50 ਹਜ਼ਾਰ ਦੀ ਰਿਸ਼ਵਤ ਲੈਂਦੇ ਥਾਣੇਦਾਰ ਦੀ ਵੀਡੀਓ ਵਾਇਰਲ

Friday, Mar 06, 2020 - 06:08 PM (IST)

50 ਹਜ਼ਾਰ ਦੀ ਰਿਸ਼ਵਤ ਲੈਂਦੇ ਥਾਣੇਦਾਰ ਦੀ ਵੀਡੀਓ ਵਾਇਰਲ

ਭੋਗਪੁਰ (ਸੂਰੀ) : ਥਾਣਾ ਭੋਗਪੁਰ 'ਚ ਤਾਇਨਾਤ ਇਕ ਥਾਣੇਦਾਰ ਖਿਲਾਫ ਦੋ ਵੱਖ-ਵੱਖ ਮਾਮਲਿਆਂ 'ਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਇਕ ਪੀੜਤ ਧਿਰ ਵੱਲੋਂ ਇਸ ਥਾਣੇਦਾਰ ਦੀ ਰਿਸ਼ਵਤ ਲੈਂਦਿਆਂ ਬਣਾਈ ਗਈ ਇਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਆਮ ਲੋਕਾਂ 'ਚ ਪੁਲਸ ਦੀ ਸਾਖ ਨੂੰ ਵੱਡਾ ਧੱਕਾ ਲੱਗਾ ਹੈ। ਪੈਸੇ ਲੈਣ-ਦੇਣ ਦੇ ਮਾਮਲੇ 'ਚ ਜ਼ਬਰਦਸਤੀ ਟਰੱਕ ਚੁੱÎਕਿਆ ਅਤੇ 50 ਹਜ਼ਾਰ ਲੈ ਲਏ।

ਵੀਡੀਓ ਵਾਇਰਲ
ਥਾਣਾ ਭੋਗਪੁਰ ਦੇ ਪਿੰਡ ਸੱਗਰਾਂ ਵਾਲੀ ਦੀ ਇਕ ਔਰਤ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਇਕ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ 'ਚ ਉਸ ਨੇ ਦੱਸਿਆ ਸੀ ਕਿ ਉਸ ਨੇ ਪਿੰਡ ਦੇ ਕਿਸੇ ਆਦਮੀ ਨੂੰ 1 ਲੱਖ ਰੁਪਏ ਉਧਾਰ ਦਿੱਤੇ ਸਨ, ਜੋ ਕਿ ਉਸ ਨੇ ਉਕਤ ਆਦਮੀ ਨੂੰ ਚੈੱਕ ਰਾਹੀਂ ਦਿੱਤੇ ਸਨ। ਜਦੋਂ ਔਰਤ ਨੇ ਉਸ ਆਦਮੀ ਤੋਂ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਉਸ ਆਦਮੀ ਅਤੇ ਥਾਣਾ ਭੋਗਪੁਰ 'ਚ ਤਾਇਨਾਤ ਉਸ ਦੇ ਪਿੰਡ ਦੇ ਇਕ ਮੁਲਾਜ਼ਮ ਨੇ ਆਪਸੀ ਮਿਲੀਭੁਗਤ ਨਾਲ ਸ਼ਿਕਾਇਤਕਰਤਾ ਔਰਤ ਦਾ ਟਰੱਕ ਫੜ ਲਿਆ ਅਤੇ ਟਰੱਕ ਨੂੰ ਭੋਗਪੁਰ ਥਾਣੇ ਦੇ ਕੁਰੇਸ਼ੀਆਂ ਪੁਲਸ ਨਾਕੇ 'ਤੇ ਲੈ ਗਏ। ਥਾਣੇਦਾਰ ਅਤੇ ਉਸ ਦੇ ਸਾਥੀ ਮੁਲਾਜ਼ਮ ਨੇ ਟਰੱਕ ਮਾਲਕ ਔਰਤ ਨੂੰ ਉਸ ਦੇ ਖਿਲਾਫ ਨਸ਼ਾ ਸਮੱਗਲਿੰਗ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੰਦਿਆਂ 50 ਹਜ਼ਾਰ ਰੁਪਏ ਦੀ ਮੰਗ ਕੀਤੀ।

