ਮੋਦੀ ਰਾਜ ’ਚ ਜਵਾਨ ਤੇ ਕਿਸਾਨ ਦੋਵੇਂ ਮਰ ਰਹੇ ਹਨ : ਰਾਹੁਲ ਗਾਂਧੀ
Tuesday, Oct 06, 2020 - 02:04 AM (IST)
ਸਮਾਣਾ/ਪਟਿਆਲਾ, (ਅਨੇਜਾ, ਰਾਜੇਸ਼ ਪੰਜੌਲਾ)- ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ‘ਖੇਤੀ ਬਚਾਓ ਯਾਤਰਾ’ ਤਹਿਤ ਇਥੇ ਸਮਾਣਾ ਦੀ ਅਨਾਜ ਮੰਡੀ ’ਚ ਪਹੁੰਚੇ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦਿੱਤਾ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਾਅਰੇ ਨੂੰ ਛਿੱਕੇ ਟੰਗ ਕੇ ‘ਜੈ ਅੰਬਾਨੀ, ਜੈ ਅਡਾਨੀ’ ਦਾ ਨਾਅਰਾ ਦੇ ਦਿੱਤਾ ਹੈ। ਇਸ ਤਰ੍ਹਾਂ ਕਰ ਕੇ ਉਹ ਕਿਸਾਨਾਂ ਦੀਆਂ ਜ਼ਮੀਨਾਂ ਅੰਬਾਨੀ ਤੇ ਅਡਾਨੀ ਨੂੰ ਦੇਣ ਦੇ ਯਤਨ ਕਰ ਰਹੇ ਹਨ। ਮੋਦੀ ਦੇ ਰਾਜ ਵਿਚ ਅੱਜ ਜਵਾਨ ਤੇ ਕਿਸਾਨ ਦੋਵੇਂ ਮਰ ਰਹੇ ਹਨ, ਜਦਕਿ ਅੰਬਾਨੀ ਤੇ ਅਡਾਨੀ ਵਧ-ਫੁੱਲ ਰਹੇ ਹਨ।
ਖੇਤੀ ਸੁਧਾਰ ਬਿੱਲਾਂ ਦੇ ਨਾਮ ’ਤੇ ਪਾਸ ਕੀਤੇ ਗਏ ਤਿੰਨੋਂ ਕਾਨੂੰਨ ਇਸੇ ਕਡ਼ੀ ਦਾ ਹਿੱਸਾ ਹਨ। ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਵਿਸ਼ਾਲ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਮੋਦੀ ਦੇ ਰਾਜ ’ਚ ਦੇਸ਼ ਕਮਜ਼ੋਰ ਹੋਇਆ ਹੈ, ਜਿਸ ਕਰ ਕੇ ਹੀ ਚੀਨ ਸਾਨੂੰ ਅੱਖਾਂ ਦਿਖਾ ਰਿਹਾ ਹੈ ਅਤੇ ਸਮੁੱਚੀਆਂ ਹੱਦਾਂ ਪਾਰ ਕਰ ਰਿਹਾ ਹੈ। ਮੋਦੀ ਦੀ ਕਮਜ਼ੋਰੀ ਕਾਰਣ ਹੀ ਚੀਨ ਸਾਡੇ ਸੈਨਿਕਾਂ ਨੂੰ ਮਾਰਨ ਦੀ ਜੁਅਰਤ ਕਰ ਰਿਹਾ ਹੈ। ਚੀਨ ਨੂੰ ਅਹਿਸਾਸ ਹੋ ਗਿਆ ਹੈ ਕਿ ਮੋਦੀ ਨੇ ਭਾਰਤ ਨੂੰ ਕਮਜ਼ੋਰ ਕਰ ਦਿੱਤਾ ਹੈ, ਜਿਸ ਕਾਰਣ ਉਸ ਨੇ ਸਾਡੇ ਦੇਸ਼ ਦੀ 1200 ਕਿਲੋਮੀਟਰ ਜ਼ਮੀਨ ’ਤੇ ਕੰਟਰੋਲ ਕਰਨ ਲਈ ਇਸ ਸਥਿਤੀ ਦਾ ਫਾਇਦਾ ਚੁੱਕਿਆ ਹੈ। ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਦੇਸ਼ ਦੀ ਜੀ. ਡੀ. ਪੀ. 