ਤਿਉਹਾਰ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਹਿਤਪੁਰ ਵਿਖੇ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ
Friday, Nov 05, 2021 - 05:17 PM (IST)
ਮਹਿਤਪੁਰ (ਛਾਬੜਾ, ਰਜਨੀਸ਼)— ਜਲੰਧਰ ਦੇ ਮਹਿਤਪੁਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਜ਼ਮੀਨੀ ਝਗੜਾ ਦੱਸਿਆ ਜਾ ਰਿਹਾ ਹੈ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਲਾਡੀ ਦੇ ਰੂਪ ’ਚ ਹੋਈ ਹੈ, ਜਿਸ ਦਾ ਕਿਸੇ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ।
ਤਿਉਹਾਰ ਵਾਲੇ ਇਲਾਕੇ ’ਚ ਕਤਲ ਵਾਲੀ ਵਾਰਦਾਤ ਹੋਣ ’ਤੇ ਇਲਾਕਾ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ’ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਥਾਣੇ ਅੱਗੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਰੋਡ ’ਤੇ ਲਾਸ਼ ਰੱਖ ਕੇ ਜਾਮ ਲਾ ਕੇ ਧਰਨਾ ਦਿੱਤਾ ਤਾਂ ਜਾ ਕੇ ਪੁਲਸ ਨੇ ਪਰਚਾ ਦਰਜ ਕੀਤਾ।
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਰੋੜਾ, ਜ਼ਿਲ੍ਹਾ ਮੀਤ ਸਕੱਤਰ ਰਜਿੰਦਰ ਹੈਪੀ ਸ਼ਾਹਕੋਟ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਸ਼ਰੇਆਮ ਦਿਨ ਦਿਹਾੜੇ ਖੇਤਾਂ ਵਿਚ ਟਰੈਕਟਰ ਨਾਲ ਜ਼ਮੀਨ ਵਾਹ ਰਹੇ ਨੌਜਵਾਨ ਕੁਲਵਿੰਦਰ ਸਿੰਘ ਲਾਡੀ ਨੂੰ ਉਸ ਦੇ ਰਿਸ਼ਤੇਦਾਰ ਪ੍ਰਿਤਪਾਲ ਸਿੰਘ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਉਸ ਤੋਂ ਵੀ ਮੰਦਭਾਗੀ ਗੱਲ ਹੈ ਕਿ ਪਰਿਵਾਰ ਨੂੰ ਆਪਣੇ ਹੀ ਜਵਾਨ ਪੁੱਤਰ ਦੀ ਲਾਸ਼ ਸੜਕ ’ਤੇ ਰੱਖ ਕੇ ਮੁਲਜ਼ਮ ਖ਼ਿਲਾਫ਼ ਪੁਲਸ ਕੋਲੋਂ ਕਾਰਵਾਈ ਕਰਵਾਉਣ ਲਈ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਜਦੋਂ ਇਲਾਕੇ ਦੀਆਂ ਜਥੇਬੰਦੀਆਂ ਅਤੇ ਲੋਕਾਂ ਨੇ ਉੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਤਾਂ ਜਾ ਕੇ ਪ੍ਰਸ਼ਾਸਨ ਵੱਲੋਂ ਲਗਭਗ 4 ਵਜੇ ਜਲੰਧਰ ਤੋਂ ਆਏ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਨੇ ਮੁਲਜ਼ਮਾਂ ਖ਼ਿਲਾਫ਼ 302, 25, 54, 59, 120 ਬੀ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਵਾਇਆ ਤਾਂ ਜਾ ਕੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ। ਮ੍ਰਿਤਕ ਦਾ ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ। ਐੱਸ. ਪੀ. (ਡੀ.) ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਦੋਸ਼ੀ ਨੇ ਕਿਸੇ ’ਤੇ ਫਾਇਰਿੰਗ ਕੀਤੀ ਸੀ ਪਰ ਉਸ ਦਾ ਥਾਣੇ ਵਿਚ ਅਸਲ-ਰਸੂਲ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਧਰਨਾ ਦੇਣ ਮੌਕੇ ਕਾਮਰੇਡ ਸੰਦੀਪ ਅਰੋੜਾ, ਬਾਬਾ ਪਲਵਿੰਦਰ ਸਿੰਘ, ਸਿਮਰਨ ਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਮੰਡ ਡੈਨੀਅਲ ਮਸੀਹ, ਰਤਨ ਸਿੰਘ, ਇਸਤਰੀ ਮੰਚ ਦੀ ਆਗੂ ਅਨੀਤਾ ਸੰਧੂ ਅਤੇ ਅਰੋੜਾ ਮਹਾ ਸਭਾ ਦੇ ਪ੍ਰਧਾਨ ਹਨੀ ਪਸਰੀਚਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ: ਦੀਵਾਲੀ ਵਾਲੀ ਰਾਤ ਛਾਬੜਾ ਸਵੀਟ ਦੁਕਾਨ ਨੇੜੇ ਸਥਿਤ ਸ਼ੋਅਰੂਮ ’ਚ ਲੱਗੀ ਅੱਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