ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੱਧ ਪ੍ਰਦੇਸ਼ ਦੀ ਨਾਗਦਾ ਜਲ ਸਪਲਾਈ ਸਕੀਮ ਦਾ ਦੌਰਾ

Friday, Jan 06, 2023 - 04:20 PM (IST)

ਚੰਡੀਗੜ੍ਹ : ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਰਿਆਈ ਪਾਣੀ ‘ਤੇ ਆਧਾਰਿਤ ਬਹੁ ਪਿੰਡਾਂ ਵਾਲੀ ਜਲ ਸਪਲਾਈ ਸਕੀਮ ਨਾਗਦਾ ਦਾ ਵਫ਼ਦ ਸਮੇਤ ਦੌਰਾ ਕੀਤਾ। ਇਸ ਸਕੀਮ ਰਾਹੀਂ 22 ਪਿੰਡਾਂ ਨੂੰ ਜਲ ਸਪਲਾਈ ਕੀਤਾ ਜਾ ਰਿਹਾ ਹੈ। ਇਸ ਦੌਰੇ ਦਾ ਮਕਸਦ ਪੰਜਾਬ ਦੇ ਮੈਗਾ ਪ੍ਰਾਜੈਕਟਾਂ ਦੀ ਵਿੱਤੀ ਅਤੇ ਤਕਨੀਕੀ ਸਥਿਰਤਾ ਸਬੰਧੀ ਗਿਆਨ ਹਾਸਲ ਕਰਨਾ ਸੀ ਤਾਂ ਜੋ ਲੰਬੇ ਸਮੇਂ ਤੱਕ ਪਾਣੀ ਦੀ ਗੁਣਵੱਤਾ ਨਾਲ ਪ੍ਰਭਾਵਿਤ ਪੰਜਾਬ ਦੇ ਪਿੰਡਾਂ ਨੂੰ ਸਾਫ਼ ਤੇ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਇਸ ਦੌਰੇ ਦੌਰਾਨ ਜਿੰਪਾ ਨੂੰ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਦੇ ਨਾਗਦਾ ਵਿਖੇ ਚੰਬਲ ਦਰਿਆ 'ਤੇ ਬੰਨ੍ਹ ਲਗਾ ਕੇ ਪਾਣੀ ਨੂੰ ਇੱਕਠਾ ਕੀਤਾ ਜਾਂਦਾ ਹੈ।

ਇਸ ਤੋਂ ਬਾਅਦ ਵਾਟਰ ਟ੍ਰੀਟਮੈਟ ਪਲਾਂਟ 'ਚ ਇਸ ਦਾ ਸ਼ੁੱਧੀਕਰਨ ਅਤੇ ਕੀਟਾਣੂ ਮੁਕਤ ਕਰਨ ਤੋਂ ਬਾਅਦ ਪਲਾਂਟ ਦੀ ਟੈਂਕੀ ਰਾਹੀਂ 22 ਪਿੰਡਾਂ ਦੀਆਂ ਟੈਂਕੀਆ ਵਿੱਚ ਭੇਜਿਆ ਜਾਂਦਾ ਹੈ। ਸਬੰਧਿਤ ਗ੍ਰਾਮ ਪੰਚਾਇਤਾਂ ਅਤੇ ਜਲ ਤੇ ਸੈਨੀਟੇਸ਼ਨ ਕਮੇਟੀਆਂ ਵੱਲੋਂ ਖ਼ਪਤਕਾਰਾਂ ਕੋਲੋਂ 80 ਰੁਪਏ ਪ੍ਰਤੀ ਮਹੀਨਾ ਪ੍ਰਤੀ ਘਰ ਦੇ ਹਿਸਾਬ ਨਾਲ ਮਹੀਨਾਵਾਰ ਬਿੱਲ ਵਸੂਲਿਆ ਜਾਂਦਾ ਹੈ। ਸਾਰੇ 22 ਪਿੰਡਾਂ ਦੇ ਹਰੇਕ ਘਰ ਨੂੰ ਇਸ ਸਕੀਮ ਰਾਹੀਂ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਸ ਪ੍ਰਾਜੈਕਟ ਦੀ ਖ਼ਾਸੀਅਤ ਇਹ ਹੈ ਕਿ ਸਾਰੇ 22 ਪਿੰਡਾਂ ਦੀਆਂ ਕਮੇਟੀਆਂ ਕੋਲ ਪਿਛਲੇ ਇੱਕ ਸਾਲ ਦੌਰਾਨ ਸਾਰੇ ਖ਼ਰਚੇ ਕਰਨ ਤੋਂ ਬਾਅਦ ਲਗਭਗ 8 ਤੋਂ 10 ਹਜ਼ਾਰ ਰੁਪਏ ਬੱਚਤ ਰਕਮ ਪਈ ਹੈ ਅਤੇ ਸਾਰੇ ਪਿੰਡ ਵਿੱਤੀ, ਤਕਨੀਕੀ ਤੇ ਸੰਸਥਾਗਤ ਢਾਂਚੇ ਦੀ ਸਥਿਰਤਾ ਨਾਲ ਚੱਲ ਰਹੇ ਹਨ। ਜਿੰਪਾ ਨੇ ਇਸ ਪ੍ਰਾਜੈਕਟ ਨਾਲੇ ਜੁੜੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਹੋਰ ਲੋਕਾਂ ਤੋਂ ਉਨ੍ਹਾਂ ਦੇ ਤਜੁਰਬੇ ਪੁੱਛੇ।

