ਬੂਥ ਕੈਪਚਰਿੰਗ ਵਾਲੇ ਬਿਆਨ ’ਤੇ ਬੋਲੇ ਅਮਨ ਅਰੋੜਾ, ਝਾੜਾਂ ਤੋਂ ਬਚਣ ਲਈ ਗਰਾਊਂਡ ਤਿਆਰ ਕਰ ਰਹੇ ਚੰਨੀ

Monday, May 08, 2023 - 06:29 PM (IST)

ਬੂਥ ਕੈਪਚਰਿੰਗ ਵਾਲੇ ਬਿਆਨ ’ਤੇ ਬੋਲੇ ਅਮਨ ਅਰੋੜਾ, ਝਾੜਾਂ ਤੋਂ ਬਚਣ ਲਈ ਗਰਾਊਂਡ ਤਿਆਰ ਕਰ ਰਹੇ ਚੰਨੀ

ਜਲੰਧਰ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਵਲੋਂ ਬੂਥ ਕੈਪਚਰਿੰਗ ਦੇ ਖਦਸ਼ੇ ਨੂੰ ਲੈ ਕੇ ਦਿੱਤੇ ਬਿਆਨ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਚਰਨਜੀਤ ਚੰਨੀ ਨੂੰ ਪਤਾ ਹੈ ਕਿ ਕਾਂਗਰਸ ਜਲੰਧਰ ਵਿਚ ਹਾਰ ਰਹੀ ਹੈ ਅਤੇ ਉਹ ਆਪਣੀ ਕੇਂਦਰੀ ਲੀਡਰਸ਼ਿਪ ਦੀਆਂ ਝਾੜਾਂ ਤੋਂ ਬਚਣ ਲਈ ਹੀ ਗਰਾਊਂਡ ਤਿਆਰ ਕਰ ਰਹੇ ਹਨ। ਚੰਨੀ ਆਖ ਰਹੇ ਹਨ ਕਿ ਆਮ ਆਦਮੀ ਪਾਰਟੀ ਬੂਥ ਕੈਪਚਰਿੰਗ ਕਰ ਸਕਦੀ ਹੈ, ਇਹ ਬੇਤੁਕਾ ਦੋਸ਼ ਹੈ, ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ। ਹੁਣ ਸਿਰਫ ਲੋਕਾਂ ਵਿਚ ਸਫਾਈ ਦੇਣ ਲਈ ਅਤੇ ਲੀਡਰਸ਼ਿਪ ਤੋਂ ਚਮੜੀ ਬਚਾਉਣ ਲਈ ਬੇਤੁਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਅਰੋੜਾ ਨੇ ਕਿਹਾ ਕਿ ਕਦੇ ਚੰਨੀ ਆਖਦੇ ਹਨ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਕਦੇ ਆਖਦੇ ਹਨ ਪਾਰਟੀ ਨਾਲ ਧੱਕਾ ਹੋ ਰਿਹਾ ਹੈ, ਇਸ ਤਰ੍ਹਾਂ ਦੇ ਬਿਆਨ ਉਹ ਲੋਕ ਦਿੰਦੇ ਹਨ ਜਿਹੜੇ ਆਪਣਾ ਆਧਾਰ ਗਵਾ ਚੁੱਕੇ ਹੋਣ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ਕੋਲ ਹੋਏ ਧਮਾਕਿਆਂ ਨੂੰ ਲੈ ਕੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ

ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਬੂਥ ਕੈਪਚਰਿੰਗ ਵਿਚ ਨਹੀਂ ਸਗੋਂ ਦਿਲ ਕੈਪਚਰਿੰਗ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਿਨ ਰਾਤ ਲੱਗੇ ਹੋਏ ਹਨ, ‘ਆਪ’ ਦੇ ਵਰਕਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ। ਅਸੀਂ ਆਪਣੇ ਕੰਮਾਂ ਦੇ ਆਧਾਰ ’ਤੇ ਲੋਕਾਂ ਦੀ ਕਚਹਿਰੀ ਵਿਚ ਜਾ ਰਹੇ ਹਾਂ। ਪਿਛਲੀਆਂ ਸਰਕਾਰਾਂ ਵਾਂਗ ਫੋਕੀਆਂ ਗੱਲਾਂ ਕਰਕੇ ਨਹੀਂ ਸਗੋਂ ਵਿਕਾਸ ਦੇ ਨਾਂ ’ਤੇ ਵੋਟ ਮੰਗ ਰਹੇ ਹਾਂ। ਅਸੀਂ ਪੁਰਾਣੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਲੈ ਕੇ ਲੋਕਾਂ ਵਿਚ ਨਹੀਂ ਜਾ ਰਹੇ। ਅਰੋੜਾ ਨੇ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ 30 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਲਏ ਨੌਕਰੀਆਂ ਦਿੱਤੀਆਂ ਜਿਸ ਨੇ ਮੁਹੱਲਾ ਕਲੀਨਿਕ ਖੋਲ੍ਹੇ, ਜਿਸ ਨੇ ਸਕੂਲ ਆਫ ਐਮੀਨੈਂਸ ਲਿਆਂਦਾ। ਇਹ 75 ਸਾਲਾ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਵਿਚ ਪੰਜਾਬ ਦੇ 88 ਫੀਸਦੀ ਪਰਿਵਾਰਾਂ ਦਾ ਬਿੱਲ ਜ਼ੀਰੋ ਕਰ ਦਿੱਤਾ ਜਾਵੇ। ਵਿਰੋਧੀ ਪਾਰਟੀਆਂ ਬੂਥ ਕੈਪਚਰਿੰਗ ਦੇ ਬਿਆਨ ਦੇ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਨਾ ਕਰਨ। ਜਲੰਧਰ ਦੇ ਲੋਕ ਉਸ ਨੂੰ ਹੀ ਵੋਟ ਪਾਉਣ ਜਿਹੜਾ ਉਨ੍ਹਾਂ ਦੀ ਵੋਟ ਦੀ ਕਦਰ ਕਰੇ। 

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ’ਚ ਪਹਿਲੀ ਵਾਰ ਲਾਗੂ ਕੀਤਾ ਇਹ ਸਿਸਟਮ

ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੋ ਸਿੱਧੂ ਮੂਸੇਵਾਲਾ ਨਾਲ ਹੋਇਆ ਉਸ ਤੋਂ ਹਰ ਕੋਈ ਦੁਖੀ ਹੈ। ਮੁੱਖ ਮੰਤਰੀ ਖੁਦ ਕਈ ਵਾਰ ਇਸ ’ਤੇ ਦੁੱਖ ਜਤਾ ਚੁੱਕੇ ਹਨ। ਇਸ ਘਟਨਾ ਦਾ ਦੁੱਖ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਹੈ। ਇਹੋ ਜਿਹਾ ਦੁੱਖ ਪ੍ਰਮਾਤਮਾ ਕਿਸੇ ਮਾਤਾ-ਪਿਤਾ ’ਤੇ ਨਾ ਪਾਵੇ। ਅਰੋੜਾ ਨੇ ਕਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਛੇ ਮਹੀਨਿਆਂ ਵਿਚ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਅਤੇ ਕੁੱਝ ਦਾ ਐਨਕਾਊਂਟਰ ਹੋਇਆ, ਇਕ-ਦੋ ਗੈਂਗਸਟਰ ਜੋ ਬਾਹਰ ਹਨ, ਉਨ੍ਹਾਂ ’ਤੇ ਸੂਬਾ ਸਰਕਾਰ ਸਿੱਧੇ ਤੌਰ ’ਤੇ ਕਾਰਵਾਈ ਨਹੀਂ ਕਰ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਵਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਖ਼ਿਲਾਫ ਵੀ ਚਾਲਾਨ ਪੇਸ਼ ਹੋ ਚੁੱਕਾ ਹੈ, ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਭਗਵੰਤ ਮਾਨ ਸਰਕਾਰ ਵਚਨਬੱਧ ਹੈ ਕਿ ਜਿਹੜਾ ਵੀ ਗੁਨਾਹਗਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਕਾਨੂੰਨੀ ਪ੍ਰਕਿਰਿਆ ਰਾਹੀਂ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਪੰਜਾਬ ਦੇ ਮੌਸਮ ਨੂੰ ਲੈ ਕੇ ਕੀਤੀ ਤਾਜ਼ਾ ਭਵਿੱਖਬਾਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News