ਗੈਂਗਸਟਰ ਸ਼ੁਭਮ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
Wednesday, Jan 03, 2018 - 07:10 AM (IST)
ਅੰਮ੍ਰਿਤਸਰ, (ਸੰਜੀਵ)- ਅੱਜ ਦੇਰ ਸ਼ਾਮ ਮਜੀਠਾ ਰੋਡ 'ਤੇ ਸਥਿਤ ਗੋਕੁਲ ਐਵੀਨਿਊ ਵਿਖੇ ਖਤਰਨਾਕ ਗੈਂਗਸਟਰ ਸ਼ੁਭਮ ਨੇ ਆਪਣੇ ਪੁਰਾਣੇ ਦੁਸ਼ਮਣ ਗੈਂਗਸਟਰ ਵਰੁਣ ਚੋਚੋ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ, ਇਸ ਦੌਰਾਨ ਚੋਚੋ ਨੇ ਲੁਕ ਕੇ ਆਪਣੀ ਜਾਨ ਬਚਾਈ। ਫਾਇਰਿੰਗ ਉਪਰੰਤ ਸ਼ੁਭਮ ਆਪਣੇ ਸਾਥੀ ਨਾਲ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ. ਲਖਬੀਰ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਗੈਂਗਸਟਰ ਸ਼ੁਭਮ ਦੇ ਪਿਤਾ ਨੂੰ ਸਿਮਰਨਜੀਤ ਸਿੰਘ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵਾਰਦਾਤ ਸਮੇਂ ਗੈਂਗਸਟਰ ਚੋਚੋ ਵੀ ਮੌਕੇ 'ਤੇ ਮੌਜੂਦ ਸੀ। ਹੁਣ ਸ਼ੁਭਮ ਸਿਮਰਜੀਤ ਸਿੰਘ ਨੂੰ ਤਾਂ ਮਾਰ ਨਹੀਂ ਸਕਿਆ, ਜਦੋਂ ਕਿ ਉਹ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅੱਜ ਚੋਚੋ ਨੂੰ ਮੌਤ ਦੇ ਘਾਟ ਉਤਾਰਨ ਆਇਆ ਸੀ। ਵਰਣਨਯੋਗ ਹੈ ਕਿ ਗੈਂਗਸਟਰ ਵਰੁਣ ਚੋਚੋ ਕਿਸੇ ਸਮੇਂ ਸ਼ੁਭਮ ਦਾ ਹੀ ਸਾਥੀ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਦੁਸ਼ਮਣੀ ਹੋ ਗਈ ਅਤੇ ਉਹ ਸਿਮਰਨਜੀਤ ਸਿੰਘ ਨਾਲ ਜਾ ਕੇ ਮਿਲ ਗਿਆ ਸੀ। ਅੱਜ ਸ਼ੁਭਮ ਨੂੰ ਇਹ ਪੱਕੀ ਜਾਣਕਾਰੀ ਸੀ ਕਿ ਗੈਂਗਸਟਰ ਵਰੁਣ ਮਜੀਠਾ ਰੋਡ 'ਤੇ ਆ ਰਿਹਾ ਹੈ, ਜਿਸ 'ਤੇ ਉਹ ਆਪਣੇ ਸਾਥੀ ਨਾਲ ਆਇਆ ਅਤੇ ਆਉਂਦੇ ਹੀ ਉਸ 'ਤੇ ਗੋਲੀਆਂ ਮਾਰਨ ਲੱਗਾ ਪਰ ਵਰੁਣ ਮੌਕੇ ਤੋਂ ਭੱਜ ਕੇ ਲੁਕ ਗਿਆ ਅਤੇ ਆਪਣੀ ਜਾਨ ਬਚਾ ਲਈ।
ਕੀ ਕਹਿਣਾ ਹੈ ਏ. ਡੀ. ਸੀ. ਪੀ. ਦਾ? : ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਸੀ ਕਿ ਅੱਜ ਦੀ ਵਾਰਦਾਤ ਨੂੰ ਗੈਂਗਸਟਰ ਸ਼ੁਭਮ ਨੇ ਹੀ ਆਪਣੇ ਸਾਥੀ ