ਪਟਵਾਰੀ ਵੱਲੋਂ ਰੱਖਿਆ ਪ੍ਰਾਈਵੇਟ ਵਿਅਕਤੀ ਰਿਸ਼ਵਤ ਲੈਂਦਾ ਗ੍ਰਿਫਤਾਰ
Saturday, Jul 28, 2018 - 01:03 AM (IST)
ਪਟਿਆਲਾ(ਬਲਜਿੰਦਰ, ਭੁਪਿੰਦਰ)-ਵਿਜੀਲੈਂਸ ਬਿਊਰੋ ਪਟਿਆਲਾ ਦੀ ਪੁਲਸ ਨੇ ਐੈੱਸ. ਐੈੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਮਾਲ ਹਲਕਾ ਮਾਹਡ਼ੂ ਤਹਿਸੀਲ ਦੁੂਧਨਸਾਧਾਂ ਦੇ ਪਟਵਾਰੀ ਤੇਜਿੰਦਰ ਸਿੰਘ ਵੱਲੋਂ ਰੱਖੇ ਗਏ ਪ੍ਰਾਈਵੇਟ ਵਿਅਕਤੀ ਜੈ ਸਿੰਘ ਨੂੰ 9 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿਚ ਵਿਜੀਲੈਂਸ ਨੇ ਜੈ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚਿਡ਼ਵੀ ਤਹਿਸੀਲ ਦੂਧਨਸਾਧਾਂ ਦੇ ਨਾਲ-ਨਾਲ ਤੇਜਿੰਦਰ ਸਿੰਘ ਪਟਵਾਰੀ ਮਾਲ ਹਲਕਾ ਮਾਹਡ਼ੂ ਤਹਿਸੀਲ ਦੂਧਨਸਾਧਾਂ ਜ਼ਿਲਾ ਪਟਿਆਲਾ ਖਿਲਾਫ 7, 8 ਪੀ. ਸੀ. ਐਕਟਰ/ਵ 13 (2) ਪੀ. ਸੀ. ਐਕਟ 1988 ਅਤੇ 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਕੋਲ ਇਸ ਸਬੰਧੀ ਪ੍ਰਗਟ ਸਿੰਘ ਪੁੁੱਤਰ ਟਹਿਲ ਸਿੰਘ ਵਾਸੀ ਪਿੰਡ ਮਾਹਡ਼ੂ ਤਹਿਸੀਲ ਦੂਧਨਸਾਧਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਖੇਤੀਬਾਡ਼ੀ ਦਾ ਕੰਮ ਕਰਦਾ ਹੈ। ਉਸ ਨੇ 14 ਕਨਾਲਾਂ ਦੇ ਕਰੀਬ ਜ਼ਮੀਨ ਤਬਾਦਲੇ ਵਿਚ ਆਪਣੇ ਨਾਂ ਕਰਵਾਈ ਸੀ ਜਿਸ ਦਾ ਇੰਤਕਾਲ ਦਰਜ ਕਰਵਾਉਣ ਦੇ ਬਦਲੇ ਪਟਵਾਰੀ ਤੇਜਿੰਦਰ ਸਿੰਘ ਅਤੇ ਉਸ ਦੇ ਚੇਲੇ ਜੈ ਸਿੰਘ ਨੇ 20 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ 19 ਹਜ਼ਾਰ ਵਿਚ ਸੌਦਾ ਤੈਅ ਹੋ ਗਿਆ। ਇਸ ਵਿਚੋਂ 10 ਹਜ਼ਾਰ ਮੌਕੇ ’ਤੇ ਹੀ ਲੈ ਲਏ ਗਏ ਅਤੇ 9 ਹਜ਼ਾਰ ਰੁਪੲੇ ਲੈਂਦੇ ਹੋਏ ਵਿਜੀਲੈਂਸ ਬਿਊਰੋ ਦੀ ਇੰਸਪੈਕਟਰ ਪਰਮਜੀਤ ਕੌਰ ਨੇ ਦੂਧਨਸਾਧਾਂ ਦੇ ਪਟਵਾਰਖਾਨੇ ਤੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਪਟਵਾਰੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਇੰਸਪੈਕਟਰ ਪ੍ਰਿਤਪਾਲ ਸਿੰਘ, ਏ. ਐੈੱਸ. ਆਈ. ਪ੍ਰਿਤਪਾਲ ਸਿੰਘ, ਹੌਲਦਾਰ ਸ਼ਾਮ ਸੁੰਦਰ, ਵਿਜੇ ਸ਼ਾਰਦਾ, ਹਰਮੀਤ ਸਿੰਘ, ਕਾਰਜ ਸਿੰਘ ਤੇ ਮਹਿਲਾ ਸਿਪਾਹੀ ਰੁਪਿੰਦਰ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ।
