ਜੇਕਰ ਕਾਲ ਡਿਟੇਲ ’ਤੇ ਹੋਵੇ ਕਾਰਵਾਈ ਤਾਂ ਬੁੱਕੀਜ਼ ਦੇ ਕਿੰਗਪਿਨ ਭਾਜਪਾ ਆਗੂ ਦਾ ਨਾਂ ਹੋਵੇਗਾ ਉਜਾਗਰ

Tuesday, Jul 10, 2018 - 05:32 AM (IST)

ਜੇਕਰ ਕਾਲ ਡਿਟੇਲ ’ਤੇ ਹੋਵੇ ਕਾਰਵਾਈ ਤਾਂ ਬੁੱਕੀਜ਼ ਦੇ ਕਿੰਗਪਿਨ ਭਾਜਪਾ ਆਗੂ ਦਾ ਨਾਂ ਹੋਵੇਗਾ ਉਜਾਗਰ

ਲੁਧਿਆਣਾ(ਰਿਸ਼ੀ)-ਐਤਵਾਰ ਨੂੰ ਅਾਸਟਰੇਲੀਆ-ਪਾਕਿਸਤਾਨ ਮੈਚ ’ਤੇ ਸੱਟਾ ਲਾਉਂਦੇ ਫਡ਼ੇ ਗਏ ਬੁੱਕੀਜ਼ ਦੇ ਸਾਰੇ ਮੋਬਾਇਲ ਨੰਬਰਾਂ ਦੀ ਜੇਕਰ ਕਾਲ ਡਿਟੇਲ ਕਢਵਾ ਕੇ ਪੁਲਸ ਨਿਰਪੱਖ ਜਾਂਚ ਕਰਦੀ ਹੈ ਤਾਂ ਪੰਜਾਬ ਭਾਜਪਾ ਦੇ ਇਕ ਅਜਿਹੇ ਆਗੂ ਦਾ ਨਾਂ ਸਾਹਮਣੇ ਆ ਸਕਦਾ ਹੈ, ਜੋ ਪੰਜਾਬ ਦੇ ਸਾਰੇ ਬੁੱਕੀਜ਼ ਵਿਚ ਕਿੰਗਪਿਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜ਼ਿਆਦਾਤਰ ਬੁੱਕੀਜ਼ ਨੂੰ ਫਾਈਨਾਂਸ ਵੀ ਉਸੇ ਵਲੋਂ ਕੀਤਾ ਜਾਂਦਾ ਹੈ ਅਤੇ ਇਸ ਖੇਡ ਨੂੰ ਪੰਜਾਬ ਵਿਚ ਪ੍ਰਫੁੱਲਿਤ ਵੀ ਉਸੇ ਵਲੋਂ ਕੀਤਾ ਜਾ ਰਿਹਾ ਹੈ। ਪੁਲਸ ’ਤੇ ਦਬਾਅ ਬਣਾਉਣ ਲਈ ਹੀ ਉਸ ਨੇ ਰਾਜਨੀਤੀ ਦਾ ਰਸਤਾ ਫਡ਼ਿਆ ਹੋਇਆ ਹੈ ਤਾਂ ਕਿ ਸਮੇਂ-ਸਮੇਂ ’ਤੇ ਉਹ ਆਪਣੇ ਸਿਆਸੀ ਰਸੂਖ ਕਾਰਨ ਆਪਣੇ ਗੁਰਗਿਆਂ ਨੂੰ ਬਚਾ ਸਕੇ। ਹੁਣ ਇਨ੍ਹਾਂ ਗੱਲਾਂ ਦਾ ਖੁਲਾਸਾ ਆਉਣ ਵਾਲੇ ਦਿਨਾਂ ’ਚ ਕਮਿਸ਼ਨਰੇਟ ਪੁਲਸ ਵਲੋਂ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਐਤਵਾਰ ਦੁਪਹਿਰ ਨੂੰ ਫਿਰੋਜ਼ਗਾਂਧੀ ਮਾਰਕੀਟ ਤੋਂ ਕੇ-10 ਟਾਵਰ ਦੀ 5ਵੀਂ ਮੰਜ਼ਿਲ ’ਤੇ ਬਣੇ ਆਈ. ਸੀ. ਸੀ. ਆਈ. ਸਕਿਓਰਟੀ ਲਿਮਟਿਡ ਦੇ ਦਫਤਰ ਤੋਂ ਸੀ. ਆਈ. ਏ. ਵਲੋਂ ਅਾਸਟਰੇਲੀਆ-ਪਾਕਿਸਤਾਨ ਦੇ ਮੈਚ ’ਤੇ ਸੱਟਾ ਲਗਵਾਉਂਦੇ ਚੁੱਕੇ ਗਏ ਚਾਰੇ ਬੁੱਕੀਜ਼ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ।
ਇਕ ਹਫਤੇ ’ਚ 4 ਕੇਸ
