ਰਤਨ ਅਜਨਾਲਾ ਦੇ ਬੇਟੇ ਬੋਨੀ ਅੱਜ ਟਕਸਾਲੀਆਂ ਨੂੰ ਕਰਨਗੇ ''ਟਾਟਾ ਬਾਏ-ਬਾਏ''!
Thursday, Feb 13, 2020 - 08:58 AM (IST)

ਜਲੰਧਰ (ਰਮਨਦੀਪ ਸੋਢੀ) : ਬੀਤੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਪਿਉ-ਪੁੱਤਰ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਬੇਟੇ ਤੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਅੱਜ ਟਕਸਾਲੀਆਂ ਨੂੰ ਟਾਟਾ ਬਾਏ-ਬਾਏ ਕਰ ਸਕਦੇ ਹਨ। ਸੂਤਰਾਂ ਮੁਤਾਬਕ ਬੋਨੀ ਅਜਨਾਲਾ ਅੱਜ ਰਾਜਾਸਾਂਸੀ ਵਿਖੇ ਅਕਾਲੀ ਦਲ ਦੀ ਹੋਣ ਜਾ ਰਹੀ ਰੈਲੀ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਨਾਲ ਬੈਠਣ ਜਾ ਰਹੇ ਹਨ, ਜਦੋਂ ਕਿ ਰਤਨ ਅਜਨਾਲਾ ਅਜੇ ਸਿਹਤ ਠੀਕ ਨਾ ਹੋਣ ਕਾਰਨ ਸ਼ਾਮਲ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ ਬੋਨੀ ਅਜਨਾਲਾ ਇਸ ਤੋਂ ਪਹਿਲਾਂ ਟਕਸਾਲੀ ਅਕਾਲੀ ਦਲ ਨੂੰ ਛੱਡਣ ਦੀਆਂ ਖਬਰਾਂ ਦਾ ਖੰਡਣ ਵੀ ਕਰ ਚੁੱਕੇ ਹਨ ਪਰ ਚਰਚਾ ਹੈ ਕਿ ਅੱਜ ਉਨ੍ਹਾਂ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਇਹ ਵੀ ਦੱਸ ਦੇਈਏ ਬੀਤੇ ਸਮੇਂ ਤੋਂ ਦੋਹਾਂ ਪਿਉ-ਪੁੱਤ ਨੇ ਟਕਸਾਲੀ ਅਕਾਲੀਆਂ ਤੋਂ ਦੂਰੀ ਬਣਾਈ ਹੋਈ ਹੈ ਅਤੇ ਅੰਦਰਖਾਤੇ ਅਕਾਲੀ ਦਲ ਨਾਲ ਸਾਂਝ ਬਣਾਉਣ ਦੀ ਰਣਨੀਤੀ ਬਣਾ ਰਹੇ ਹਨ।