ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 518ਵੇਂ ਟਰੱਕ ਦੀ ਰਾਹਤ ਸਮੱਗਰੀ

07/17/2019 5:48:47 PM

ਜਲੰਧਰ/ਜਮੂੰ-ਕਸ਼ਮੀਰ (ਜੁਗਿੰਦਰ ਸੰਧੂ)— ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਦੇ ਸਿਰਾਂ 'ਤੇ ਮੰਡਰਾਉਣ ਵਾਲਾ ਸਭ ਤੋਂ ਵੱਡਾ ਖਤਰਾ ਤਾਂ ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਅਤੇ ਘਟੀਆ ਸਾਜ਼ਿਸ਼ਾਂ ਦੇ ਕਾਰਨ ਹੀ ਹੈ। ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ, ਨਸ਼ਿਆਂ ਦੀ ਸਮੱਗਲਿੰਗ ਅਤੇ ਜਾਅਲੀ ਕਰੰਸੀ ਵਰਗੇ ਹਥਕੰਡਿਆਂ ਨਾਲ ਭਾਰਤੀ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। 

ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਬਹੁਤ ਸਾਰੇ ਸਰਹੱਦੀ ਖੇਤਰ ਅਜਿਹੇ ਵੀ ਹਨ, ਜਿੱਥੇ ਕੁਦਰਤੀ ਆਫਤਾਂ, ਜੰਗਲੀ ਜਾਨਵਰਾਂ ਅਤੇ ਸਰਕਾਰਾਂ ਦੀ ਨਜ਼ਰਅੰਦਾਜ਼ਗੀ ਕਾਰਣ ਵੀ ਲੋਕ ਨੁਕਸਾਨ ਸਹਿਣ ਕਰ ਰਹੇ ਹਨ। ਪੰਜਾਬ ਦੇ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਕੁਝ ਪਿੰਡਾਂ ਦੀ ਹਾਲਤ ਵੀ ਅਜਿਹੀ ਹੈ, ਜਿੱਥੇ ਸਰਹੱਦੀ ਖਤਰਿਆਂ ਦੇ ਨਾਲ-ਨਾਲ ਦਰਿਆਵਾਂ ਅਤੇ ਸਰਕਾਰੀ ਬੇਰੁਖੀ ਨੇ ਲੋਕ-ਜੀਵਨ ਦੇ ਵਿਕਾਸ ਦਾ ਰਾਹ ਰੋਕਿਆ ਹੋਇਆ ਹੈ। ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਅਜਿਹੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਮਾਰਗ-ਦਰਸ਼ਨ ਹੇਠ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਅਧੀਨ ਹੀ 518ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸ਼੍ਰੀ ਸ਼ਿਆਮ ਸਮਾਜ ਸੇਵਾ ਆਸ਼ਰਮ ਸਮਾਣਾ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਆਸ਼ਰਮ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਪ੍ਰਦੇਸੀ ਨੇ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਹੰਸਰਾਜ ਕਲਾਰਾਂ ਵਾਲੇ, ਰੋਮੇਸ਼ ਕੁਮਾਰ ਗਰਗ, ਸੀਤਾ ਰਾਮ ਗੁਪਤਾ, ਪਵਨ ਕੁਮਾਰ ਬਾਂਸਲ, ਮੋਹਨ ਲਾਲ ਟੁਟੇਜਾ, ਪ੍ਰੇਮ ਚੰਦ ਟੁਟੇਜਾ ਅਤੇ ਡਾ. ਸੁਭਾਸ਼ ਟੁਟੇਜਾ ਨੇ ਵੀ ਲੋੜੀਂਦਾ ਸਹਿਯੋਗ ਦਿੱਤਾ।

ਜਲੰਧਰ ਤੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 5 ਕਿੱਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ। ਇਸ ਮੌਕੇ 'ਤੇ ਮਲਟੀਪਲ ਕੌਂਸਲ ਦੇ ਚੇਅਰਮੈਨ ਲਾਇਨ ਜੇ. ਬੀ. ਸਿੰਘ ਚੌਧਰੀ ਅਤੇ ਲਾਇਨਜ਼ ਕਲੱਬ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਫੁੱਲ ਵੀ ਮੌਜੂਦ ਸਨ।

ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਰਾਹਤ ਟੀਮ 'ਚ ਜਲੰਧਰ ਤੋਂ  ਰਾਜੇਸ਼ ਭਗਤ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਸੁਨੀਲ ਕਪੂਰ, ਨਰਿੰਦਰ ਸ਼ਰਮਾ, ਜੈ ਦੇਵ ਮਲਹੋਤਰਾ, ਜੀਵਨ ਪਾਲ ਓਬਰਾਏ, ਅਸ਼ੋਕ ਸੋਬਤੀ, ਪਰਮਿੰਦਰ ਪੰਮੀ, ਸ਼੍ਰੀਮਤੀ ਸੰਤੋਸ਼ ਵਰਮਾ, ਸਾਰਿਕਾ ਭਾਰਦਵਾਜ , ਅੰਜੂ ਲੂੰਬਾ, ਸੁਦੇਸ਼ ਕੁਮਾਰੀ, ਲੁਧਿਆਣਾ ਤੋਂ ਲੀਗਾ ਪਰਿਵਾਰ ਸੋਸਾਇਟੀ ਦੇ ਪ੍ਰਧਾਨ ਵਿਪਨ ਜੈਨ, ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ, ਉਪ ਪ੍ਰਧਾਨ ਰਾਜੇਸ਼ ਜੈਨ, ਜੈ ਚੱਢਾ ਅਤੇ ਰਾਜੂ ਵੀ ਸ਼ਾਮਲ ਸਨ।


shivani attri

Content Editor

Related News