ਵਾਟਰ ਪਾਈਪ ''ਚ ਛੁਪਾ ਕੇ ਰੱਖੀ 5 ਕਰੋੜ ਦੀ ਹੈਰੋਇਨ, BSF ਨੇ ਕੀਤੀ ਬਰਾਮਦ
Monday, Nov 11, 2019 - 09:16 PM (IST)

ਅੰਮ੍ਰਿਤਸਰ, (ਨੀਰਜ)— ਅੰਮ੍ਰਿਤਸਰ ਸੈਕਟਰ 'ਚ ਤਸਕਰਾਂ ਦੇ ਇਰਾਦਿਆਂ ਨੂੰ ਇਕ ਵਾਰ ਫਿਰ ਤੋਂ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ. ਨੇ ਬੀ. ਓ. ਪੀ ਦਾਉਕੇ 'ਚ ਇਕ ਕਿੱਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਫੈਂਸਿੰਗ ਦੇ ਨਜ਼ਦੀਕ ਇਕ ਵਾਟਰ ਪਾਈਪ 'ਚ ਤਸਕਰਾਂ ਨੇ ਇਸ ਹੈਰੋਇਨ ਨੂੰ ਛੁਪਾਇਆ ਹੋਇਆ ਸੀ ਤਾਂਕਿ ਮੌਕਾ ਮਿਲਣ 'ਤੇ ਉਸ ਨੂੰ ਕੱਢ ਸਕਣ ਪਰ ਬੀ. ਐੱਸ. ਐੱਫ. ਦੀ ਪੈਟਰੋਲਿੰਗ ਪਾਰਟੀ ਦੀ ਇਸ 'ਤੇ ਨਜ਼ਰ ਪੈ ਗਈ। ਜਿਸ ਖੇਤ ਕੋਲੋਂ ਇਹ ਹੈਰੋਇਨ ਫੜੀ ਗਈ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਦੇ ਚੱਲੀਏ ਕਿ ਹਾਲ ਹੀ 'ਚ ਬਾਰਡਰ ਫੈਂਸਿੰਗ ਦੇ ਦੋਵੇਂ ਪਾਸੇ ਝੋਨੇ ਦੀ ਫਸਲ ਦੀ ਕਟਾਈ ਕੀਤੀ ਗਈ ਸੀ ਤੇ ਖੜੀ ਫਸਲ ਦੀ ਆੜ 'ਚ ਦਾਖਲ ਅਤੇ ਪਾਕਿਸਤਾਨ 'ਚ ਬੈਠੇ ਤਸਕਰ ਹੈਰੋਇਨ ਦੀ ਖੇਪ ਨੂੰ ਇਧਰ-ਉੱਧਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੀ. ਐੱਸ. ਐੱਫ. ਦੀ ਬੀ. ਓ. ਪੀ ਦਾਉਕੇ ਦੀ ਗੱਲ ਕਰੀਏ ਤਾਂ ਇਹ ਇਲਾਕਾ ਹੈਰੋਇਨ ਤਸਕਰੀ ਦੇ ਮਾਮਲਿਆਂ ਵਿਚ ਕਾਫ਼ੀ ਬਦਨਾਮ ਹੈ ਤੇ ਦਰਜਨਾਂ ਵਾਰ ਬੀ. ਐੱਸ. ਐੱਫ. ਨੇ ਇਸ ਇਲਾਕੇ 'ਚ ਹੈਰੋਇਨ ਦੀ ਖੇਪ ਫੜੀ ਹੈ।