ਸਰਹੱਦ ਦੀ ਫੈਸਿੰਗ ਤੋਂ ਬੀ.ਐੱਸ.ਐੱਫ. ਨੇ ਕਾਬੂ ਕੀਤਾ ਸ਼ੱਕੀ ਵਿਅਕਤੀ
Sunday, Mar 10, 2019 - 04:58 PM (IST)

ਗੁਰੂਹਰਸਹਾਏ (ਸੰਨੀ, ਆਵਲਾ) - ਗੁਰੂਹਰਸਹਾਏ ਦੇ ਨੇੜੇ ਸਰਹੱਦੀ ਚੌਂਕੀ ਬਹਾਦੁਰਕੇ ਵਿਚ ਫੈਂਸਿੰਗ ਨੇੜੇ ਘੁੰਮਦੇ ਹੋਏ ਇਕ ਸ਼ੱਕੀ ਵਿਅਕਤੀ ਨੂੰ ਬੀਤੀ ਰਾਤ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਸਿਸਟੈਂਟ ਕਮਾਂਡੈਂਟ ਮਨਜੀਤ ਵਰਮਾ ਨੇ ਪੁੱਛਗਿੱਛ ਕਰਨ ਤੋਂ ਬਾਅਦ ਉਕਤ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ।ਜਾਣਕਾਰੀ ਦਿੰਦੇ ਗੁਰੂਹਰਸਹਾਏ ਦੇ ਡੀ.ਐੱਸ.ਪੀ. ਗੁਰਜੀਤ ਸਿੰਘ ਅਤੇ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਸ਼ੱਕੀ ਵਿਅਕਤੀ ਨੂੰ ਬੀ.ਐੱਸ.ਐੱਫ. ਨੇ ਬਹਾਦਰ ਕੇ ਚੌਕੀ ਦੀ ਕੰਟੀਲੀ ਤਾਰ ਨੇੜੇ ਘੁੰਮਦੇ ਹੋਏ ਕਾਬੂ ਕੀਤਾ ਸੀ, ਜਿਸ ਦੀ ਪਛਾਣ ਕਾਹਨਾ ਪੁੱਤਰ ਮੰਗਹੀ ਰਾਮ ਜ਼ਿਲਾ ਉਜੈਨ ਮੱਧ ਪ੍ਰਦੇਸ਼ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਵਿਅਕਤੀ ਸਬੰਧੀ ਸਬੰਧਤ ਥਾਣੇ ਨੂੰ ਸੂਚਨਾ ਦਿੱਤੀ ਗਈ ਹੈ, ਜਿਸ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਫੜੇ ਗਏ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀ ਲੱਗ ਰਹੀ, ਇਸੇ ਕਾਰਨ ਪੁਲਸ ਨੇ ਉਸ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਵਿਅਕਤੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।