ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਵਲ ਸਰਜਨਾਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ, ਦਿੱਤੇ ਇਹ ਨਿਰਦੇਸ਼

09/30/2018 8:27:19 AM

ਚੰਡੀਗਡ਼੍ਹ, (ਸ਼ਰਮਾ)- ਡੇਂਗੂ ਅਤੇ ਚਿਕਨਗੁਨੀਆ ਨੂੰ ਸ਼ੁਰੂਆਤੀ ਪੜਾਅ ’ਤੇ ਹੀ ਕਾਬੂ ਕਰਨ ਅਤੇ ਰੋਕਥਾਮ ਲਈ ਸਬੰਧਤ ਉਪਕਰਨਾਂ ਦੀ ਤੁਰੰਤ ਉਪਲਬਧਤਾ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸ਼ਨੀਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ, ਪੰਜਾਬ ਅਤੇ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ੱਕੀ ਅਤੇ ਪੁਸ਼ਟੀ ਕੀਤੇ ਡੇਂਗੂ ਮਾਮਲਿਆਂ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦੇਣ ਤਾਂ ਜੋ ਬਿਨਾਂ ਕਿਸੇ ਦੇਰੀ ਤੋਂ ਯੋਗ ਉਪਰਾਲੇ ਕੀਤੇ ਜਾ ਸਕਣ।


ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਬ੍ਰਹਮ ਮਹਿੰਦਰਾ ਨੇ ਸ਼ਨੀਵਾਰ ਨੂੰ ਇੱਥੇ ਸਿਵਲ ਸਰਜਨਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਦਾਇਤਾਂ ਆਈ.ਐਮ.ਏ, ਪੰਜਾਬ ਅਤੇ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਹੁਣ ਡੇਂਗੂ ਮਾਮਲਿਆਂ ਦੇ ਸਾਰੇ ਸ਼ੱਕੀ/ ਪੁਸ਼ਟੀ ਕੀਤੇ ਕੇਸਾਂ ਦੀ ਸੂਚਨਾ ਸਮੇਂ ਸਿਰ ਸਿਹਤ ਵਿਭਾਗ ਨੂੰ ਦੇਣਾ ਲਾਜ਼ਮੀ ਹੋ ਗਿਆ ਹੈ ਤਾਂ ਜੋ ਪ੍ਰਭਾਵਿਤ ਖੇਤਰ ਵਿਚ ਡੇਂਗੂ ਦੇ ਫੈਲਾਅ ਅਤੇ ਰੋਕਥਾਮ ਸਬੰਧੀ ਢੁਕਵੇਂ ਉਪਰਾਲੇ ਕੀਤੇ ਜਾ ਸਕਣ। ਸਿਹਤ ਮੰਤਰੀ ਵੱਲੋਂ ਸੂਬੇ ਵਿਚ ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ 11 ਸਬੰਧਤ ਵਿਭਾਗਾਂ ਨੂੰ 1 ਹਫ਼ਤੇ ਅੰਦਰ ਉਨ੍ਹਾਂ ਦੁਆਰਾ ਕੀਤੇ ਮੁੱਢਲੇ ਪ੍ਰਬੰਧਾਂ ਦੀ ਰਿਪੋਰਟ ਸੌਂਪਣ ਲਈ ਆਖਿਆ ਹੈ। ਉਨ੍ਹਾਂ ਸਿਵਲ ਸਰਜਨਾਂ ਨੂੰ ਡੇਂਗੂ ਕੰਟਰੋਲ ਪ੍ਰੋਗਰਾਮ ਸਬੰਧੀ ਸਾਰੀਅਾਂ ਗਤੀਵਿਧੀਆਂ ਵਿਚ ਨਿੱਜੀ ਤੌਰ ’ਤੇ ਸ਼ਾਮਲ ਹੋਣ ਅਤੇ 11 ਵਿਭਾਗਾਂ ਦੇ ਨੋਡਲ ਅਫ਼ਸਰਾਂ, ਜੋ ਜ਼ਿਲਾ ਪੱਧਰੀ ਕਮੇਟੀਆਂ ਦੇ ਸਰਗਰਮ ਮੈਂਬਰ ਹਨ, ਨਾਲ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ।

