ਗਰਦਨ ''ਤੇ ਛੁਰਾ ਰੱਖ ਕੇ ਕਾਰ ਸਵਾਰ ਦੋਸਤਾਂ ਨਾਲ ਲੁੱਟ-ਖੋਹ ਕਰਨ ਵਾਲੇ ਦੋਵੇਂ ਬਾਦਮਾਸ਼ ਗ੍ਰਿਫਤਾਰ
Wednesday, Aug 09, 2017 - 04:26 AM (IST)

ਲੁਧਿਆਣਾ, (ਮਹੇਸ਼)- 9 ਦਿਨ ਪਹਿਲਾਂ ਬੀਰਮੀ ਪੁਲ ਦੇ ਕੋਲ ਕਾਰ ਸਵਾਰ 2 ਦੋਸਤਾਂ ਦੇ ਨਾਲ ਹੋਏ ਲੁੱਟ-ਖੋਹ ਦੇ ਕੇਸ ਨੂੰ ਸੁਲਝਾ ਲੈਣ ਦਾ ਦਾਅਵਾ ਕਰਦੇ ਹੋਏ ਪੁਲਸ ਨੇ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੁੱਟੀ ਗਈ ਨਕਦੀ ਵਿਚੋਂ 5000 ਰੁਪਏ, ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ ਛੁਰਾ ਬਰਾਮਦ ਕੀਤਾ ਹੈ।
ਸਹਾਇਕ ਪੁਲਸ ਕਮਿਸ਼ਨਰ ਮਨਿੰਦਰ ਬੇਦੀ ਨੇ ਦੱਸਿਆ ਕਿ ਫੜੇ ਗਏ ਬਦਮਾਸ਼ਾਂ ਦੀ ਪਛਾਣ ਮੁੱਲਾਂਪੁਰੀ ਦਾਖਾ ਦੇ ਪਿੰਡ ਬਸੇਮੀ ਦੇ ਅਜੀਤ ਸਿੰਘ ਉਰਫ ਗਿਆਨੀ ਅਤੇ ਪਿੰਡ ਬੀਰਮੀ ਦੇ ਲਖਵਿੰਦਰ ਸਿੰਘ ਉਰਫ ਲਾਡੀ ਦੇ ਰੂਪ ਵਿਚ ਹੋਈ ਹੈ, ਜਿਨ੍ਹਾਂ ਨੂੰ ਐੱਸ. ਟੀ. ਯੂ. ਲੁਧਿਆਣਾ ਦੇ ਇੰਚਾਰਜ ਪ੍ਰੇਮ ਸਿੰਘ ਦੀ ਟੀਮ ਨੇ ਕਾਬੂ ਕੀਤਾ ਹੈ।
ਬੇਦੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੇ 30 ਜੁਲਾਈ ਦੀ ਸ਼ਾਮ ਨੂੰ ਪੱਖੋਵਾਲ ਰੋਡ ਦੇ ਬਸੰਤ ਸਿਟੀ ਦੇ ਤਰੁਣ ਅਤੇ ਉਸ ਦੇ ਦੋਸਤ ਨੂੰ ਉਸ ਸਮੇਂ ਲੁੱਟ ਲਿਆ ਸੀ, ਜਦੋਂ ਉਹ ਬੀਰਮੀ ਪੁਲ ਦੇ ਕੋਲ ਆਪਣੀ ਕਾਰ ਵਿਚ ਬੈਠੇ ਹੋਏ ਸਨ ਤਾਂ ਇਨ੍ਹਾਂ ਬਦਮਾਸ਼ਾਂ ਨੇ ਪੱਥਰ ਮਾਰ ਕੇ ਉਸ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਤਰੁਣ ਦੀ ਧੌਣ 'ਤੇ ਛੁਰਾ ਰੱਖ ਕੇ ਉਸ ਕੋਲੋਂ 12,000 ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ ਸੀ। ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਸਵੇਰ ਕਰਦੇ ਸਨ ਕੰਮ ਸ਼ਾਮ ਨੂੰ ਕਰਦੇ ਸਨ ਲੁੱਟ-ਖੋਹ- ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਲਾਡੀ ਡਰਾਈਵਰੀ ਕਰਦਾ ਹੈ, ਜਦੋਂਕਿ ਗਿਆਨੀ ਖੇਤੀਬਾੜੀ ਦਾ ਕੰਮ ਕਰਦਾ ਹੈ। ਸ਼ਾਮ ਨੂੰ ਕੰਮ ਤੋਂ ਫ੍ਰੀ ਹੋਣ ਤੋਂ ਬਾਅਦ ਦੋਵੇਂ ਇਕੱਠੇ ਹੋ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿਆ ਕਰਦੇ ਸਨ। ਪ੍ਰੇਮ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਲੁੱਟ-ਖੋਹ ਦੀਆਂ ਇਕ ਦਰਜਨ ਤੋਂ ਜ਼ਿਆਦਾ ਵਾਰਦਾਤਾਂ ਵਿਚ ਆਪਣੀ ਸ਼ਮੂਲੀਅਤ ਕਬੂਲੀ ਹੈ।
ਨਹਿਰ ਦੇ ਨਾਲ ਸੁੰਨਸਾਨ ਇਲਾਕੇ 'ਚ ਖੜ੍ਹੇ ਲੋਕ ਹੁੰਦੇ ਸਨ ਇਨ੍ਹਾਂ ਦਾ ਸ਼ਿਕਾਰ
ਇੰਸਪੈਕਟਰ ਨੇ ਦੱਸਿਆ ਕਿ ਇਹ ਬਦਮਾਸ਼ ਪਿੰਡ ਬੀਰਮੀ ਤੋਂ ਲੈ ਕੇ ਬਾੜੇਵਾਲ ਨਹਿਰ ਦੇ ਕੋਲ ਸੁੰਨਸਾਨ ਇਲਾਕੇ ਵਿਚ ਹਥਿਆਰਾਂ ਦੇ ਜ਼ੋਰ 'ਤੇ ਰਾਹਗੀਰਾਂ ਨੂੰ ਲੁੱਟ ਲਿਆ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪਿਛਲਾ ਅਪਰਾਧਕ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਦੋਵੇਂ ਦੋਸ਼ੀ 2 ਦਿਨ ਦੇ ਪੁਲਸ ਰਿਮਾਂਡ 'ਤੇ ਹਨ।