50,000 ਦੀ ਰਿਸ਼ਵਤ ਲੈਣ ਦੇ ਦੋਸ਼ ''ਚ ਸੀਨੀਅਰ ਤੇ ਜੂਨੀਅਰ ਸੁਪਰਵਾਈਜ਼ਰ ਰੰਗੇ ਹੱਥੀਂ ਗ੍ਰਿਫ਼ਤਾਰ
Thursday, Jul 01, 2021 - 04:02 PM (IST)

ਲੁਧਿਆਣਾ (ਜ.ਬ.) : ਪੰਜਾਬ ਮੰਡੀ ਬੋਰਡ ’ਚ ਵੱਡੇ ਪੱਧਰ ’ਤੇ ਫ਼ੈਲੇ ਭ੍ਰਿਸ਼ਟਾਚਾਰ ਦਾ ਭਾਂਡਾ ਭੰਨ੍ਹਦੇ ਹੋਏ ਵਿਜੀਲੈਂਸ ਵਿਭਾਗ ਦੀ ਆਰਥਿਕ ਅਪਰਾਧ ਸ਼ਾਖਾ ਨੇ ਬੁੱਧਵਾਰ ਨੂੰ ਲੁਧਿਆਣਾ ਮਾਰਕਿਟ ਕਮੇਟੀ ਦੇ ਸੀਨੀਅਰ ਤੇ ਜੂਨੀਅਰ ਸੁਪਰਵਾਈਜ਼ਰਾਂ ਨੂੰ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਸ ਕਪਤਾਨ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਲਜ਼ਮ ਅਧਿਕਾਰੀ ਕਮਲਦੀਪ ਸਿੰਘ ਨੇ ਦੁੱਗਰੀ ਦੇ ਜੱਸੋਵਾਲ ਕਾਲੋਨੀ ਦੇ ਵਿਜੇ ਕੁਮਾਰ ਤੋਂ ਆੜ੍ਹਤ ਦਾ ਪੱਕਾ ਲਾਈਸੈਂਸ ਬਣਾਉਣ ਲਈ ਰਿਸ਼ਵਤ ਮੰਗੀ ਅਤੇ ਕਮਲਦੀਪ ਦੇ ਕਹਿਣ ’ਤੇ ਉਸ ਦੇ ਜੂਨੀਅਰ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਰਿਸ਼ਵਤ ਦੀ ਰਕਮ ਫੜ੍ਹੀ।
ਉਨ੍ਹਾਂ ਨੇ ਦੱਸਿਆ ਕਿ ਡੀ. ਐੱਸ. ਪੀ. ਕਰਮਵੀਰ ਸਿੰਘ ਦੀ ਟੀਮ ਵੱਲੋਂ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਦੋਵੇਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਦਾਣਾ ਮੰਡੀ ਸਥਿਤ ਮਾਰਕਿਟ ਕਮੇਟੀ ਦਫ਼ਤਰ ਤੋਂ ਦਬੋਚਿਆ। ਉਨ੍ਹਾਂ ਕੋਲੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਗਈ। ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਅਧਿਨਿਯਮ ਹੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਦੇ ਨਿਵਾਸ ਸਥਾਨਾਂ ਵਿਚ ਟੀਮਾਂ ਭੇਜ ਦਿੱਤੀਆਂ ਗਈਆਂ ਹਨ, ਜੋ ਜਾਂਚ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵਿਜੇ ਨੇ ਏਜੰਸੀ ਦਾ ਲਾਈਸੈਂਸ ਲੈਣ ਲਈ 8 ਜੂਨ ਨੂੰ ਆਨਲਾਈਨ ਅਪਲਾਈ ਕੀਤਾ ਸੀ, ਜਿਸ ਦੀਆਂ ਤਰੁੱਟੀਆਂ ਦੂਰ ਕਰ ਕੇ ਲਾਈਸੈਂਸ ਬਣਾਉਣ ਬਦਲੇ ਪਹਿਲਾਂ ਉਸ ਤੋਂ 80,000 ਰੁਪਏ ਦੀ ਮੰਗ ਕੀਤੀ ਗਈ ਪਰ ਬਾਅਦ ਵਿਚ ਸੌਦਾ 50000 ਰੁਪਏ ਵਿਚ ਹੋ ਗਿਆ ਸੀ। ਦੋਵੇਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਕੋਲ ਢੁੱਕਵੇਂ ਸਬੂਤ ਹਨ।