ਮਿੱਲ ਮਜ਼ਦੂਰਾਂ ਨੇ ਤਨਖਾਹ ਨਾ ਮਿਲਣ ''ਤੇ ਕੇਂਦਰੀ ਕੱਪੜਾ ਮੰਤਰੀ ਦਾ ਪੁਤਲਾ ਫੂਕਿਆ

Friday, Mar 02, 2018 - 03:53 AM (IST)

ਮਿੱਲ ਮਜ਼ਦੂਰਾਂ ਨੇ ਤਨਖਾਹ ਨਾ ਮਿਲਣ ''ਤੇ ਕੇਂਦਰੀ ਕੱਪੜਾ ਮੰਤਰੀ ਦਾ ਪੁਤਲਾ ਫੂਕਿਆ

ਧਾਰੀਵਾਲ,  (ਖੋਸਲਾ, ਬਲਬੀਰ)-  ਨਿਊ ਇਜ਼ਰਟਨ ਵੂਲਨ ਮਿੱਲ ਧਾਰੀਵਾਲ ਦੇ ਮਜ਼ਦੂਰਾਂ ਨੂੰ ਪਿਛਲੇ 9 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅੱਜ ਤੀਜੇ ਦਿਨ ਵੀ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸ਼ਹਿਰ ਧਾਰੀਵਾਲ ਦੇ ਬਾਜ਼ਾਰਾਂ ਵਿਚ ਰੋਸ ਰੈਲੀ ਕਰਦਿਆਂ ਡਡਵਾਂ ਚੌਕ 'ਚ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਦਾ ਪੁਤਲਾ ਫੂਕਿਆ ਗਿਆ। ਮਜ਼ਦੂਰ ਸੰਘ ਦੇ ਪ੍ਰਧਾਨ ਤਰਸੇਮ ਮਸੀਹ, ਮਜ਼ਦੂਰ ਦਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦੀ, ਏਟਕ ਯੂਨੀਅਨ ਦੇ ਸੁਰਿੰਦਰ ਬੱਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਵਾਲੀ ਕੇਂਦਰ ਸਰਕਾਰ ਦੀ ਅਣਦੇਖੀ ਕਾਰਨ ਮਿੱਲ ਮਜ਼ਦੂਰਾਂ ਨੂੰ ਤਨਖਾਹਾਂ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਹੈ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਕੱਪੜਾ ਮੰਤਰਾਲੇ ਵੱਲੋਂ ਇਸ ਸੰਸਾਰ ਪ੍ਰਸਿੱਧ ਵੂਲਨ ਮਿੱਲ ਦੀ ਅਣਦੇਖੀ ਕਾਰਨ ਉਨ੍ਹਾਂ ਦੀ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਮਿੱਲ ਮਜ਼ਦੂਰਾਂ ਨੂੰ ਪਿਛਲੇ 9 ਮਹੀਨਿਆਂ ਦੀਆਂ ਤਨਖਾਹਾਂ ਜਲਦ ਦਿੱਤੀਆਂ ਜਾਣ ਨਹੀਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। 
ਇਸ ਮੌਕੇ ਬਲਰਾਜ ਸਿੰਘ, ਅਜੈਬ ਸਿੰਘ, ਸੁਸ਼ੀਲ ਕੁਮਾਰ, ਅਸ਼ੋਕ ਕੁਮਾਰ, ਸੋਮ ਨਾਥ, ਕਮਲ ਸ਼ਰਮਾ, ਸੁਰਿੰਦਰ ਸਿੰਘ, ਪ੍ਰਕਾਸ਼, ਕਿਸ਼ੋਰ ਕੁਮਾਰ, ਦਿਲਬਾਗ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ ਆਦਿ ਸਮੇਤ ਮਿੱਲ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।


Related News