ਰਿਸ਼ਵਤ ਕੇਸ : ਐੱਸ. ਪੀ. ਦੇਸਰਾਜ ਮਾਮਲੇ ਵਿਚ ਆਖਰੀ ਬਹਿਸ ਪੂਰੀ

Tuesday, Jul 31, 2018 - 06:04 AM (IST)

ਚੰਡੀਗਡ਼੍ਹ, (ਸੁਸ਼ੀਲ)- ਰਿਸ਼ਵਤ ਮਾਮਲੇ ’ਚ ਫਸੇ ਐੱਸ. ਪੀ. ਦੇਸਰਾਜ ਦੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਜ਼ਿਲਾ ਅਦਾਲਤ ਵਿਚ ਹੋਈ। ਸੁਣਵਾਈ ਦੌਰਾਨ ਦੋਨਾਂ ਪੱਖਾਂ ਵਿਚਕਾਰ ਆਖਰੀ ਬਹਿਸ ਪੂਰੀ ਹੋ ਗਈ। ਸੀ. ਬੀ. ਆਈ. ਅਦਾਲਤ ਨੇ ਮਾਮਲੇ ਵਿਚ ਫੈਸਲੇ ਲਈ 8 ਅਗਸਤ ਦੀ ਤਰੀਕ ਤੈਅ ਕੀਤੀ ਹੈ। ਬਚਾਅ ਧਿਰ ਦੇ ਵਕੀਲ ਨੇ ਬਹਿਸ ਦੌਰਾਨ ਕਿਹਾ ਕਿ ਟਰੈਪ ਦੌਰਾਨ ਐੱਸ. ਪੀ. ਦੇਸਰਾਜ ਦੀ ਵਾਇਸ ਰਿਕਾਰਡਿੰਗ ਨਾਲ ਛੇਡ਼ਛਾਡ਼ ਕਰਕੇ ਪੇਸ਼ ਕੀਤੀ ਗਈ ਸੀ।
 ਸਰਕਾਰੀ ਵਕੀਲ ਕੇ. ਪੀ. ਸਿੰਘ ਨੇ ਦਲੀਲ ਦਿੱਤੀ ਕਿ ਐੱਸ. ਪੀ. ਦੇਸਰਾਜ ਦੇ ਵਾਇਸ ਸੈਂਪਲ ਸੀ. ਐੱਫ. ਐੱਸ. ਐੱਲ. ਨੂੰ ਭੇਜੇ ਸਨ, ਜਿਸ ਦੀ ਰਿਪੋਰਟ ਵਿਚ ਅਾਵਾਜ਼ ਐੱਸ. ਪੀ. ਦੇਸਰਾਜ ਦੀ ਮਿਲੀ ਸੀ। ਬਚਾਅ ਧਿਰ ਨੇ ਕਿਹਾ ਕਿ ਐੱਸ. ਪੀ. ’ਤੇ ਰਿਸ਼ਵਤ ਦੀ ਰਕਮ ਨੂੰ ਪਲਾਂਟ ਕੀਤਾ ਗਿਆ ਸੀ। ਸੀ. ਬੀ. ਆਈ. ਵਕੀਲ ਨੇ ਕਿਹਾ ਕਿ ਐੱਸ. ਪੀ. ਦੇ ਹੱਥਾਂ ਵਿਚ ਰਿਸ਼ਵਤ ਦੇ ਨੋਟਾਂ ’ਤੇ ਲੱਗਾ ਰੰਗ ਕਿਵੇਂ ਲੱਗਾ। ਬਚਾਅ ਧਿਰ ਨੇ ਵਾਇਸ ਸੈਂਪਲ ਮੈਮੋਰੀ ਕਾਰਡ ਵਿਚ ਲਏ ਜਾਣ ’ਤੇ ਸਵਾਲ ਚੁੱਕੇ। ਸੀ. ਬੀ. ਆਈ. ਵਕੀਲ ਨੇ ਕਿਹਾ ਕਿ ਮਾਮਲੇ ਵਿਚ ਇੰਡੀਪੈਂਡੈਂਟ ਗਵਾਹ ਪੀ. ਸੀ. ਐੱਸ. ਕਰਨੈਲ ਸਿੰਘ ਦੀ ਹਾਜ਼ਰੀ ਵਿਚ ਇਹ ਸੈਂਪਲ ਲਈ ਗਏ ਸਨ, ਕਾਰਡ ’ਤੇ ਉਨ੍ਹਾਂ ਦੇ ਹਸਤਾਖਰ ਵੀ ਸਨ। ਇਸ ਦੀ ਪੁਸ਼ਟੀ ਉਹ ਪਹਿਲਾਂ ਹੀ ਟ੍ਰਾਇਲ ਦੌਰਾਨ ਕਰ ਚੁੱਕੇ ਹਨ। ਉਥੇ ਹੀ ਬਚਾਅ ਧਿਰ ਨੇ ਦਲੀਲ ਦਿੱਤੀ ਕਿ ਟਰੈਪ ਦੌਰਾਨ ਐੱਸ. ਪੀ. ਜਿਸ ਇਨਕੁਆਰੀ ਦੀ ਗੱਲ ਕਰ ਰਹੇ ਸਨ, ਉਹ ਇਕ ਕਾਂਸਟੇਬਲ ਰਮੇਸ਼ ਦੀ ਸੀ। ਇਸ ’ਤੇ ਸੀ. ਬੀ. ਆਈ. ਨੇ ਜਵਾਬ ਦਿੱਤਾ ਕਿ ਜਿਸ ਕਾਂਸਟੇਬਲ ਦੀ ਇਨਕੁਆਰੀ ਦੀ ਗੱਲ ਐੱਸ. ਪੀ. ਕਰ ਰਹੇ ਹੈ ਉਸ ਦੀ ਜਾਂਚ ਉਸ ਕੋਲ ਸੀ ਹੀ ਨਹੀਂ। ਸੀ. ਬੀ. ਆਈ. ਅਦਾਲਤ ਨੇ ਮਾਮਲੇ ਦੀ ਦਲੀਲ ਸੁਣਨ ਤੋਂ ਬਾਅਦ ਅਗਲੀ ਸੁਣਵਾਈ 8 ਅਗਸਤ ਦੀ ਤੈਅ ਕੀਤੀ ਹੈ।
ਇਹ ਸੀ ਮਾਮਲਾ
ਸੀ. ਬੀ. ਆਈ. ਨੇ 18 ਅਕਤੂਬਰ, 2012 ਨੂੰ ਐੱਸ. ਪੀ. ਦੇਸਰਾਜ ਨੂੰ ਸੈਕਟਰ-23 ਸਥਿਤ ਸਰਕਾਰੀ ਮਕਾਨ ਤੋਂ ਇਕ ਲੱਖ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਐੱਸ. ਪੀ. ਨੂੰ ਰਿਸ਼ਵਤ ਸੈਕਟਰ-26 ਪੁਲਸ ਥਾਣੇ ਦੇ ਇੰਸਪੈਕਟਰ ਅਨੋਖ ਸਿੰਘ ਨੇ ਦਿੱਤੀ ਸੀ। ਦੋਸ਼ ਮੁਤਾਬਕ ਅਨੋਖ ਸਿੰਘ ਖਿਲਾਫ ਵਿਭਾਗੀ ਜਾਂਚ ਚੱਲ ਰਹੀ ਸੀ। ਐੱਸ. ਪੀ. ਦੇਸਰਾਜ ’ਤੇ ਦੋਸ਼ ਸਨ ਕਿ ਉਨ੍ਹਾਂ ਨੇ ਇਸ ਜਾਂਚ ਵਿਚ ਅਨੋਖ ਸਿੰਘ ਦੇ ਹਿੱਤ ਵਿਚ ਰਿਪੋਰਟ ਤਿਆਰ ਕਰਨ ਲਈ 5 ਲੱਖ ਰੁਪਏ ਰਿਸ਼ਵਤ ਮੰਗੀ। ਬਾਅਦ ਵਿਚ 2 ਲੱਖ ਰੁਪਏ ਵਿਚ ਸੌਦਾ ਹੋਇਆ। ਪਹਿਲੀ ਕਿਸ਼ਤ ਦੇ ਰੂਪ ਵਿਚ 1 ਲੱਖ ਰੁਪਏ ਲੈ ਕੇ ਅਨੋਖ ਸਿੰਘ ਦੇਸਰਾਜ ਦੇ ਘਰ ਪੁੱਜੇ। ਉਥੇ ਸੀ. ਬੀ. ਆਈ. ਨੇ ਟਰੈਪ ਲਾਇਆ ਹੋਇਆ ਸੀ ਤੇ ਫਿਰ ਦੇਸਰਾਜ ਨੂੰ ਗ੍ਰਿਫਤਾਰ ਕਰ ਲਿਆ ਸੀ।


Related News