸਮੱਗਲਿੰਗ ਕਰਨ ਲਈ ਸਰਹੱਦ ਨੇੜੇ ਜ਼ਮੀਨ ਲੀਜ਼ ’ਤੇ ਲਈ ਸੀ। ਪੁਲਸ ਨੂੰ ਸਮੱਗਲਰ ਦੇ ਟਿਊਬਵੈੱਲ ਤੋਂ ਹੈਰੋਇਨ ਦੀ ਖੇਪ ਵੀ ਮਿਲੀ ਹੈ। ਇੰਨਾ ਹੀ ਨਹੀਂ ਕਈ ਵਾਰ ਕਿਸਾਨ ਸਮੱਗਲਰ ਆਪਣੇ ਟਰੈਕਟਰਾਂ, ਟਰਾਲੀਆਂ ਅਤੇ ਹੋਰ ਸਾਮਾਨ ’ਚ ਹੈਰੋਇਨ ਦੀਆਂ ਖੇਪਾਂ ਨੂੰ ਪਾਰ ਕਰਦੇ ਹੋਏ ਰੰਗੇ ਹੱਥੀਂ ਫੜੇ ਜਾ ਚੁੱਕੇ ਹਨ।
ਹੈਰੋਇਨ ਸਮੱਗਲਿੰਗ ਲਈ ਬਦਨਾਮ ਹਨ ਕੁਝ ਪਿੰਡ
ਹੈਰੋਇਨ ਦੀ ਸਮੱਗਲਿੰਗ ਲਈ ਕੁਝ ਅਜਿਹੇ ਬਦਨਾਮ ਪਿੰਡ ਭਾਰਤ-ਪਾਕਿਸਤਾਨ ਸਰਹੱਦ ’ਤੇ ਹਨ, ਜਿੱਥੇ ਡਰੋਨਾਂ ਦੀ ਮੂਵਮੈਂਟ ਸਭ ਤੋਂ ਵੱਧ ਹੈ ਅਤੇ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਪਰ ਇਨ੍ਹਾਂ ਪਿੰਡਾਂ ’ਚ ਗਤੀਵਿਧੀਆਂ ਕਰਨ ਵਾਲੇ ਸਮੱਗਲਰ ਅਜੇ ਤੱਕ ਸੁਰੱਖਿਆ ਏਜੰਸੀਆਂ ਦੇ ਹੱਥ ਨਹੀਂ ਲੱਗੇ ਹਨ। ਇਨ੍ਹਾਂ ਪਿੰਡਾਂ ’ਚ ਹਵੇਲੀਆਂ, ਧਨੋਆ ਕਲਾਂ, ਧਨੋਆ ਖੁਰਦ, ਰਾਜਾਤਾਲ, ਦਾਉਕੇ, ਨੇਸ਼ਟਾ, ਮੁਹਾਵਾ, ਕੱਕੜ, ਰਤਨਖੁਰਦ ਆਦਿ ਨਾਂ ਸ਼ਾਮਲ ਹਨ, ਜਿੱਥੇ ਹਰ ਰੋਜ਼ ਡਰੋਨਾਂ ਦੀ ਮੂਵਮੈਂਟ ਰਿਕਾਰਡ ਕੀਤੀ ਜਾ ਰਹੀ ਹੈ ਅਤੇ ਡਰੋਨ ਫੜੇ ਜਾ ਰਹੇ ਹਨ ਪਰ ਸਮੱਗਲਰ ਅਜੇ ਤੱਕ ਫੜੇ ਨਹੀਂ ਗਏ ਹਨ।
ਏ. ਡੀ. ਐੱਸ. ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ
ਭਾਵੇਂ ਕੇਂਦਰ ਸਰਕਾਰ ਵੱਲੋਂ ਬਾਰਡਰ ਫੈਂਸਿੰਗ ਦੇ ਆਲੇ-ਦੁਆਲੇ ਐਂਟੀ ਡਰੋਨ ਸਿਸਟਮ ਲਾਏ ਗਏ ਹਨ ਪਰ ਜਿਸ ਤਰ੍ਹਾਂ ਦੇ ਆਧੁਨਿਕ ਐਂਟੀ ਡਰੋਨ ਸਿਸਟਮ ਹੋਣੇ ਚਾਹੀਦੇ ਹਨ, ਉਹ ਨਹੀਂ ਹਨ। ਪੰਜਾਬ ਦੇ ਰਾਜਪਾਲ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਹੈ ਕਿ ਡਰੋਨਾਂ ਦੀ ਮੂਵਮੈਂਟ ਰੋਕਣ ਲਈ ਅਤਿ-ਆਧੁਨਿਕ ਤਕਨੀਕ ਵਾਲੇ ਐਂਟੀ ਡਰੋਨ ਸਿਸਟਮ ਲਾਏ ਜਾਣਗੇ।
ਬਿੱਲਾ ਹਵੇਲੀਆਂ ਨੂੰ ਭੇਜਿਆ ਗਿਆ ਡਿਬਰੂਗੜ੍ਹ ਜੇਲ
ਹੈਰੋਇਨ ਸਮੱਗਲਿੰਗ ਦੇ ਵੱਡੇ ਕਿੰਗਪਿਨ ਬਲਵਿੰਦਰ ਸਿੰਘ ਉਰਫ਼ ਬਿੱਲਾ ਸਰਪੰਚ ਹਵੇਲੀਆਂ ਨੂੰ ਦਿਹਾਤੀ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਇਹ ਉਹੀ ਬਿੱਲਾ ਸਰਪੰਚ ਹੈ, ਜਿਸ ’ਤੇ ਹੈਰੋਇਨ ਸਮੱਗਲਿੰਗ ਦੇ ਇਕ-ਦੋ ਨਹੀਂ, ਸਗੋਂ ਦਰਜਨਾਂ ਮਾਮਲੇ ਦਰਜ ਹਨ। ਸੋਨੇ ਦੀ ਸਮੱਗਲਿੰਗ ਦੇ ਵੀ ਦਰਜਨਾਂ ਕੇਸ ਬਿੱਲਾ ’ਤੇ ਦਰਜ ਹਨ ਪਰ ਇਸ ਦੇ ਬਾਵਜੂਦ ਡਰੋਨਾਂ ਦੀ ਮੂਵਮੈਂਟ ਰੁਕਣ ਦਾ ਨਹੀਂ ਲੈ ਰਹੀ ਹੈ।