ਜਿੰਪਾ ਨੂੰ ਦੱਸਿਆ ਗਿਆ ਕਿ ਪਹਿਲਾਂ-ਪਹਿਲਾਂ ਪਾਣੀ ਦੇ ਬਿੱਲ ਇਕੱਠਾ ਕਰਨ ਵਿਚ ਕਾਫੀ ਮੁਸ਼ਕਲ ਆੳਂਦੀ ਸੀ ਪਰ ਮੱਧ ਪ੍ਰਦੇਸ਼ ਦੇ ਜਲ ਨਿਗਮ ਅਤੇ ਕਮੇਟੀਆ ਦੇ ਆਪਸੀ ਸਹਿਯੋਗ ਤੇ ਸੂਚਨਾ, ਸਿੱਖਿਆ ਤੇ ਸੰਚਾਰ ਗਤੀਵਿਧੀਆਂ ਸਦਕਾ ਹੁਣ ਇਹ ਸਮੱਸਿਆ ਖ਼ਤਮ ਹੋ ਗਈ ਹੈ। ਹੁਣ ਸਾਰੇ ਪਿੰਡ ਵਾਸੀ ਸੁਰੱਖਿਅਤ ਤੇ ਸਾਫ਼ ਪਾਣੀ ਦੀ ਅਹਿਮੀਅਤ ਨੂੰ ਸਮਝਦਿਆਂ ਹਰ ਮਹੀਨੇ ਸਮੇਂ ਸਿਰ ਬਿੱਲ ਦਿੰਦੇ ਹਨ। ਜਿੰਪਾ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ‘ਚ ਚੱਲ ਰਹੀਆਂ ਨਹਿਰੀ ਅਤੇ ਦਰਿਆਈ ਪਾਣੀ ‘ਤੇ ਆਧਾਰਿਤ ਉਸਾਰੇ ਜਾ ਰਹੇ ਪ੍ਰਾਜੈਕਟਾਂ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ਵਿਚ ਸ਼ੁਮਾਰ ਹੈ, ਜਿੱਥੇ ਪੰਜਾਬ ਦੇ ਸਾਰੇ ਪੇਂਡੂ ਘਰਾਂ ‘ਚ ਪਾਈਪਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਬਾਅਦ ਵਿਚ ਜਿੰਪਾ ਨੇ ਨਾਗਦਾ ਪ੍ਰਾਜੈਕਟ ਦਾ ਦੌਰਾ ਕਰਨ ਵਾਲੇ ਪੰਜਾਬ ਦੇ ਵਫ਼ਦ ਨੂੰ ਹਦਾਇਤ ਕੀਤੀ ਕਿ ਉਹ ਨਾਗਦਾ ਪ੍ਰਾਜੈਕਟ ਦੀਆਂ ਚੰਗੀਆਂ ਪ੍ਰੈਕਟਿਸਿਜ਼ ਨੂੰ ਪੰਜਾਬ ਵਿੱਚ ਚਲ ਰਹੇ ਨਹਿਰੀ ਪ੍ਰਾਜੈਕਟਾਂ ਵਿਚ ਵੀ ਲਾਗੂ ਕਰਨ। ਇਸ ਮੌਕੇ ਉਜੈਨ ਦੇ ਵਿਧਾਇਕ ਦਲੀਪ ਸਿੰਘ ਗੁੱਜਰ, ਰਜ਼ੇਸ ਦੂਬੇ, ਨਿਗਰਾਨ ਇੰਜੀਨੀਅਰ ਹੁਸ਼ਿਆਰਪੁਰ ਅਤੇ ਜਲ ਨਿਗਮ ਇੰਦੌਰ ਦੇ ਜਨਰਲ ਮੈਨੇਜਰ ਇੰਜੀਨੀਅਰ ਜੇ. ਪੀ. ਗਨੋਟ ਸਮੇਤ ਸਥਾਨਕ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।


Babita

Content Editor

Related News