ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰੱਖਤ ਬਣੇ ''ਖੂਨੀ''
Tuesday, Jun 12, 2018 - 07:02 AM (IST)
ਪਟਿਆਲਾ/ਰੱਖੜਾ (ਰਾਣਾ)-ਸੂਬੇ ਅੰਦਰ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰੱਖਤ ਹੁਣ ਖੂਨੀ ਬਣਦੇ ਜਾ ਰਹੇ ਹਨ, ਜਿਨ੍ਹਾਂ ਦੇ ਸੜਕਾਂ 'ਤੇ ਡਿੱਗਣ ਨਾਲ ਨਿੱਤ ਨਵੇਂ ਹਾਦਸੇ ਵਾਪਰਨ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧਦੀ ਹੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਮੌਜੂਦਾ ਸਰਕਾਰ ਵੀ ਕੋਈ ਠੋਸ ਕਦਮ ਚੁੱਕਣ ਵਿਚ ਅਸਮਰੱਥ ਦਿਖਾਈ ਦੇ ਰਹੀ ਹੈ, ਜਿਸ ਕਰ ਕੇ ਮਨੁੱਖੀ ਜਾਨਾਂ ਅਜਾਈਂ ਮੌਤ ਦੇ ਮੂੰਹ 'ਚ ਜਾ ਰਹੀਆਂ ਹਨ। ਜੰਗਲਾਤ ਵਿਭਾਗ ਵੀ ਲਾਚਾਰ ਨਜ਼ਰ ਆ ਰਿਹਾ ਹੈ। ਜ਼ਿਲਾ ਪਟਿਆਲਾ ਅੰਦਰ ਵੀ ਵੱਖ-ਵੱਖ ਸੜਕਾਂ ਦੇ ਕਿਨਾਰੇ ਖੜ੍ਹੇ ਸੁੱਕੇ ਤੇ ਹਰੇ ਦਰੱਖਤ ਦੇ ਵੱਡੇ ਟਾਹਣੇ ਸੜਕਾਂ ਦੇ ਵਿਚਕਾਰ ਹੋਣ ਕਰ ਕੇ ਜਦੋਂ ਅਚਨਚੇਤ ਡਿਗਦੇ ਹਨ ਤਾਂ ਸੜਕਾਂ ਤੋਂ ਲੰਘਣ ਵਾਲੇ ਕਈ ਰਾਹਗੀਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ।
ਪਿਛਲੇ ਤਿੰਨ ਸਾਲਾਂ ਤੋਂ ਸੁੱਕੇ ਤੇ ਹਰੇ ਦਰੱਖਤਾਂ ਦੀ ਕਟਾਈ 'ਤੇ ਲੱਗੀ ਹੋਈ ਹੈ ਰੋਕ
ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰੱਖਤਾਂ ਦੀ ਕਟਾਈ ਸਬੰਧੀ ਜਦੋਂ ਪਟਿਆਲਾ ਦੇ ਜੰਗਲਾਤ ਵਣਪਾਲ ਅਧਿਕਾਰੀ ਹਰਭਜਨ ਸਿੰੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੁੱਕੇ ਅਤੇ ਹਰੇ ਦਰੱਖਤਾਂ ਦੇ ਟਾਹਣਿਆਂ ਦੀ ਕਟਾਈ 'ਤੇ ਸਰਕਾਰ ਨੇ ਰੋਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰੱਖਤਾਂ ਦੀ ਕਟਾਈ ਸਬੰਧੀ ਸਮੁੱਚੀ ਪ੍ਰਪੋਜ਼ਲ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਟ੍ਰਿਬਿਊਨਲ ਨੂੰ ਭੇਜੀ ਜਾ ਚੁੱਕੀ ਹੈ।