ਮੀਂਹ ਦੇ ਪਾਣੀ ਦੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਨੂੰ ਜ਼ਬਰਦਸਤ ਮਾਰ
Saturday, Aug 12, 2017 - 03:12 PM (IST)
ਸ੍ਰੀ ਕੀਰਤਪੁਰ ਸਾਹਿਬ(ਬਾਲੀ)— ਕੌਮੀ ਮਾਰਗ ਨੰਬਰ 21(205) ਸ੍ਰੀ ਕੀਰਤਪੁਰ ਸਾਹਿਬ- ਮਨਾਲੀ (ਹਿ.ਪ੍ਰ.) 'ਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ 'ਤੇ ਬਣੇ ਪੁਲ ਅਤੇ ਸੜਕ ਦੀ ਇਸ ਸਮੇਂ ਬਹੁਤ ਹੀ ਖਸਤਾ ਹਾਲਤ ਹੈ। ਇਸ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਦਿੱਕਤ ਪੇਸ਼ ਆ ਰਹੀ ਹੈ। ਇਹ ਪੁਲ ਦੋ ਵਿਸ਼ਵ ਪ੍ਰਸਿੱਧ ਸਥਾਨਾਂ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਨੂੰ ਜੋੜਦਾ ਹੈ।
ਜਾਣਕਾਰੀ ਅਨੁਸਾਰ ਕਈ ਸਾਲਾਂ ਤੋਂ ਪਿੰਡ ਕਲਿਆਣਪੁਰ ਵਿਚ ਪੈਂਦੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ 'ਤੇ ਬਣਿਆ ਪੁਲ ਬਹੁਤ ਖਸਤਾ ਹਾਲਤ ਵਿਚ ਹੈ। ਪੁਲ ਦੀਆਂ ਦੋਵੇਂ ਪਾਸੇ ਲੱਗੀਆਂ ਸੁਪੋਰਟਾਂ ਵੀ ਨਾਮਾਤਰ ਹਨ, ਜਦਕਿ ਪੁਲ ਦੀ ਸਲੈਬ ਵੀ ਖਸਤਾ ਹਾਲਤ ਵਿਚ ਹੈ। ਕਈ ਥਾਵਾਂ ਤੋਂ ਪੁਲ ਦੀ ਉਸਾਰੀ ਵਿਚ ਲਾਇਆ ਸਰੀਆ ਵੀ ਬਾਹਰ ਨਿਕਲ ਆਇਆ ਹੈ। ਇਸ ਦੇ ਨਾਲ ਲੱਗਦੀ ਸੜਕ 'ਤੇ ਵੀ ਟੋਏ ਪੈ ਚੁੱਕੇ ਹਨ। ਪੁਲ ਦੀ ਤਰਸਯੋਗ ਹਾਲਤ ਦਾ ਮੁੱਖ ਕਾਰਨ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਤੇ ਬਾਬਾ ਗੁਰਦਿੱਤਾ ਜੀ ਲਿੰਕ ਸੜਕ 'ਤੇ ਜਮ੍ਹਾ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਠੀਕ ਤਰ੍ਹਾਂ ਨਾ ਹੋਣਾ ਹੈ।
ਪੁਲ 'ਤੇ ਪਾਣੀ ਦੀ ਨਿਕਾਸੀ ਲਈ ਕੋਈ ਡਰੇਨ ਨਹੀਂ ਬਣਾਈ ਗਈ। ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਨੂੰ ਜਾਂਦੇ ਰਸਤੇ 'ਤੇ ਜਿਹੜੀ ਡਰੇਨ ਬਣਾਈ ਗਈ ਹੈ, ਉਸ ਦਾ ਪਾਣੀ ਨਾਲੇ ਵਿਚ ਜਾਣ ਦੀ ਬਜਾਏ ਸੜਕ ਤੋਂ ਹੋ ਕੇ ਸਿੱਧਾ ਪੁਲ 'ਤੇ ਡਿੱਗਦਾ ਹੈ ਤੇ ਖੜ੍ਹਾ ਰਹਿੰਦਾ ਹੈ, ਜੋ ਪੁਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ੋਰਦਾਰ ਮੀਂਹ ਦੌਰਾਨ ਇਸ ਪੁਲ 'ਤੇ ਆਵਾਜਾਈ ਠੱਪ ਹੋ ਜਾਂਦੀ ਹੈ ਕਿਉਂਕਿ ਜਦੋਂ ਇਸ ਪੁਲ 'ਤੇ ਪਾਣੀ ਛਾਲਾਂ ਮਾਰਦਾ ਹੈ ਤਾਂ ਕੋਈ ਵੀ ਵਾਹਨ ਚਾਲਕ ਪੁਲ ਤੋਂ ਲੰਘਣ ਦਾ ਖਤਰਾ ਨਹੀਂ ਉਠਾਉਂਦਾ। ਕਈ ਵਾਰ ਇਥੇ ਦੋਵੇਂ ਪਾਸੇ ਟ੍ਰੈਫਿਕ ਜਾਮ ਵੀ ਲੱੱਗ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁਲ 'ਤੇ ਜਲਦ ਤੋਂ ਜਲਦ ਨਿਕਾਸੀ ਦਾ ਪ੍ਰਬੰਧ ਕਰਕੇ ਮੁਰੰਮਤ ਕਰਵਾਈ ਜਾਵੇ।
ਨਵੇਂ ਸਿਰਿਓਂ ਡਿਜ਼ਾਈਨ ਕਰਕੇ ਹੋਵੇਗੀ ਪੁਲ ਦੀ ਮੁਰੰਮਤ: ਨਰੇਸ਼ ਕੁਮਾਰ
ਇਸ ਬਾਰੇ ਨੇਹਰ ਚੌਕ ਤੱਕ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਇੰਚਾਰਜ ਨਰੇਸ਼ ਕੁਮਾਰ ਨੇ ਮੰਨਿਆ ਕਿ ਮੀਂਹ ਮਗਰੋਂ ਇਸ ਪੁਲ 'ਤੇ ਪਾਣੀ ਖੜ੍ਹਨ ਦੀ ਸਮੱਸਿਆ ਆਉਂਦੀ ਹੈ। ਪਾਣੀ ਦੀ ਨਿਕਾਸੀ ਅਤੇ ਪੁਲ ਦਾ ਨਵੀਨੀਕਰਨ ਕਰਨਾ ਪਹਿਲਾਂ ਹੀ ਵਿਚਾਰ ਅਧੀਨ ਹੈ। ਇਸ ਪੁਲ ਦੀ ਮੁਰੰਮਤ ਕਰਨ ਲਈ ਇਸ ਦਾ ਡਿਜ਼ਾਈਨ ਨਵੇਂ ਸਿਰਿਓਂ ਤਿਆਰ ਕੀਤਾ ਗਿਆ ਹੈ, ਜਿਸ ਨਾਲ ਮੀਂਹ ਦਾ ਪਾਣੀ ਇਸ ਨੂੰ ਨੁਕਸਾਨ ਨਹੀਂ ਪਹੁੰਚਾ ਪਾਵੇਗਾ।
