ਵਿਵਾਦਤ ਪੁਸਤਕ ਬਾਰੇ ਸਾਡੇ ਸਟੈਂਡ ਦੀ ਪੁਸ਼ਟੀ ਹੋਈ : ਡਾ. ਚੀਮਾ

Sunday, Jun 10, 2018 - 06:54 AM (IST)

ਚੰਡੀਗੜ੍ਹ (ਬਿਊਰੋ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਗਈ 12ਵੀਂ ਦੀ ਇਤਿਹਾਸ ਦੀ ਵਿਵਾਦਤ ਪੁਸਤਕ ਇਤਿਹਾਸਕਾਰਾਂ ਦੇ ਪੈਨਲ ਵੱਲੋਂ ਰੱਦ ਕਰ ਕੇ ਇਸ 'ਚ ਸੋਧ ਕਰ ਕੇ ਨਵੀਂ ਪੁਸਤਕ ਛਾਪਣ ਦੇ ਫੈਸਲੇ 'ਤੇ ਅਕਾਲੀ ਦਲ ਨੇ ਕਿਹਾ ਕਿ ਇਸ ਨਾਲ ਪਾਰਟੀ ਦੇ ਸਟੈਂਡ ਦੀ ਪੁਸ਼ਟੀ ਹੋਈ ਹੈ ਤੇ ਕਾਂਗਰਸ ਸਰਕਾਰ ਦੀ ਛਤਰ-ਛਾਇਆ 'ਚ ਸਿੱਖ ਇਤਿਹਾਸ ਤੇ ਪੰਜਾਬ ਦੇ ਸੱਭਿਆਚਾਰ ਨਾਲ ਛੇੜਛਾੜ ਦੀ ਸਾਜ਼ਿਸ਼ ਵੀ ਸਪੱਸ਼ਟ ਹੋ ਗਈ ਹੈ। ਅਕਾਲੀ ਦਲ ਵੱਲੋਂ ਜਾਰੀ ਬਿਆਨ 'ਚ ਪਾਰਟੀ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਇਹ ਗੱਲ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਸੀ ਕਿ ਸਿੱਖਿਆ ਵਿਭਾਗ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨ ਪਿੱਛੇ ਸਾਡੀਆਂ ਧਾਰਮਕ ਜੜ੍ਹਾਂ ਤੇ ਸੱਭਿਆਚਾਰਕ ਵਿਰਾਸਤ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਕਮੇਟੀ ਵੱਲੋਂ ਪੁਰਾਣੀ ਕਿਤਾਬ ਨੂੰ ਜਾਰੀ ਰੱਖਣ ਦਾ ਫੈਸਲਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿੱਜੀ ਸ਼ਖ਼ਸੀਅਤ ਦੇ ਵਿਕਾਸ ਦੇ ਅਹਿਮ ਪੜਾਅ ਉਤੇ ਸਿੱਖ ਗੁਰੂ ਸਾਹਿਬਾਨ ਬਾਰੇ ਅਧਿਐਨ ਕਰਨ ਤੋਂ ਰੋਕਿਆ ਨਹੀਂ ਜਾਵੇਗਾ।
ਡਾ. ਚੀਮਾ ਨੇ ਕਿਹਾ ਕਿ ਕਮੇਟੀ ਵੱਲੋਂ ਨਵੀਂ ਇਤਿਹਾਸ ਦੀ ਕਿਤਾਬ ਰੱਦ ਕੀਤੇ ਜਾਣ ਨਾਲ ਸਿੱਖਿਆ ਵਿਭਾਗ ਦੇ ਉਨ੍ਹਾਂ ਉੱਚ ਅਧਿਕਾਰੀਆਂ ਦਾ ਪਰਦਾਫਾਸ਼ ਹੋ ਗਿਆ ਹੈ, ਜਿਨ੍ਹਾਂ ਨੇ ਨਾ ਸਿਰਫ ਇੰਨੀ ਵੱਡੀ ਕੁਤਾਹੀ ਕੀਤੀ ਸੀ, ਸਗੋਂ ਝੂਠੇ ਬਿਆਨ ਦੇ ਕੇ ਆਪਣੇ ਸਟੈਂਡ ਨੂੰ ਸਹੀ ਵੀ ਠਹਿਰਾਇਆ ਸੀ।  ਉਨ੍ਹਾਂ ਕਿਹਾ ਕਿ ਹੁਣ ਵਿਵਾਦਤ ਪੁਸਤਕ ਨੂੰ ਤਿਆਰ ਕਰਵਾਉਣ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰ ਕੇ ਜਾਂਚ ਪੈਨਲ ਨੂੰ ਚਾਹੀਦਾ ਹੈ ਕਿ ਉਨ੍ਹਾਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਦੀ ਸਿਫਾਰਿਸ਼ ਵੀ ਕਰੇ। ਉਨ੍ਹਾਂ ਕਿਹਾ ਕਿ ਇਸ ਤੋਂ ਹੁਣ ਕਾਂਗਰਸ ਨੂੰ ਵੀ ਸਬਕ ਸਿੱਖਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਦੁਹਰਾਈ ਜਾਣੀ ਚਾਹੀਦੀ।


Related News