ਪੰਜਾਬੀ ਧਾਰਮਿਕ ਫਿਲਮ ਦੇ ਕਲਾਕਾਰ ਤੇ ਗੱਤਕਾ ਅਧਿਆਪਕ ਦਾ ਭੇਦਭਰੇ ਢੰਗ ਨਾਲ ਕਤਲ?

Wednesday, May 14, 2025 - 11:55 PM (IST)

ਪੰਜਾਬੀ ਧਾਰਮਿਕ ਫਿਲਮ ਦੇ ਕਲਾਕਾਰ ਤੇ ਗੱਤਕਾ ਅਧਿਆਪਕ ਦਾ ਭੇਦਭਰੇ ਢੰਗ ਨਾਲ ਕਤਲ?

ਸੁਲਤਾਨਪੁਰ ਲੋਧੀ, (ਸੋਢੀ ) ਅੱਜ ਸੁਲਤਾਨਪੁਰ ਲੋਧੀ -ਕਪੂਰਥਲਾ ਮਾਰਗ ਤੇ  ਮੁੰਡੀ ਮੋੜ ਦੇ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਮਿੱਟੀ ’ਚ ਦੱਬੀ ਇਕ ਅਣਪਛਾਤੀ ਲਾਸ਼ ਬਰਾਮਦ ਹੋਣ ਨਾਲ ਚਾਰੇ ਪਾਸੇ ਸਨਸਨੀ ਫੈਲ ਗਈ । ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂਢੀਂਗਾ ਅਧੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਮੁੰਡੀ ਮੋੜ ਦੇ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਮਿੱਟੀ ਵਿਚ ਨੱਪੀ ਹੋਈ ਗਲੀ ਸੜੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਡੀ.ਐਸ.ਪੀ. ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਬ੍ਰਾਂਮਦ ਹੋਈ ਅਣਪਛਾਤੀ ਲਾਸ਼ ਨੂੰ ਥਾਣਾ ਫੱਤੂਢੀਂਗਾ ਦੀ ਐਸ.ਐਚ.ਓ. ਇੰਸਪੈਕਟਰ ਸੋਨਮਦੀਪ ਕੌਰ ਨੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਪੂਰਥਲਾ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਸ਼ਨਾਖਤ ਲਈ ਰੱਖਵਾ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਸੋੰਧ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲੀ ਕਲਾਂ ,ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਡੀ.ਐਸ.ਪੀ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੁਢਲੀ ਤਫਤੀਸ਼ ਵਿਚ ਇਹ ਮਾਮਲਾ ਕਤਲ ਦਾ ਲੱਗਦਾ ਹੈ ।ਜਿਸ ਸਬੰਧੀ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਤੇ ਥਾਣਾ ਫੱਤੂਢੀਗਾ ਵਿਖੇ ਕਤਲ ਦਾ ਮੁਕੱਦਮਾ ਦਰਜ ਕਰਕੇ ਪੁਲਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਸੋਂਧ ਸਿੰਘ ਦੇ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਅਕਾਲ ਅਕੈਡਮੀ ਧਾਲੀਵਾਲ ਬੇਟ ਤੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਵਿਖੇ ਬਤੌਰ ਗਤਕਾ ਅਧਿਆਪਕ ਦੀ ਸੇਵਾ ਨਿਭਾ ਰਹੇ ਸਨ ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੋਂਧ ਸਿੰਘ ਦੇ ਭਰਾ ਜੁਗਰਾਜ ਸਿੰਘ ਨੇ ਆਪਣੇ ਭਰਾ ਦੀ ਗੁਮਸ਼ੁਦਗੀ ਦੀ ਰਿਪੋਰਟ ਵੀ ਕੁਝ ਦਿਨ ਪਹਿਲਾਂ ਥਾਣਾ ਭੁਲੱਥ ਵਿਖੇ ਦਰਜ ਕਰਵਾਈ ਸੀ , ਪਰ ਪੁਲਿਸ ਵਲੋਂ ਕੋਈ ਵੀ ਜਾਂਚ ਨਹੀ ਕੀਤੀ ਗਈ ਤੇ ਉਨ੍ਹਾਂ ਨੂੰ ਸਹਿਯੋਗ ਵੀ ਨਹੀਂ ਦਿੱਤਾ ਗਿਆ । ਉਹ ਆਪਣੇ ਪੱਧਰ 'ਤੇ ਆਪਣੇ ਭਰਾ ਦੀ ਭਾਲ ਕਰਦੇ ਰਹੇ। ਮ੍ਰਿਤਕ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਦੀ ਕਾਰ ਗੁਜ਼ਾਰੀ 'ਤੇ ਸਵਾਲੀਆ ਚਿੰਨ ਖੜ੍ਹੇ ਕਰ ਦਿੱਤੇ ਹਨ।ਅੱਜ ਲਾਪਤਾ ਹੋਏ ਨੌਜਵਾਨ ਦੀ ਛੇਵੇਂ ਦਿਨ ਪੈਟਰੋਲ ਪੰਪ ਦੇ ਕੋਲ ਮਿੱਟੀ ਵਿਚ ਨੱਪੀ ਹੋਈ ਗਲੀ ਸੜੀ ਲਾਸ਼ ਬਰਾਮਦ ਹੋਣ ਤੇ ਸਾਰਾ ਭੇਦ ਖੁੱਲ੍ਹ ਰਿਹਾ ਹੈ ਕਿ ਉਸਦਾ ਕਿਸੇ ਵੀ ਕਤਲ ਕੀਤਾ ਗਿਆ ਹੈ । ਫਿਲਹਾਲ ਪੁਲਸ ਨੇ ਕਤਲ ਮਾਮਲੇ ਦੇ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੇ ਭਰਾ ਜੁਗਰਾਜ ਸਿੰਘ  ਨੇ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। 
ਇਸ ਸੰਬੰਧੀ ਪਿੰਡ ਅੰਮ੍ਰਿਤਪੁਰ ਦੇ ਵਾਸੀਆਂ ਦੱਸਿਆ ਕਿ ਬੀਤੀ 9 ਮਈ ਨੂੰ ਦੁਪਹਿਰ ਇਕ ਵਜੇ ਮੁੰਡੀ ਮੋੜ ਤੇ ਸ੍ਰੀ ਗੋਇੰਦਵਾਲ ਸਾਹਿਬ ਰੋਡ ਤੇ ਦੋ ਗੱਡੀਆਂ ’ਤੇ ਸਵਾਰ ਕੁਝ ਵਿਅਕਤੀਆਂ ਨੇ ਇਕ ਮੋਟਰਸਾਈਕਲ ਸਵਾਰ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਤੇ ਬਾਅਦ ਵਿਚ ਗੱਡੀ ਵਿੱਚ ਸੁੱਟ ਕੇ ਲੈ ਗਏ ਸਨ, ਪਿੰਡ ਵਾਸੀਆਂ ਨੇ ਸ਼ਾਮ ਨੂੰ ਹਾਈਟੈਕ ਨਾਕਾ ਸ੍ਰੀ ਗੋਇੰਦਵਾਲ ਸਾਹਿਬ ਪੁਲ ਤੇ ਮੋਟਰਸਾਈਕਲ ਪੁਲਸ ਹਵਾਲੇ ਕਰ ਦਿੱਤਾ ਸੀ। ਇਸ ਸੰਬੰਧੀ ਥਾਣਾ ਤਲਵੰਡੀ ਚੌਧਰੀਆਂ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਸੀ। ਪਰ ਫਿਰ ਵੀ ਪੁਲਸ ਵੱਲੋਂ ਕਿਉਂ ਕੋਈ ਐਕਸ਼ਨ ਨਹੀ ਲਿਆ ਗਿਆ ।ਇਹ ਵੀ ਇਕ ਜਾਂਚ ਦਾ ਵਿਸ਼ਾ ਹੈ ।ਹੋਰ ਜਾਣਕਾਰੀ ਅਨੁਸਾਰ ਗੱਤਕਾ ਅਧਿਆਪਕ ਸੋਂਧ ਸਿੰਘ ਧਾਰਮਿਕ ਪੰਜਾਬੀ ਫਿਲਮ ਗੁਰੂ ਨਾਨਕ ਨਾਮ ਜਹਾਜ ਹੈ " ਵਿਚ ਵੀ ਕੰਮ ਕਰ ਚੁੱਕਾ ਹੈ ਤੇ ਇਸਤੋਂ ਇਲਾਵਾ ਬੱਚਿਆਂ ਨੂੰ ਗੱਤਕਾ ਦੀ ਸਿਖਲਾਈ ਦਿੰਦਾ ਸੀ । 
ਡੀ.ਐਸ.ਪੀ. ਗੁਰਮੀਤ ਸਿੰਘ ਸਿੱਧੂ ਤੇ ਇੰਸਪੈਕਟਰ ਸੋਨਮਦੀਪ ਕੌਰ ਨੇ ਦਾਅਵਾ ਕੀਤਾ ਹੈ ਕਿ ਪੁਲਸ ਵੱਲੋਂ ਜਲਦੀ ਹੀ ਕਤਲ ਕੇਸ ਦਾ ਸੁਰਾਗ ਲਗਾ ਕੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ।
.


author

Hardeep Kumar

Content Editor

Related News