ਪੰਜਾਬ ਦੇ ਇਸ ਥਾਣੇ ਦੀ ਹਵਾਲਾਤ 'ਚੋਂ ਫਰਾਰ ਹੋਇਆ ਨੌਜਵਾਨ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
Sunday, Apr 06, 2025 - 12:29 PM (IST)

ਭੁਲੱਥ (ਰਜਿੰਦਰ)-ਭੁਲੱਥ ਪੁਲਸ ਵੱਲੋਂ ਚੋਰੀ ਦੇ ਮਾਮਲੇ ਵਿਚ ਫੜਿਆ ਨੌਜਵਾਨ ਬੀਤੀ ਰਾਤ ਥਾਣੇ ਦੀ ਹਵਾਲਾਤ ਵਿਚੋਂ ਫਰਾਰ ਹੋ ਗਿਆ। ਇਸ ਮਾਮਲੇ ਵਿਚ ਭੁਲੱਥ ਪੁਲਸ ਨੇ ਡਿਊਟੀ ’ਤੇ ਤਾਇਨਾਤ ਰਾਤ ਦੇ ਮੁਨਸ਼ੀ ਦੇ ਬਿਆਨਾਂ ’ਤੇ ਸੰਤਰੀ ਪਹਿਰੇ ’ਤੇ ਬੈਠੇ ਹੋਮਗਾਰਡ ਦੇ ਜਵਾਨ ਅਤੇ ਫਰਾਰ ਹੋਏ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਭੁਲੱਥ ਸ਼ਹਿਰ ਦੇ ਥਾਣੇ ਨੇੜਲੇ ਚੌਂਕ ਦੇ ਨਜ਼ਦੀਕ ਗਿੱਲ ਇਲੈਕਟ੍ਰੀਕਲ ਸਟੋਰ ਵਿਚ ਬੀਤੀ 30 ਅਤੇ 31 ਮਾਰਚ ਦੀ ਰਾਤ ਨੂੰ ਗੱਲੇ ਵਿਚੋਂ 20/22 ਹਜ਼ਾਰ ਰੁਪਏ ਚੋਰੀ ਹੋ ਗਏ ਸਨ। ਜਿਸ ਸਬੰਧੀ ਦੁਕਾਨ ਮਾਲਕ ਮਨਜਿੰਦਰਪਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਖੱਸਣ ਦੇ ਬਿਆਨਾਂ ’ਤੇ ਥਾਣਾ ਭੁਲੱਥ ਵਿਖੇ ਕੌਸ਼ਲ ਗਿੱਲ ਪੁੱਤਰ ਕਿਸ਼ਨ ਲਾਲ ਵਾਸੀ ਭੁਲੱਥ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਦਰਦਨਾਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਸਦਮੇ 'ਚ ਪਰਿਵਾਰ
ਇਸ ਕੇਸ ਦੀ ਤਫ਼ਤੀਸ਼ ਏ. ਐੱਸ. ਆਈ. ਸੁਖਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਸੀ, ਜਿਸ ਨੇ ਕੌਸ਼ਲ ਗਿੱਲ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਭੁਲੱਥ ਦੀ ਹਵਾਲਾਤ ਵਿਚ ਬੰਦ ਕਰਵਾਇਆ ਸੀ। ਇਸੇ ਦੌਰਾਨ 3 ਅਤੇ 4 ਅਪ੍ਰੈੱਲ ਦੀ ਰਾਤ ਨੂੰ ਤੜਕਸਾਰ 4 ਕੁ ਵਜੇ ਦੇ ਕਰੀਬ ਕੌਸ਼ਲ ਗਿੱਲ ਥਾਣਾ ਭੁਲੱਥ ਦੀ ਹਵਾਲਾਤ ਵਿਚੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਥਾਣਾ ਭੁਲੱਥ ਵਿਖੇ ਦਿੱਤੇ ਬਿਆਨਾਂ ਵਿਚ ਸਿਪਾਹੀ ਵਿਕਾਸ ਨੇ ਦੱਸਿਆ ਕਿ ਉਹ ਸੀ. ਸੀ. ਟੀ. ਐੱਨ. ਐੱਸ. ਆਪ੍ਰੇਟਰ ਅਤੇ ਨਾਈਟ ਮੁਨਸ਼ੀ ਵਜੋਂ ਥਾਣਾ ਭੁਲੱਥ ਵਿਖੇ ਤਾਇਨਾਤ ਹੈ। ਮਿਤੀ 3 ਅਪ੍ਰੈੱਲ ਨੂੰ ਉਹ ਆਪਣੀ ਡਿਊਟੀ ’ਤੇ ਹਾਜ਼ਰ ਸੀ ਤਾਂ ਹੋਮਗਾਰਡ ਦਾ ਕਰਮਚਾਰੀ ਕਸ਼ਮੀਰ ਸਿੰਘ ਜੋ ਸੰਤਰੀ ਡਿਊਟੀ ’ਤੇ ਤਾਇਨਾਤ ਸੀ, ਉਸ ਨੂੰ ਹਵਾਲਾਤ ਵਿਚ ਬੰਦ ਨੌਜਵਾਨ ਕੌਸ਼ਲ ਗਿੱਲ ਦੀ ਨਿਗਰਾਨੀ ਬਾਰੇ ਜਾਣੂੰ ਕਰਵਾਇਆ ਗਿਆ ਸੀ। 