 
ਟੀ.ਬੀ. ਕੰਟਰੋਲ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ  ਸੂਬਾ ਸਰਕਾਰ ਨੇ 2022 ਤੱਕ ਟੀ.ਬੀ. ਨੂੰ ਜਡ਼੍ਹੋਂ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ, ਇਸ ਲਈ ਹਰੇਕ ਟੀ.ਬੀ. ਮਰੀਜ਼ ਨੂੰ ‘ਨਿਕਸ਼ੇਯ ਪ੍ਰੋਗਰਾਮ’ ਅਧੀਨ ਨੋਟੀਫਾਈ ਕੀਤਾ ਜਾਵੇ ਅਤੇ ਹਰੇਕ ਪੱਧਰ ’ਤੇ ਸਾਰੇ ਮਰੀਜ਼ਾਂ ਨੂੰ ਢੁਕਵਾਂ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਜ਼ਿਲਾ ਹਸਪਤਾਲ ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿਖੇ 2 ਟਰੌਮਾ ਕੇਂਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦੋਂ ਕਿ ਜੀ.ਐਮ.ਸੀ. ਪਟਿਆਲਾ, ਜੀ.ਜੀ.ਐਸ.ਜੀ.ਐਮ.ਸੀ. ਫਰੀਦਕੋਟ, ਜੀ.ਐਮ.ਸੀ. ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਰੋਪਡ਼, ਸੰਗਰੂਰ, ਮੁਕਤਸਰ ਸਾਹਿਬ, ਦਸੂਹਾ, ਮਾਨਸਾ, ਤਰਨ-ਤਾਰਨ, ਮੋਗਾ, ਐੱਸ.ਬੀ.ਐੱਸ. ਨਗਰ ਅਤੇ ਪਾਤਡ਼ਾਂ ਵਿਖੇ 14 ਟਰੌਮਾ ਕੇਂਦਰਾਂ ਦੀ ਸਥਾਪਨਾ ਲਈ ਪ੍ਰਸਤਾਵ ਮਨਜ਼ੂਰੀ ਲਈ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ।


ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਬਾਕੀ ਬਚੇ 12 ਜ਼ਿਲਿਅਾਂ ਵਿਚ ਵੀ 1 ਅਕਤੂਬਰ, 2018 ਤੋਂ ਤੰਬਾਕੂ ਰੋਕਥਾਮ ਕੇਂਦਰ ਖੋਲ੍ਹੇ ਜਾਣਗੇ ਜਿਨ੍ਹਾਂ ਵਿਚ ਤੰਬਾਕੂ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਤੰਬਾਕੂ ਛੁਡਾਉਣ ਲਈ ਮੁਫ਼ਤ ਸੇਵਾਵਾਂ ਜਿਵੇਂ ਕਾਊਂਸਲਿੰਗ, ਦਵਾਈਆਂ, ਨਿਕੋਟੀਨ ਗਮ ਅਤੇ ਹੋਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਬ੍ਰਹਮ ਮਹਿੰਦਰਾ ਨੇ ਅਲਟਰਾਸਾਊਂਡ ਅਤੇ ਸਕੈਨਿੰਗ ਕੇਂਦਰਾਂ ਦੀ ਜਾਂਚ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਸਿਵਲ ਸਰਜਨਾਂ ਨੂੰ ਸਖ਼ਤ ਨਿਰਦੇਸ਼ ਦਿੱਤੇ।  ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ, ਵਧੀਕ ਸਕੱਤਰ ਸਿਹਤ ਬੀ. ਸ੍ਰੀਨਿਵਾਸਨ, ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਅਮਿਤ ਕੁਮਾਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਸ਼ਾਮਲ ਸਨ।


Related News