ਕਮਿਸ਼ਨਰੇਟ ਪੁਲਸ ਵਲੋਂ ਸੱਟਾ ਲਗਵਾਉਣ ਵਾਲਿਆਂ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਸੀ। ਇਸੇ ਦੇ ਤਹਿਤ ਪੁਲਸ ਨੇ ਇਕ ਹਫਤੇ ਵਿਚ 4 ਵੱਖ-ਵੱਖ ਥਾਣਿਆਂ ਵਿਚ ਪਰਚੇ ਦਰਜ ਕਰ ਕੇ ਲਗਭਗ 12 ਬੁੱਕੀਜ਼ ਨੂੰ ਦਬੋਚਿਆ ਹੈ। ਪੁਲਸ ਦੇ ਇਸ ਐਕਸ਼ਨ ਤੋਂ ਬਾਅਦ ਜ਼ਿਆਦਾਤਰ ਬੁੱਕੀਜ਼ ਜਾਂ ਤਾਂ ਕੰਮ ਬੰਦ ਕਰ ਚੁੱਕੇ ਹਨ ਜਾਂ ਫਿਰ ਅੰਡਰਗਰਾਊਂਡ ਹੋ ਗਏ ਹਨ। ਜੇਕਰ ਪੁਲਸ  ਅਸਲ ਵਿਚ ਇਸ ਖੇਡ ਨੂੰ ਜਡ਼੍ਹੋਂ ਖਤਮ ਕਰਨਾ ਚਾਹੁੰਦੀ ਹੈ ਤਾਂ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਪੁਲਸ ਨੂੰ ਸਫੈਦਪੋਸ਼ਾਂ ਤੱਕ ਲੈ ਜਾਵੇਗੀ।
ਇਹ ਸੀ ਮਾਮਲਾ
ਐਤਵਾਰ ਨੂੰ ਸੀ. ਆਈ. ਏ. ਦੀ ਪੁਲਸ ਨੇ ਰੇਡ ਕਰ ਕੇ ਜਨਕਪੁਰੀ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਪੱਪਾ, ਟਰੰਕਾਂ ਵਾਲੇ ਬਾਜ਼ਾਰ ਦੇ ਵਿਨੋਦ ਕੁਮਾਰ, ਕੋਚਰ ਮਾਰਕੀਟ ਦੇ ਹਰਜੀਤ ਸਿੰਘ ਅਤੇ ਲਾਜਪਤ ਨਗਰ ਦੇ ਮੁਕੇਸ਼ ਕੁਮਾਰ ਨੂੰ ਕਾਬੂ ਕੀਤਾ ਸੀ। ਪੁਲਸ ਨੂੰ ਇਨ੍ਹਾਂ ਕੋਲੋਂ ਇਕ ਲੈਪਟੋਬਾਇਲ ਫੋਨ, 1 ਐੱਲ. ਈ. ਡੀ. ਅਤੇ 1.19 ਲੱਖ ਰੁਪਏ ਕੈਸ਼ ਬਰਾਮਦ ਹੋਏ ਸਨ। ਰੇਡ ਤੋਂ ਬਾਅਦ ਹੀ ਬਚਾਉਣ ਵਾਲਿਆਂ ਦਾ ਸੀ. ਆਈ. ਏ. ਦੇ ਬਾਹਰ ਤਾਂਤਾ ਲੱਗ ਪਿਆ ਸੀ।
ਪੁਲਸ ’ਤੇ ਦਬਾਅ ਬਣਾਉਣ ਲਈ ਇਕੱਠੇ ਹੋਏ ਭਾਜਪਾਈ
 ਪੁਲਸ ਵਲੋਂ ਫਡ਼ੇ ਗਏ ਬੁੱਕੀਜ਼ ਵਿਚ ਇਕ ਭਾਜਪਾ ਆਗੂਆ ਦਾ ਖਾਸ ਦੱਸਿਆ ਜਾਂਦਾ ਹੈ। ਅੱਜ ਤੋਂ ਪਹਿਲਾਂ ਕਦੇ ਵੀ ਉਸ ’ਤੇ ਪੁਲਸ ਵਲੋਂ ਸਿਆਸੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। 
ਉਸ ’ਤੇ ਪਰਚਾ ਦਰਜ ਹੋਣ ਦੀ ਗੱਲ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਸੋਮਵਾਰ ਨੂੰ ਭਾਜਪਾ ਆਗੂਆਂ ਦਾ ਇਕ ਟੋਲਾ ਆਪਣੇ ਹਮਾਇਤੀਆਂ ਦੇ ਨਾਲ ਪੁਲਸ ਕਮਿਸ਼ਨਰ ਦਫਤਰ ਪੁੱਜ ਗਿਆ ਅਤੇ ਪੁਲਸ ’ਤੇ ਦਬਾਅ ਬਣਾਉਣ ਲਈ ਕੇਸ ਦੀ ਫਿਰ ਤੋਂ ਜਾਂਚ ਲਗਵਾਉਣ ਦੀ ਗੱਲ ਵੀ ਕਹੀ ਪਰ ਉਨ੍ਹਾਂ ਦੀ ਇਕ ਨਾ ਚੱਲੀ ਅਤੇ ਉਨ੍ਹਾਂ ਨੂੰ ਬੇਰੰਗ ਮੁਡ਼ਨਾ ਪਿਆ। ਇਨ੍ਹਾਂ ਭਾਜਪਾ ਆਗੂਆਂ ਵਿਚ ਇਕ ਅਜਿਹਾ ਨੌਜਵਾਨ ਆਗੂ ਵੀ ਸੀ, ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ਹਿਰ ਦੇ ਸਾਰੇ ਬੁੱਕੀਜ਼ ਤੋਂ ਪੁਲਸ ਦੇ ਨਾਂ ’ਤੇ ਮੋਟੇ ਪੈਸੇ ਠੱਗਦਾ ਰਿਹਾ ਦੱਸਿਆ ਜਾਂਦਾ ਹੈ।


Related News