9 ਫੀਸਦੀ ਹੁੰਦੀ ਸੀ, ਜੋ ਹੁਣ ਮਾਈਨਸ 24 ਫੀਸਦੀ ’ਤੇ ਪਹੁੰਚ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਪੂੰਜੀਪਤੀ ਅਤੇ ਆਪਣੇ ਉਦਯੋਗਪਤੀ ਮਿੱਤਰਾਂ ਦੀ ਮਦਦ ਕਰਨ ਲਈ ਮੁਲਕ ਨੂੰ ਬਰਬਾਦ ਕਰ ਰਿਹਾ ਹੈ, ਜਿਸ ਗੱਲ ਨੂੰ ਚੀਨ ਨੇ ਚੰਗੀ ਤਰ੍ਹਾਂ ਸਮਝ ਲਿਆ ਹੈ। ਮੋਦੀ ਹਿੰਦੁਸਤਾਨ ਨੂੰ ਮੁਡ਼ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਕਾਰਣ ਇਹ ਤਿੰਨ ਕਾਨੂੰਨ ਪਾਸ ਕਰ ਕੇ ਦੇਸ਼ ਦੀ ਕਿਸਾਨੀ, ਮਜ਼ਦੂਰ, ਛੋਟੇ ਵਪਾਰੀ ਸਮੇਤ ਹਰ ਵਰਗ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਨਾਲ ਸਿਰਫ ਕਿਸਾਨੀ ਹੀ ਨਹੀਂ ਸਗੋਂ ਦੇਸ਼ ਦਾ ਸਮੁੱਚਾ ਢਾਂਚਾ ਖਤਮ ਹੋ ਜਾਵੇਗਾ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਆਉਣ ਵਾਲੀਆਂ ਪੀਡ਼੍ਹੀਆਂ ਨੂੰ ਬਚਾਉਣ ਲਈ ਪੰਜਾਬੀ ਜੋਸ਼ ਨਾਲ ਸੰਘਰਸ਼ ਕਰਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਗੁਰੂਆਂ ਦਾ ਆਸ਼ੀਰਵਾਦ ਹਾਸਲ ਹੈ, ਇਸ ਕੌਮ ਨੂੰ ਕੋਈ ਦਬਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਮੋਦੀ ਨੂੰ ਸੱਤਾ ਦੇ ਹੰਕਾਰ ’ਚ ਕਿਸਾਨਾਂ ਤੇ ਗਰੀਬਾਂ ਦੀ ਤਾਕਤ ਦਾ ਅਹਿਸਾਸ ਨਹੀਂ ਹੈ। ਹੁਣ ਕਿਸਾਨ, ਮਜ਼ਦੂਰ, ਦਲਿਤ, ਖੇਤ ਮਜ਼ਦੂਰ, ਵਪਾਰੀ ਸਭ ਇਕਜੁਟ ਹੋ ਗਏ ਹਨ, ਜਿਸ ਕਰ ਕੇ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਸਮਾਂ ਹੁਣ ਲੰਘ ਗਿਆ ਹੈ।
ਰਾਹੁਲ ਗਾਂਧੀ ਨੇ ਕਿਸਾਨਾਂ ਨੂੰ ਸਾਵਧਾਨ ਕੀਤਾ ਕਿ ਕੇਂਦਰ ਦੇ ਨਵੇਂ ਕਾਨੂੰਨ ਐੱਮ. ਐੱਸ. ਪੀ., ਐੱਫ. ਸੀ. ਆਈ. ਸਿਸਟਮ ਅਤੇ ਮੰਡੀਆਂ ਨੂੰ ਖ਼ਤਮ ਕਰ ਦੇਣਗੇ। ਇਸ ਦੇ ਨਤੀਜੇ ਅਗਲੇ 2-3 ਸਾਲਾਂ ’ਚ ਸਾਹਮਣੇ ਆ ਜਾਣਗੇ। ਕਿਸਾਨਾਂ ਤੇ ਮਜ਼ਦੂਰਾਂ ਨੂੰ ਖਤਮ ਕਰਨ ਦੀ ਇਹ ਮੋਦੀ ਦੀ ਆਖਰੀ ਬਾਜ਼ੀ ਹੈ, ਜਿਸ ਨਾਲ ਉਹ ਸਿਰਫ ਆਪਣੇ ਕਾਰਪੋਰੇਟ ਮਿੱਤਰਾਂ ਖ਼ਾਸ ਤੌਰ ’ਤੇ ਅੰਬਾਨੀ ਅਤੇ ਅਡਾਨੀ ਨੂੰ ਪ੍ਰਫੁੱਲਿਤ ਕਰਨ ਦਾ ਉਦੇਸ਼ ਰੱਖਦਾ ਹਨ।