4 ਅਪ੍ਰੈੱਲ ਨੂੰ ਤੜਕਸਾਰ 4 ਵਜੇ ਸੰਤਰੀ ਕਸ਼ਮੀਰ ਸਿੰਘ ਨੇ ਮੈਨੂੰ ਦੱਸਿਆ ਕਿ ਹਵਾਲਾਤ ਦਾ ਦਰਵਾਜ਼ਾ ਖੁੱਲ੍ਹਾ ਹੈ ਅਤੇ ਥਾਣੇ ਦਾ ਮੇਨ ਗੇਟ ਵੀ ਖੁੱਲ੍ਹਾ ਹੈ। ਹਵਾਲਾਤ ਵਿਚ ਬੰਦ ਦੋਸ਼ੀ ਕੌਸ਼ਲ ਗਿੱਲ ਹਵਾਲਾਤ ਵਿਚ ਨਹੀਂ ਹੈ, ਜੋ ਹਵਾਲਾਤ ਖੋਲ੍ਹ ਕੇ ਥਾਣੇ ਵਿਚੋਂ ਭੱਜ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ
ਦੂਜੇ ਪਾਸੇ ਨਾਈਟ ਮੁਣਸ਼ੀ, ਸਿਪਾਹੀ ਵਿਕਾਸ ਦੇ ਬਿਆਨਾਂ ’ਤੇ ਹੋਮਗਾਰਡ ਦੇ ਜਵਾਨ ਕਸ਼ਮੀਰ ਸਿੰਘ ਅਤੇ ਫਰਾਰ ਹੋਏ ਨੌਜਵਾਨ ਕੌਸ਼ਲ ਗਿੱਲ ਪੁੱਤਰ ਕਿਸ਼ਨ ਲਾਲ ਵਾਸੀ ਭੁਲੱਥ ਖ਼ਿਲਾਫ਼ ਥਾਣਾ ਭੁਲੱਥ ਵਿਖੇ ਕੇਸ ਦਰਜ ਕੀਤਾ ਗਿਆ। ਇਸ ਸੰਬੰਧੀ ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਥਾਣਾ ਭੁਲੱਥ ਦੀ ਹਵਾਲਾਤ ਵਿਚੋਂ ਫਰਾਰ ਹੋਏ ਨੌਜਵਾਨ ਨੂੰ ਫੜਨ ਲਈ ਪੁਲਸ ਟੀਮਾਂ ਲੱਗੀਆਂ ਹੋਈਆਂ ਹਨ।
ਹਵਾਲਾਤ ਦਾ ਦਰਵਾਜਾ ਕਿਵੇਂ ਖੁੱਲ੍ਹਾ ?
ਥਾਣਾ ਭੁਲੱਥ ਦੀ ਹਵਾਲਾਤ ਵਿਚ ਬੰਦ ਨੌਜਵਾਨ ਦੇ ਫਰਾਰ ਹੋਣ ਦੇ ਮਾਮਲੇ ਵਿਚ ਇਹ ਗੱਲ ਇਕ ਭੇਦ ਬਣੀ ਹੋਈ ਹੈ ਕਿ ਹਵਾਲਾਤ ਵਿਚ ਬੰਦ ਨੌਜਵਾਨ ਹਵਾਲਾਤ ਵਿਚੋਂ ਬਾਹਰ ਕਿਵੇਂ ਆਇਆ ਅਤੇ ਹਵਾਲਾਤ ਦਾ ਦਰਵਾਜ਼ਾ ਕਿਸ ਨੇ ਖੋਲ੍ਹਿਆ। ਭਾਵੇਂ ਇਸ ਮਾਮਲੇ ਵਿਚ ਭੁਲੱਥ ਪੁਲਸ ਵੱਲੋਂ ਸੰਤਰੀ ਪਹਿਰੇ 'ਤੇ ਬੈਠੇ ਹੋਮਗਾਰਡ ਦੇ ਜਵਾਨ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ ਪਰ ਭੁਲੱਥ ਥਾਣੇ ਵਿਚ ਲੱਗੇ ਚੰਗੀ ਕੁਆਲਿਟੀ ਦੇ ਸੀ. ਸੀ. ਟੀ. ਵੀ. ਕੈਮਰੇ ਸਾਰੀ ਸਥਿਤੀ ਨੂੰ ਸਪੱਸ਼ਟ ਕਰ ਸਕਦੇ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ੍ਹ ਦਾ ਚੌਂਕੀ ਇੰਚਾਰਜ ਸਾਥੀ ਸਣੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e