ਬੀ.ਐਸ.ਐਫ. ਨੇ 30 ਕਰੋੜ 90 ਲੱਖ ਰੁਪਏ ਦੇ ਕੌਮਾਂਤਰੀ ਮੁੱਲ ਦੀ 6 ਪੈਕੇਟ ਹੈਰੋਇਨ ਬਰਾਮਦ ਕੀਤੀ
Sunday, Feb 14, 2021 - 04:31 PM (IST)
ਫ਼ਿਰੋਜ਼ਪੁਰ (ਕੁਮਾਰ): ਬੀ.ਐੱਸ.ਐੱਫ. ਦੀ 22 ਬਟਾਲੀਅਨ ਨੇ ਅੰਮ੍ਰਿਤਸਰ ਸੈਕਟਰ ਵਿਚ ਭਾਰਤ ਪਾਕਿਸਤਾਨ ਬਾਰਡਰ ’ਤੇ 6 ਕਿੱਲੋ 380 ਗ੍ਰਾਮ ਹੈਰੋਇਨ ਦੇ ਛੇ ਪੈਕੇਟ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ-ਕਮ-ਡੀ.ਆਈ.ਜੀ. ਬੀ.ਐਸ.ਐਫ. ਨੇ ਦੱਸਿਆ ਕਿ ਭਾਰਤ ਪਾਕਿਸਤਾਨ ਬਾਰਡਰ ਤੇ ਬੀ.ਐਸ.ਐਫ. ਦੀ 22 ਬਟਾਲੀਅਨ ਦੇ ਤਾਇਨਾਤ ਜਵਾਨਾਂ ਨੇ ਫੈਂਸਿੰਗ ਦੇ ਕੋਲ ਦੋਵੇਂ ਪਾਸਿਆਂ ਤੋਂ ਸ਼ੱਕੀ ਗਤੀਵਿਧੀਆਂ ਦੇਖੀਆਂ ਅਤੇ ਫੈਂਸਿੰਗ ਦੇ ਕੋਲ ਆ ਰਹੇ ਲੋਕਾਂ ਨੂੰ ਲਲਕਾਰਿਆ, ਜੋ ਸੰਘਣੀ ਧੁੰਦ ਅਤੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਵਾਪਸ ਭੱਜ ਗਏ।
ਉਨ੍ਹਾਂ ਦੱਸਿਆ ਕਿ ਇਸ ਏਰੀਏ ਦਾ ਸਰਚ ਓਪਰੇਸ਼ਨ ਕਰਨ ਤੇ ਬੀ.ਐਸ.ਐਫ. ਦੇ ਜਵਾਨਾਂ ਨੂੰ 6 ਪੈਕੇਟ ਹੈਰੋਇਨ ਦੇ ਮਿਲੇ, ਜੋ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਵਿੱਚ ਸੁੱਟੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਹੈਰੋਇਨ ਦੀ ਡਿਲਿਵਰੀ ਭਾਰਤੀ ਤਸਕਰਾਂ ਵੱਲੋਂ ਲਈ ਜਾਣੀ ਸੀ, ਜੋ ਬੀ.ਐਸ.ਐਫ. ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 30 ਕਰੋੜ 90 ਲੱਖ ਰੁਪਏ ਦੱਸੀ ਜਾਂਦੀ ਹੈ।