ਰਿਸ਼ਵਤ ਦੇ ਦੋਸ਼ ''ਚ ਵਸੀਕਾ ਨਵੀਸ ਕਾਬੂ

06/29/2017 6:55:35 AM

ਬਰੇਟਾ  (ਸਿੰਗਲਾ) - ਸਥਾਨਕ ਸਬ-ਤਹਿਸੀਲ ਵਿਖੇ ਅੱਜ ਬਾਅਦ ਦੁਪਹਿਰ ਵਿਜੀਲੈਂਸ ਵਿਭਾਗ ਮਾਨਸਾ ਦੇ ਡੀ. ਐੱਸ. ਪੀ. ਮਨਜੀਤ ਸਿੰਘ ਨੇ ਆਪਣੀ ਟੀਮ ਸਣੇ ਛਾਪੇਮਾਰੀ ਕਰ ਕੇ ਨਾਇਬ ਤਹਿਸੀਲਦਾਰ ਲਈ ਰਿਸ਼ਵਤ ਵਸੂਲਦੇ ਹੋਏ ਵਸੀਕਾ ਨਵੀਸ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਚੌਕਸੀ ਵਿਭਾਗ ਦੀ ਟੀਮ ਵੱਲੋਂ ਉਪਰੋਕਤ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਇਲਾਕੇ ਦੇ ਲੋਕਾਂ ਨੇ ਚੌਕਸੀ ਵਿਭਾਗ ਦੀ ਟੀਮ ਦਾ ਘਿਰਾਓ ਵੀ ਕੀਤਾ ਅਤੇ ਚੌਕਸੀ ਵਿਭਾਗ ਵੱਲੋਂ ਨਾਇਬ ਤਹਿਸੀਲਦਾਰ ਖਿਲਾਫ ਕਾਰਵਾਈ ਕਰਨ ਦੀ ਬਜਾਏ ਵਸੀਕਾ ਨਵੀਸ (ਵਕੀਲ) ਖਿਲਾਫ ਕਾਰਵਾਈ ਕਰਨ ਦਾ ਵਿਰੋਧ ਕੀਤਾ।
ਇਸ ਸਬੰਧੀ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਚੌਕਸੀ ਵਿਭਾਗ ਮਾਨਸਾ ਦੇ ਡੀ. ਐੱਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਨਿਵਾਸੀ ਬਖਸ਼ੀਵਾਲਾ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੀ 13 ਕਨਾਲ 8 ਮਰਲੇ ਜ਼ਮੀਨ ਦੀ ਰਜਿਸਟਰੀ ਤਸਦੀਕ ਕਰਵਾਉਣੀ ਸੀ ਪਰ ਹਲਕਾ ਪਟਵਾਰੀ ਦੀ ਪੋਸਟ ਖਾਲੀ ਹੋਣ ਕਾਰਨ ਉਸ ਦੀ ਜ਼ਮੀਨ ਦੇ ਫੱਕ (ਕਰਜ਼ਾ ਚੁਕਤਾ) ਦੀ ਐਂਟਰੀ ਨਹੀਂ ਹੋਈ ਸੀ, ਜਿਸ ਨੂੰ ਲੈ ਕੇ ਗੁਰਤੇਜ ਸਿੰਘ ਦੀ ਵਸੀਕਾ ਨਵੀਸ ਸੁਰੇਸ਼ ਕੁਮਾਰ ਰਾਹੀਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ 10 ਹਜ਼ਾਰ ਰੁਪਏ ਮੰਗਣ ਤੋਂ ਬਾਅਦ 7 ਹਜ਼ਾਰ ਰੁਪਏ 'ਚ ਸੌਦਾ ਤੈਅ ਹੋ ਗਿਆ ਅਤੇ ਅੱਜ ਮਿਥੇ ਸਮੇਂ 'ਤੇ ਜਦੋਂ ਗੁਰਤੇਜ ਸਿੰਘ ਨੇ ਵਸੀਕਾ ਨਵੀਸ ਨੂੰ ਰਜਿਸਟਰੀ ਬਦਲੇ 7 ਹਜ਼ਾਰ ਰੁਪਏ ਦਿੱਤੇ ਅਤੇ ਵਸੀਕਾ ਨਵੀਸ ਇਹ ਰਿਸ਼ਵਤ ਦੇ ਪੈਸੇ ਦੇਣ ਲਈ ਨਾਇਬ ਤਹਿਸੀਲਦਾਰ ਦੀ ਕਾਰ 'ਚ ਬੈਠਾ ਤਾਂ ਉਨ੍ਹਾਂ ਨੇ ਕਾਰ 'ਚੋਂ ਵਸੀਕਾ ਨਵੀਸ ਨੂੰ ਰਿਸ਼ਵਤ ਦੀ ਰਕਮ ਸਣੇ ਸਰਕਾਰੀ ਗਵਾਹਾਂ ਡਾ. ਇਸ਼ਾਨ ਗਰਗ ਸਿਵਲ ਹਸਪਤਾਲ ਮਾਨਸਾ ਅਤੇ ਭੂਮੀ ਰੱਖਿਆ ਵਿਭਾਗ ਦੇ ਸਟੈਨੋ ਹਰਿੰਦਰਜੀਤ ਸ਼ਰਮਾ ਦੀ ਹਾਜ਼ਰੀ 'ਚ ਰੰਗੇ ਹੱਥੀਂ ਕਾਬੂ ਕਰ ਲਿਆ। ਜਦੋਂ ਚੌਕਸੀ ਵਿਭਾਗ ਦੀ ਟੀਮ ਵਸੀਕਾ ਨਵੀਸ ਨੂੰ ਲਿਜਾ ਰਹੀ ਸੀ ਤਾਂ ਉਥੇ ਮੌਜੂਦ ਲੋਕਾਂ ਵੱਲੋਂ ਵਿਰੋਧ 'ਚ ਵਿਭਾਗ ਦੀ ਟੀਮ ਦਾ ਘਿਰਾਓ ਕੀਤਾ ਗਿਆ ਪਰ ਬਾਅਦ 'ਚ ਡੀ.ਐੱਸ.ਪੀ. ਵੱਲੋਂ ਇਸ ਮਾਮਲੇ 'ਚ ਨਾਇਬ ਤਹਿਸੀਲਦਾਰ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਘਿਰਾਓ ਖਤਮ ਕਰ ਦਿੱਤਾ ਗਿਆ। ਇਸ ਮਾਮਲੇ ਦੀ ਤਫਤੀਸ਼ ਇੰਸਪੈਕਟਰ ਸੱਤਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਇਸ ਸਮੇਂ ਨਵੀਸ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਇਸ ਮਾਮਲੇ 'ਚ ਬਿਲਕੁਲ ਨਿਰਦੋਸ਼ ਹਾਂ। ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।


Related News