5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਏ. ਐੱਸ. ਆਈ. ਗ੍ਰਿਫਤਾਰ

Monday, Sep 25, 2023 - 06:25 PM (IST)

5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਏ. ਐੱਸ. ਆਈ. ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਥਾਣਾ ਡੇਹਲੋਂ, ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ. ਐੱਸ.ਆਈ.) ਦਲਜੀਤ ਸਿੰਘ ਨੂੰ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਸਾਬਤ ਹੋਣ ’ਤੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐੱਸ.ਆਈ ਨੂੰ ਚੰਦਨਪ੍ਰੀਤ ਸਿੰਘ ਵਾਸੀ ਦੋਰਾਹਾ ਕਸਬਾ, ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਹੈ, ਜਿਸ ਨੇ ਇਸ ਸਬੰਧੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ।

ਹੋਰ ਜਾਣਕਾਰੀ ਸਾਂਝੀ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨ ਲਾਈਨ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਕਤ ਪੁਲਸ ਮੁਲਾਜ਼ਮ ਨੇ ਥਾਣਾ ਡੇਹਲੋਂ ਵਿਖੇ ਦਰਜ ਇਕ ਪੁਲਸ ਕੇਸ ਵਿਚ ਉਸਦੀ ਹਾਈਕੋਰਟ ਦੇ ਅੰਤਰਿਮ ਹੁਕਮਾਂ ਅਨੁਸਾਰ ਜ਼ਮਾਨਤ ਹੋਣ ’ਤੇ ਤਫ਼ਤੀਸ਼ ਵਿਚ ਸ਼ਾਮਲ ਕਰਾਉਣ ਲਈ ਪਹਿਲਾਂ ਹੀ ਉਸ ਤੋਂ 5,000 ਰੁਪਏ ਰਿਸ਼ਵਤ ਹਾਸਲ ਕਰ ਲਈ ਹੈ ਅਤੇ ਹੁਣ ਉਸਨੂੰ ਧਮਕਾਉਂਦਿਆਂ ਐੱਸ.ਐੱਚ.ਓ ਡੇਹਲੋਂ ਲਈ 25,000 ਰੁਪਏ ਹੋਰ ਰਿਸ਼ਵਤ ਦੇਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੇਕਰ ਉਕਤ ਰਕਮ ਅਦਾ ਨਾ ਕੀਤੀ ਤਾਂ ਉਸਦੀ ਜ਼ਮਾਨਤ ਰੱਦ ਕਰਵਾ ਦਿੱਤੀ ਜਾਵੇਗੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੇ ਪੈਸੇ ਦੀ ਅਦਾਇਗੀ ਸਬੰਧੀ ਏ. ਐੱਸ. ਆਈ. ਨਾਲ ਗੱਲਬਾਤ ਰਿਕਾਰਡ ਕਰ ਲਈ ਸੀ, ਜੋ ਕਿ ਸਬੂਤ ਵਜੋਂ ਉਸਨੇ ਵਿਜੀਲੈਂਸ ਬਿਊਰੋ ਨੂੰ ਸੌਂਪੀ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੇ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਦੋਸ਼ੀ ਪੁਲਸ ਕਰਮਚਾਰੀ ਨੂੰ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਣ ਅਤੇ 25,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਸਬੰਧੀ ਦੋਸ਼ ਸਾਬਤ ਹੋਣ ਉੱਤੇ ਉਸਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਮੁਲਜ਼ਮ ਪੁਲਸ ਕਰਮਚਾਰੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Gurminder Singh

Content Editor

Related News