2 ਦਰਜਨ ਤੋਂ ਵੱਧ ਨਾਜਾਇਜ਼ ਕਬਜ਼ੇ ਕੀਤੇ ਮਲੀਆਮੇਟ
Thursday, Mar 15, 2018 - 07:57 AM (IST)

ਪਟਿਆਲਾ (ਬਲਜਿੰਦਰ, ਜੋਸਨ) - ਨਗਰ ਨਿਗਮ ਦੀ ਟੀਮ ਨੇ ਅੱਜ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪਟਿਆਲਾ ਪਿੱਛੇ ਅਫਸਰ ਕਾਲੋਨੀ ਚੌਕੀ ਤੋਂ ਲੈ ਕੇ ਸੂਲਰ ਪੁਲੀ (ਜੈਕਬ ਡਰੇਨ) ਤੱਕ ਕੀਤੇ ਗਏ ਸਮੁੱਚੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਿਰਫ ਅੱਧੇ ਘੰਟੇ ਵਿਚ ਦੋ ਦਰਜਨ ਤੋਂ ਜ਼ਿਆਦਾ ਨਾਜਾਇਜ਼ ਕਬਜ਼ੇ ਮਲੀਆਮੇਟ ਕਰ ਦਿੱਤੇ ਗਏ। ਸੁਪਰਡੈਂਟ ਰਵਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਅਜਾਇਬ ਸਿੰਘ, ਗੁਲਾਟੀ, ਨਰੇਸ਼ ਬੌਬੀ, ਬਿਲਡਿੰਗ ਇੰਸਪੈਕਟਰ ਰਮਨ ਅਤੇ ਅਫਸਰ ਕਾਲੋਨੀ ਚੌਕੀ ਦੇ ਇੰਚਾਰਜ ਏ. ਐੱਸ. ਆਈ ਗੁਰਪਿੰਦਰ ਸਿੰਘ ਸ਼ਾਮਲ ਸਨ। ਟੀਮ ਨੇ ਜਿਉਂ ਹੀ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਸਥਾਨਕ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਗਿਆ। ਮੌਕੇ 'ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਨਾਂ ਲੈ ਕੇ ਕਾਰਵਾਈ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਨਿਗਮ ਟੀਮ ਨੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਾ ਮੰਨ ਕੇ ਕਾਰਵਾਈ ਅੱਗੇ ਜਾਰੀ ਰੱਖੀ। ਜਿਹੜੀਆਂ ਉਸਾਰੀਆਂ ਹਟਾਈਆਂ ਗਈਆਂ, ਉਨ੍ਹਾਂ ਵਿਚ ਆਰਜ਼ੀ ਤੌਰ 'ਤੇ ਬਣੇ ਹੋਏ ਖੋਖੇ ਸਨ। ਨਿਗਮ ਟੀਮ ਨੇ ਜ਼ਿਆਦਾਤਰ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਟੋਰ ਵਿਚ ਪਹੁੰਚਾ ਦਿੱਤਾ। ਇਥੇ ਦੱਸਣਯੋਗ ਹੈ ਕਿ ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਖਹਿਰਾ ਵੱਲੋਂ ਸ਼ਹਿਰ ਦੀਆਂ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਅੱਜ ਨਿਊ ਅਫਸਰ ਕਾਲੋਨੀ ਪਟਿਆਲਾ ਤੋਂ ਲੈ ਕੇ ਸੂਲਰ ਪੁਲੀ ਤੱਕ ਨਾਜਾਇਜ਼ ਕਬਜ਼ੇ ਹਟਾਏ ਗਏ।
ਕਬਜ਼ਾਧਾਰੀਆਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਇਸ ਮੌਕੇ ਕਬਜ਼ਾਧਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ, ਲੋਕਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਇਥੇ ਬੈਠੇ ਹੋਏ ਸਨ ਤੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੋਰ ਥਾਂ ਮੁਹੱਈਆ ਕਰਾਉਣੀ ਚਾਹੀਦੀ ਸੀ ਤੇ ਸਾਡਾ ਰੋਜ਼ਗਾਰ ਨਹੀਂ ਸੀ ਖੋਹਣਾ ਚਾਹੀਦਾ।