ਤਮਗਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਲਵਪ੍ਰੀਤ ਦੇ ਘਰ ਵਿਆਹ ਵਰਗਾ ਮਾਹੌਲ, ਢੋਲ ਦੀ ਥਾਪ ’ਤੇ ਪਏ ਭੰਗੜੇ (ਤਸਵੀਰਾਂ)
Thursday, Aug 04, 2022 - 05:03 PM (IST)
ਰਾਜਾਸਾਂਸੀ (ਰਾਜਵਿੰਦਰ)- ਰਾਸ਼ਟਰਮੰਡਲ ਖੇਡਾਂ-2022 ਵਿਚ ਪੁਰਸ਼ਾਂ ਦੀ ਵੇਟ ਲਿਫਟਿੰਗ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅੰਮ੍ਰਿਤਸਰ ਦੇ ਪਿੰਡ ਬੱਲ ਸਚੰਦਰ ਦੇ ਵਸਨੀਕ ਲਵਪ੍ਰੀਤ ਸਿੰਘ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਨੂੰ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਹਰੇਕ ਪਾਰਟੀ ਦੇ ਸਿਆਸੀ ਆਗੂ ਵਧਾਈਆਂ ਦੇਣ ਪੁੱਜੇ ਹੋਏ ਹਨ। ਪਰਿਵਾਰ ਨੇ ਲੱਡੂ ਵੰਡ ਕੇ ਅਤੇ ਡੀ. ਜੇ. ਦੇ ਗਾਣਿਆਂ ’ਤੇ ਭੰਗੜੇ ਪਾ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਕਾਂਸੀ ਦਾ ਤਮਗਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਨੂੰ ਗੁਰੂ ਨਗਰੀ ਦਾ ‘ਲਵਲੀ ਬੁਆਏ’ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ
ਗਰੀਬ ਪਰਿਵਾਰ ਨਾਲ ਸਬੰਧ ਰੱਖਦੈ ਲਵਪ੍ਰੀਤ
ਲਵਪ੍ਰੀਤ ਸਿੰਘ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਕ੍ਰਿਪਾਲ ਸਿੰਘ ਪੇਸ਼ੇ ਵਜੋਂ ਦਰਜੀ ਦਾ ਕੰਮ ਕਰਦੇ ਹਨ। ਮਾਤਾ ਸੁਖਵਿੰਦਰ ਕੌਰ ਘਰੇਲੂ ਜਨਾਨੀ ਹੈ। ਲਵਪ੍ਰੀਤ ਸਿੰਘ ਦਾ ਜਨਮ 30 ਸਤੰਬਰ 1997 ’ਚ ਪਿੰਡ ਬੱਲ ਸਚੰਦਰ ’ਚ ਹੋਇਆ। ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਨੇ ਡੀ. ਏ. ਵੀ. ਸਕੂਲ ਤੋਂ 12ਵੀਂ ਜਮਾਤ ਪਾਸ ਕਰਦਿਆਂ ਹੀ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਜਿੱਤਣ ਤੋਂ ਬਾਅਦ, 2017 ’ਚ ਇੰਡੀਅਨ ਨੇਵੀ ਵਿਚ ਬਤੌਰ ਸਿਪਾਹੀ ਭਰਤੀ ਹੋ ਗਿਆ। ਬਾਅਦ ਵਿਚ ਇੰਡੀਅਨ ਨੇਵੀ ਵੱਲੋਂ ਖੇਡਦਾ ਰਿਹਾ, ਜਿਸ ਦਾ ਸਦਕਾ ਅੱਜ ਅਕਾਲ ਪੁਰਖ ਵਾਹਿਗੁਰੂ ਦੇ ਕਿਰਪਾ ਅਤੇ ਪਿੰਡ ਵਾਸੀ ਤੇ ਪਰਿਵਾਰ ਦੀਆਂ ਅਸੀਸਾਂ ਸਦਕਾ ਦੇਸ਼ ਲਈ ਤਗਮਾ ਹਾਸਲ ਕਰ ਸਕਿਆ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਨੇਵੀ ਵਿਚ ਉੱਚ ਅਧਿਕਾਰੀ ਦੇ ਅਹੁਦੇ ’ਤੇ ਬਿਰਾਜਮਾਨ ਕੀਤਾ ਜਾਵੇ
ਲਵਪ੍ਰੀਤ ਸਿੰਘ ਦੇ ਮਾਪਿਆਂ ਦੇ ਗੁਹਾਰ ਲਾਈ ਹੈ ਕਿ ਉਸ ਨੂੰ ਨੇਵੀ ਵਿਚ ਉੱਚ ਅਧਿਕਾਰੀ ਦੇ ਅਹੁਦੇ ’ਤੇ ਬਿਰਾਜਮਾਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਬਰਮਿੰਘਮ ਕਾਮਨਵੈਲਥ ਖੇਡਾਂ-2022 ਵਿਚ ਪੁਰਸ਼ਾਂ ਦੀ ਵੇਟਲਿਫਟਿੰਗ ਦੇ 109 ਕਿਲੋ ਵਰਗ ਵਿਚ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਮੈਡਲ ਜਿੱਤਿਆ, 355 ਕਿਲੋ ਭਾਰ ਚੁੱਕਿਆ, ਸਨੈਚ ’ਚ 163 ਕਿਲੋ ਤੇ ਕਲੀਨ ਜਰਕ ’ਚ 192 ਕਿਲੋ ਭਾਰ ਚੁਕਿਆ। ਲਵਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਇਸ ਸਭ ਦੇ ਪਿੱਛੇ ਉਨ੍ਹਾਂ ਦੇ ਪਿੰਡ ਦੇ ਹੀਰਾ ਸਿੰਘ ਕੋਚ ਦੀ ਮਿਹਨਤ ਵੀ ਬਹੁਤ ਵੱਡੀ ਹੈ। ਇਸ ਮੌਕੇ ਜੁਗਰਾਜ ਸਿੰਘ ਸਿੱਧੂ, ਸਰਪੰਚ ਗੁਰਵੇਲ ਸਿੰਘ, ਸਰਪੰਚ ਹਰਵਿੰਦਰ ਸਿੰਘ, ਐੱਸ. ਐੱਚ. ਓ. ਏਅਰਪੋਰਟ ਸਪਿੰਦਰ ਕੌਰ ਤੇ ਪਿੰਡ ਵਾਸੀ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ: ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