ਪੀੜਤ ਔਰਤ ਨੇ ਇਸ ਸਬੰਧੀ ਇਕ ਮਹਿਲਾ ਵਕੀਲ ਰਾਹੀਂ ਇਸ ਥਾਣੇਦਾਰ ਨੂੰ ਫੋਨ ਕਰਵਾਇਆ, ਜਿਸ ਦੀ ਰਿਕਾਰਡਿੰਗ 'ਚ ਥਾਣੇਦਾਰ ਨੇ ਮੰਨਿਆ ਕਿ ਉਸ ਨੇ ਪੈਸੇ ਲੈਣ-ਦੇਣ ਦੇ ਮਾਮਲੇ 'ਚ ਟਰੱਕ ਕਬਜ਼ੇ 'ਚ ਲਿਆ ਹੈ ਪਰ ਜਦੋਂ ਵਕੀਲ ਵਲੋਂ ਇਸ ਮਾਮਲੇ ਵਿਚ ਦਰਜ ਐੱਫ. ਆਈ. ਆਰ. ਸਬੰਧੀ ਪੁੱਛਿਆ ਤਾਂ ਥਾਣੇਦਾਰ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਔਰਤ 50 ਹਜ਼ਾਰ ਰੁਪਏ ਲੈ ਕੇ ਥਾਣੇ ਅੱਗੇ ਪੁੱਜੀ। ਇਸੇ ਦੌਰਾਨ ਔਰਤ ਨਾਲ ਆਏ ਕਿਸੇ ਪਰਿਵਾਰਕ ਮੈਂਬਰ ਨੇ ਥਾਣੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਤੋਂ ਇਸ ਮਾਮਲੇ ਦੀ ਵੀਡੀਓ ਬਣਾ ਲਈ। ਵੀਡੀਓ 'ਚ ਥਾਣੇ ਦੇ ਬਾਹਰ ਔਰਤ ਦੇ ਪਿੰਡ ਦਾ ਮੁਲਾਜ਼ਮ ਥਾਣੇ ਦੇ ਬਾਹਰ ਔਰਤ ਨੂੰ ਮਿਲਦਾ ਹੈ ਅਤੇ ਥਾਣੇਦਾਰ ਨੂੰ ਥਾਣੇ ਦੇ ਬਾਹਰ ਬੁਲਾ ਲੈਂਦਾ ਹੈ। ਔਰਤ ਥਾਣੇਦਾਰ ਨੂੰ ਪੈਸੇ ਦਿੰਦੀ ਹੈ ਤਾਂ ਥਾਣੇਦਾਰ ਅਤੇ ਨਾਲ ਵਾਲਾ ਕਰਮਚਾਰੀ ਔਰਤ ਨੂੰ ਟਰੱਕ ਦੇ ਕਾਗਜ਼ ਅਤੇ ਟਰੱਕ ਦੀ ਚਾਬੀ ਵਾਪਸ ਕਰਦੇ ਹਨ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਕ ਸੜਕ ਹਾਦਸੇ ਦੇ ਮਾਮਲੇ 'ਚ ਜ਼ਬਰਦਸਤੀ ਪੈਸੇ ਲਏ
ਇਸੇ ਥਾਣੇਦਾਰ ਖਿਲਾਫ ਇਕ ਹੋਰ ਹਲਫੀਆ ਬਿਆਨ ਸਾਹਮਣੇ ਆ ਰਿਹਾ ਹੈ। ਇਸ ਹਲਫੀਆ ਬਿਆਨ ਥਾਣਾ ਭੋਗਪੁਰ ਦੇ ਪਿੰਡ ਬਿਨਪਾਲਕੇ ਦੇ ਇਕ ਆਦਮੀ ਨੇ ਦਿੱਤਾ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਉਸ ਦੇ ਭਤੀਜੇ ਦੇ ਮੋਟਰਸਾਈਕਲ ਵਿਚ ਕਿਸੇ ਹੋਰ ਨੇ ਮੋਟਰਸਾਈਕਲ ਮਾਰਿਆ ਅਤੇ ਉਸ ਨਾਲ ਕੁੱਟ-ਮਾਰ ਕੀਤੀ। ਜ਼ਖਮੀ ਭਤੀਜੇ ਨੂੰ ਉਸ ਨੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਸੱਟਾਂ ਜ਼ਿਆਦਾ ਹੋਣ ਕਾਰਨ ਉਸ ਦਾ ਰਾਜ਼ੀਨਾਮਾ ਕਰਨ ਤੱਕ 70 ਹਜ਼ਾਰ ਦਾ ਖਰਚ ਆ ਚੁੱਕਾ ਸੀ। ਮਾਮਲਾ ਇਸੇ ਥਾਣੇਦਾਰ ਕੋਲ ਸੀ। ਦੂਜੀ ਧਿਰ ਨੇ ਪੀੜਤਾਂ ਨਾਲ ਪੱਚੀ ਹਜ਼ਾਰ ਰੁਪਏ ਵਿਚ ਰਾਜ਼ੀਨਾਮਾ ਕਰ ਲਿਆ। ਦੋਸ਼ੀ ਧਿਰ ਨੇ ਪੀੜਤ ਧਿਰ ਨੂੰ 10 ਹਜ਼ਾਰ ਰੁਪਏ ਦਿੱਤੇ ਅਤੇ ਬਾਕੀ ਪੰਦਰਾਂ ਹਜ਼ਾਰ ਬਾਅਦ ਵਿਚ ਦਿੱਤੇ ਜਾਣੇ ਸਨ। ਥਾਣੇਦਾਰ ਨੇ ਪੀੜਤ ਧਿਰ ਨੂੰ ਮਿਲੇ 10 ਹਜ਼ਾਰ ਵਿਚੋਂ ਜ਼ਬਰਦਸਤੀ ਪੱਚੀ ਸੌ ਰੁਪਏ ਲੈ ਲਏ ਅਤੇ ਬਾਕੀ ਰਕਮ ਵਿਚੋਂ ਵੀ 5 ਹਜ਼ਾਰ ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਲੱਗਾ। ਜਦੋਂ ਪੀੜਤ ਧਿਰ ਨੇ 5 ਹਜ਼ਾਰ ਰੁਪਏ ਦੇਣ ਤੋਂ ਮਨ੍ਹਾ ਕੀਤਾ ਤਾਂ ਥਾਣੇਦਾਰ ਨੇ ਦੋਸ਼ੀ ਧਿਰ ਨੂੰ ਪੈਸੇ ਦੇਣ ਤੋਂ ਰੋਕ ਦਿੱਤਾ। ਥਾਣੇਦਾਰ ਨੇ ਪੀੜਤ ਧਿਰ ਨੂੰ ਵਰਦੀ ਦਾ ਰੋਹਬ ਦਿਖਾਉਂਦਿਆਂ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕੋਈ ਕਾਰਵਾਈ ਕੀਤੀ ਤਾਂ ਉਹ ਉਨ੍ਹਾਂ ਖਿਲਾਫ ਕੋਈ ਮਾਮਲਾ ਦਰਜ ਕਰਵਾ ਦੇਵੇਗਾ।

