ਹੜ੍ਹ ਦੇ ਪਾਣੀ 'ਚ ਰੁੜ੍ਹੇ ਪੋਤੇ ਦੀ ਲਾਸ਼ ਦੇਖ ਗਸ਼ ਖਾ ਡਿੱਗਿਆ ਬਜ਼ੁਰਗ ਜੋੜਾ, ਰੱਬ ਨੇ ਖੋਹ ਲਿਆ ਆਖ਼ਰੀ ਸਹਾਰਾ

Thursday, Jul 13, 2023 - 02:05 PM (IST)

ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਮਾਣੇਵਾਲ ਵਿਖੇ ਬੁੱਢੇ ਦਰਿਆ 'ਚ ਆਏ ਹੜ੍ਹ ਦੇ ਪਾਣੀ 'ਚ ਰੁੜ੍ਹੇ ਨਾਬਾਲਗ ਸੁਖਪ੍ਰੀਤ ਸੋਖੀ (16) ਦੀ ਲਾਸ਼ ਅੱਜ ਕੁਝ ਹੀ ਦੂਰੀ ’ਤੇ ਖੇਤਾਂ 'ਚੋਂ ਮਿਲ ਗਈ। ਇਸ ਤੋਂ ਬਾਅਦ ਉਸਦਾ ਪਾਲਣ-ਪੋਸ਼ਣ ਕਰਨ ਵਾਲੇ ਬਜ਼ੁਰਗ ਦਾਦਾ-ਦਾਦੀ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਾਣਕਾਰੀ ਮੁਤਾਬਕ ਲੰਘੀ 10 ਜੁਲਾਈ ਨੂੰ ਬੁੱਢੇ ਦਰਿਆ ਨੇੜੇ ਓਵਰਫਲੋਅ ਹੋ ਕੇ ਸੜਕ ਤੋਂ ਲੰਘ ਰਹੇ ਪਾਣੀ ’ਚੋਂ ਸੁਖਪ੍ਰੀਤ ਮੋਟਰਸਾਈਕਲ ’ਤੇ ਲੰਘ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਤੇਜ਼ ਪਾਣੀ 'ਚ ਰੁੜ੍ਹ ਗਿਆ। ਬੇਸ਼ੱਕ ਉਸ ਸਮੇਂ ਗੋਤਾਖੋਰਾਂ ਵਲੋਂ ਵੀ ਉਸ ਦੀ ਪਾਣੀ 'ਚਤਲਾਸ਼ ਕੀਤੀ ਗਈ ਪਰ ਕੁੱਝ ਪਤਾ ਨਾ ਲੱਗਿਆ।

ਇਹ ਵੀ ਪੜ੍ਹੋ : ਮਨਾਲੀ ਗਈ PRTC ਦੀ ਬੱਸ ਬਿਆਸ ਦਰਿਆ 'ਚ ਡੁੱਬੀ ਮਿਲੀ, ਚੰਡੀਗੜ੍ਹ ਤੋਂ ਹੋਈ ਸੀ ਰਵਾਨਾ (ਵੀਡੀਓ)

ਅੱਜ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਅੱਜ ਜਦੋਂ ਖੇਤਾਂ 'ਚ ਪਾਣੀ ਦਾ ਪੱਧਰ ਘਟਿਆ ਤਾਂ ਇੱਕ ਵਿਅਕਤੀ ਨੇ ਇਸ ਮੁੰਡੇ ਦੀ ਲਾਸ਼ ਨੂੰ ਦੇਖਿਆ, ਜਿਸ ’ਤੇ ਤੁਰੰਤ ਉਸ ਨੂੰ ਬਾਹਰ ਕੱਢਿਆ ਗਿਆ। ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤੀ। ਮ੍ਰਿਤਕ ਪੋਤੇ ਦੀ ਲਾਸ਼ ਦੇਖ ਕੇ ਉਸ ਦਾ ਦਾਦਾ ਚਰਨ ਦਾਸ ਅਤੇ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਸੀ, ਜੋ ਉਸ ਮਾੜੇ ਵਕਤ ਨੂੰ ਕੋਸ ਰਹੇ ਸਨ, ਜਦੋਂ ਉਨ੍ਹਾਂ ਦਾ ਪੋਤਾ ਤੇਜ਼ ਵਹਾਅ ਵਾਲੇ ਪਾਣੀ 'ਚ ਵੜ੍ਹਿਆ। ਦਾਦਾ ਚਰਨ ਦਾਸ ਨੇ ਦੱਸਿਆ ਕਿ ਉਸ ਦੇ ਪੋਤੇ ਸੁਖਪ੍ਰੀਤ ਸੋਖੀ ਦੇ ਪਿਤਾ ਅਤੇ ਉਸਦੇ ਪੁੱਤਰ ਦੀ 4 ਮਹੀਨੇ ਪਹਿਲਾਂ ਮੌਤ ਹੋਈ ਹੈ ਅਤੇ ਉਹ ਅਜੇ ਇਸ ਗਮ ’ਚੋਂ ਉੱਭਰੇ ਨਹੀਂ ਸਨ ਕਿ ਹੁਣ ਉਨ੍ਹਾਂ ਦਾ ਆਖ਼ਰੀ ਸਹਾਰਾ ਵੀ ਵਿੱਛੜ ਗਿਆ।

ਇਹ ਵੀ ਪੜ੍ਹੋ : Urgent Alert : ਪੰਜਾਬ ਦੇ ਇਸ ਨੈਸ਼ਨਲ ਹਾਈਵੇਅ ਵੱਲ ਨਾ ਜਾਣ ਲੋਕ, ਪ੍ਰਸ਼ਾਸਨ ਨੇ ਕੀਤੀ ਖ਼ਾਸ ਅਪੀਲ

ਚਰਨ ਦਾਸ ਨੇ ਦੱਸਿਆ ਕਿ ਪੋਤਾ ਸੁਖਪ੍ਰੀਤ ਮਾਛੀਵਾੜਾ ਵਿਖੇ ਦੁਕਾਨ ’ਤੇ ਨੌਕਰੀ ਕਰਦਾ ਸੀ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਉਸ ਦੀ ਮੌਤ ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਵੀ ਔਖਾ ਹੋ ਜਾਵੇਗਾ। ਬਜ਼ੁਰਗ ਨੇ ਕਿਹਾ ਕਿ ਉਸ ਨੂੰ ਸਰਕਾਰ ’ਤੇ ਭਰੋਸਾ ਹੈ ਕਿ ਇਸ ਔਖੀ ਘੜੀ 'ਚ ਉਨ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ। ਮ੍ਰਿਤਕ ਮੁੰਡਾ ਸੁਖਪ੍ਰੀਤ ਸੋਖੀ 2 ਭੈਣਾਂ ਦਾ ਇਕਲੌਤਾ ਭਰਾ ਸੀ, ਜਦੋਂ ਕਿ ਇੱਕ ਭੈਣ ਉਸ ਕੋਲ ਅਤੇ ਦੂਜੀ ਮਾਤਾ ਨਾਲ ਰਹਿੰਦੀ ਹੈ, ਜੋ ਕਿ ਪਰਿਵਾਰ ਤੋਂ ਵੱਖਰੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News