ਕੈਪਟਨ ਨੇ ਕਾਂਗਰਸੀ ਆਗੂ ਬੌਬੀ ਸਹਿਗਲ ਨੂੰ ਸੌਂਪੀਆਂ ਦੋ ਵੱਡੀਆਂ ਜ਼ਿੰਮੇਵਾਰੀਆਂ

01/15/2020 12:51:54 PM

ਜਲੰਧਰ (ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕਾਂਗਰਸ ਦੇ ਨੌਜਵਾਨ, ਮਿਹਨਤੀ ਅਤੇ ਸੂਝਵਾਨ ਨੇਤਾ ਬੌਬੀ ਸਹਿਗਲ ਨੂੰ ਐਡਜਸਟ ਕਰਨ ਦਾ ਵਾਅਦਾ ਨਿਭਾਅ ਦਿੱਤਾ ਹੈ। ਕੈਪ. ਅਮਰਿੰਦਰ ਨੇ ਬੌਬੀ ਸਹਿਗਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਵਾਈਸ ਚੇਅਰਮੈਨ ਨਿਯੁਕਤ ਕਰਨ ਦੇ ਨਾਲ ਉਨ੍ਹਾਂ ਨੂੰ ਕਾਰਪੋਰੇਸ਼ਨ ਬੋਰਡ ਦਾ ਡਾਇਰੈਕਟਰ ਵੀ ਬਣਾਇਆ ਹੈ। ਅਜਿਹਾ ਪਹਿਲਾ ਮੌਕਾ ਹੈ, ਜਦੋਂ ਸਰਕਾਰ ਵੱਲੋਂ ਜ਼ਿਲੇ ਨਾਲ ਸਬੰਧਤ ਕਾਂਗਰਸੀ ਨੇਤਾ ਨੂੰ ਇਕ ਹੀ ਵਿਭਾਗ 'ਚ 2 ਅਹੁਦੇ ਦਿੱਤੇ ਗਏ ਹੋਣ। ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸਵ. ਡੀ. ਪੀ. ਸਹਿਗਲ ਦੇ ਪੁੱਤਰ ਬੌਬੀ ਨੇ ਛੋਟੀ ਉਮਰ 'ਚ ਹੀ ਕਾਂਗਰਸ ਦੀਆਂ ਸਰਗਰਮੀਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਸਵ. ਸਹਿਗਲ ਨੇ ਕਾਂਗਰਸ ਦੇ ਝੰਡੇ ਨੂੰ ਉਸ ਦੌਰਾਨ ਬੁਲੰਦੀਆਂ ਉੱਤੇ ਰੱਖਿਆ, ਜਦੋਂ ਅੱਤਵਾਦ ਦੇ ਦੌਰ 'ਚ ਲੋਕ ਕਾਂਗਰਸ ਦਾ ਨਾਂ ਲੈਣ ਤੋਂ ਵੀ ਗੁਰੇਜ਼ ਕਰਦੇ ਸਨ। ਪਿਤਾ ਦੇ ਨਾਲ ਕੰਮ ਕਰਦੇ ਹੋਏ ਰਾਜਨੀਤੀ ਦੀ ਯੋਗਤਾ ਹਾਸਲ ਕਰਨ ਵਾਲੇ ਬੌਬੀ ਨੇ ਯੂਥ ਕਾਂਗਰਸ ਨਾਲ ਆਪਣਾ ਰਾਜਨੀਤਕ ਕਰੀਅਰ ਸ਼ੁਰੂ ਕੀਤਾ। ਉਹ ਜ਼ਿਲਾ ਯੂਥ ਕਾਂਗਰਸ ਦੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਪ੍ਰਦੇਸ਼ ਯੂਥ ਕਾਂਗਰਸ ਦੇ ਸਕੱਤਰ, ਜਨਰਲ ਸਕੱਤਰ ਅਤੇ ਉੱਪ ਪ੍ਰਧਾਨ ਵੀ ਬਣੇ। ਇਸ ਦੌਰਾਨ ਉਨ੍ਹਾਂ ਦੀ ਕੈਪ. ਅਮਰਿੰਦਰ ਸਿੰਘ ਨਾਲ ਖਾਸ ਨਜ਼ਦੀਕੀ ਬਣ ਗਈ ਅਤੇ ਉਨ੍ਹਾਂ ਸਾਲ 2002 ਦੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਯਕੀਨੀ ਕਰਨ ਲਈ ਦਿਨ-ਰਾਤ ਕੰਮ ਕੀਤਾ। ਆਪਣੇ ਕੰਮਾਂ ਸਦਕਾ ਜਿੱਥੇ ਉਹ ਮੁੱਖ ਮੰਤਰੀ ਖੇਮੇ 'ਚ ਸ਼ਾਮਲ ਹੋ ਕੇ ਖਾਸੇ ਸਰਗਰਮ ਰਹੇ, ਉਥੇ ਹੀ ਉਨ੍ਹਾਂ ਨੇ ਨੌਜਵਾਨਾਂ 'ਚ ਆਪਣੀ ਪਛਾਣ ਬਣਾਈ।

2007 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਵੀ ਬੌਬੀ ਸਹਿਗਲ ਨੇ ਕੈਪਟਨ ਅਮਰਿੰਦਰ ਦਾ ਸਾਥ ਨਹੀਂ ਛੱਡਿਆ ਅਤੇ ਬਾਦਲ ਸਰਕਾਰ ਦੀਆਂ ਜ਼ਿਆਦਤੀਆਂ ਦਾ ਡਟ ਕੇ ਮੁਕਾਬਲਾ ਕੀਤਾ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਹੱਥ ਸੱਤਾ ਆਈ ਉਦੋਂ ਕੈਪ. ਅਮਰਿੰਦਰ ਨੇ ਉਨ੍ਹਾਂ ਨੂੰ ਕਿਸੇ ਮਹੱਤਵਪੂਰਨ ਵਿਭਾਗ ਦਾ ਫਰਜ਼ ਸੌਂਪਣ ਦਾ ਵਾਅਦਾ ਕੀਤਾ ਸੀ, ਜੋ ਕਿ ਅੱਜ ਪੂਰਾ ਹੋ ਗਿਆ। ਬੌਬੀ ਸਹਿਗਲ ਨੇ ਆਪਣੀ ਨਿਯੁਕਤੀ 'ਤੇ ਕੈਪ. ਅਮਰਿੰਦਰ, ਗੌਤਮ ਕਪੂਰ ਅਤੇ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜੋ ਫਰਜ਼ ਬਖਸ਼ਿਆ ਹੈ, ਉਹ ਉਸ ਨੂੰ ਬਾਖੂਬੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਕੁਝ ਦਿਨਾਂ 'ਚ ਆਪਣਾ ਅਹੁਦਾ ਸੰਭਾਲਣਗੇ।


shivani attri

Content Editor

Related News