ਮੇਰੇ 'ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ : ਥਾਣੇਦਾਰ
ਥਾਣੇਦਾਰ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਵਾਇਰਲ ਵੀਡੀਓ ਸਬੰਧੀ ਜਦੋਂ ਉਕਤ ਥਾਣੇਦਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੱਕ ਮਾਲਕਾਂ ਨੇ ਕਿਸੇ ਦੇ ਪੈਸੇ ਦੇਣੇ ਸਨ, ਜੋ ਕਿ ਉਨ੍ਹਾਂ ਮੈਨੂੰ ਦਿੱਤੇ ਅਤੇ ਮੈਂ ਦੂਸਰੀ ਪਾਰਟੀ ਨੂੰ ਦੇ ਦਿੱਤੇ। ਹਾਦਸੇ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਉਹ ਦੂਸਰੀ ਪਾਰਟੀ ਕੋਲੋਂ ਪੈਸੇ ਅਦਾ ਕਰਵਾਉਣ ਲਈ ਕਈ ਵਾਰ ਜਾ ਚੁੱਕੇ ਹਨ ਪਰ ਉਹ ਪੈਸੇ ਪਹਿਲੀ ਧਿਰ ਨੂੰ ਨਹੀਂ ਦੇ ਰਹੇ ਹਨ।

ਮਾਮਲੇ ਦੀ ਜਾਂਚ ਹੋਵੇਗੀ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ : ਐੱਸ. ਐੱਸ. ਪੀ.
ਉਕਤ ਥਾਣੇਦਾਰ ਵਿਰੁੱਧ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਵਾਇਰਲ ਵੀਡੀਓ ਸਬੰਧੀ ਜਦੋਂ ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਘਰਾਂ ਨੂੰ ਦੇਖ ਪਏਗਾ ਕਸ਼ਮੀਰ ਦੀਆਂ ਵਾਦੀਆਂ ਦਾ ਭੁਲੇਖਾ (ਤਸਵੀਰਾਂ)     


author

Anuradha

Content Editor

Related News