ਮੋਗਾ 'ਚ ਵੱਡੀ ਵਾਰਦਾਤ: ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Thursday, Dec 22, 2022 - 06:20 PM (IST)
ਮੋਗਾ/ਧਰਮਕੋਟ (ਗੋਪੀ, ਆਜ਼ਾਦ)- ਮੋਗਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਧਰਮਕੋਟ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ 28 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬੱਸ ਸਟੈਂਡ ਧਰਮਕੋਟ ਵਿਖੇ ਬੀਤੀ ਰਾਤ ਸ਼ਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਸਮੇਤ ਕਰੀਬ 5 ਵਿਅਕਤੀਆਂ ਨੇ ਹਰਪ੍ਰੀਤ ਸਿੰਘ ਪੁੱਤਰ ਸ਼ੁਬੇਗ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਜੁਗਰਾਜ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ।
ਇਸ ਵਾਰਦਾਤ ਵਿਚ ਹਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਅਰਸ਼ਦੀਪ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਾਰਦਾਤ ਨੂੰ ਅੰਜਾਮ ਪੁਰਾਣੀ ਰੰਜਿਸ਼ ਕਾਰਨ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੋਈ ਝਗੜਾ ਚੱਲ ਰਿਹਾ ਸੀ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਦੜੇ ਸੱਟੇ ਦੇ ਪੈਸੇ ਲੈਣ ਦੇ ਮਾਮਲੇ ਨੂੰ ਲੈ ਕੇ ਚੱਲਦੇ ਆ ਰਹੇ ਵਿਵਾਦ ਕਾਰਨ ਸਾਬਕਾ ਕੌਂਸਲਰ ਦੇ ਬੇਟੇ ਨੇ ਆਪਣੇ ਹਥਿਆਰਬੰਦ ਸਾਥੀਆਂ ਸਮੇਤ ਬੱਸ ਸਟੈਂਡ ਨੇੜੇ ਕਬੂਤਰ ਵਿਕਰੇਤਾ ਹਰਪ੍ਰੀਤ ਸਿੰਘ ਹੈਪੀ ਦੀ ਦੁਕਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਗੋਲੀਆਂ ਲੱਗਣ ਨਾਲ ਹਰਪ੍ਰੀਤ ਸਿੰਘ ਹੈਪੀ (30) ਨਿਵਾਸੀ ਧਰਮਕੋਟ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਅਰਸ਼ਦੀਪ ਸਿੰਘ ਆਸ਼ੂ ਨਿਵਾਸੀ ਧਰਮਕੋਟ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ।
ਇਸ ਸਬੰਧ ਵਿਚ ਧਰਮਕੋਟ ਪੁਲਸ ਨੇ ਸਾਬਕਾ ਕੌਂਸਲਰ ਸ਼ਵਿੰਦਰ ਸਿੰਘ ਸ਼ਿਵਾ, ਉਸ ਦੇ ਬੇਟੇ ਰੁਪਿੰਦਰ ਸਿੰਘ ਉਰਫ਼ ਅਕਾਸ਼ਦੀਪ ਸਿੰਘ ਕਾਕਾ, ਕੁਲਬੀਰ ਸਿੰਘ, ਸ਼ੁਭਮ, ਸੰਨੀ ਸਾਰੇ ਨਿਵਾਸੀ ਧਰਮਕੋਟ ਅਤੇ 6 ਅਣਪਛਾਤੇ ਵਿਅਕਤੀਆਂ ਖਿਲਾਫ ਜ਼ਖਮੀ ਅਰਸ਼ਦੀਪ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਰਸ਼ਦੀਪ ਸਿੰਘ ਉਰਫ਼ ਆਸ਼ੂ ਨੇ ਕਿਹਾ ਕਿ ਮੇਰੇ ਦੋਸਤ ਹਰਪ੍ਰੀਤ ਸਿੰਘ ਉਰਫ਼ ਹੈਪੀ, ਜੋ ਧਰਮਕੋਟ ਬੱਸ ਅੱਡੇ ਕੋਲ ਕਬੂਤਰਾਂ ਦਾ ਕਾਰੋਬਾਰ ਕਰਦਾ ਹੈ। ਉਸ ਦਾ ਕਥਿਤ ਦੋਸ਼ੀ ਸਾਬਕਾ ਕੌਂਸਲਰ ਦੇ ਬੇਟੇ ਰੁਪਿੰਦਰ ਸਿੰਘ ਉਰਫ਼ ਅਕਾਸ਼ਦੀਪ ਸਿੰਘ ਉਰਫ਼ ਕਾਕਾ ਦੇ ਨਾਲ 15-16 ਹਜ਼ਾਰ ਰੁਪਏ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਇਨ੍ਹਾਂ ਦਾ ਕਈ ਵਾਰ ਵਿਵਾਦ ਵੀ ਹੋਇਆ। ਬੀਤੀ ਰਾਤ ਜਦ ਮੈਂ ਅਤੇ ਹਰਪ੍ਰੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਸਾਰੇ ਉਸ ਦੀ ਦੁਕਾਨ ’ਤੇ ਬੈਠੇ ਸਨ ਤਾਂ ਇਸ ਦੌਰਾਨ ਕਥਿਤ ਦੋਸ਼ੀ ਉੱਥੇ ਆ ਧਮਕੇ, ਜਿਨ੍ਹਾਂ ਕੋਲ ਅਸਲਾ ਅਤੇ ਤੇਜ਼ਧਾਰ ਹਥਿਆਰ ਸਨ। ਇਸ ਦੌਰਾਨ ਰੁਪਿੰਦਰ ਸਿੰਘ ਉਰਫ ਅਕਾਸ਼ਦੀਪ ਸਿੰਘ ਨੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਨਾਲ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਜਦ ਮੈਂ ਉਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਮੈਨੂੰ ਵੀ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਮੈਂ ਵੀ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : 'ਆਪ' ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਸੁਖਪਾਲ ਖਹਿਰਾ ਨੇ ਰਾਜਪਾਲ ਨੂੰ ਪੱਤਰ ਲਿਖ ਕੀਤੀ ਇਹ ਮੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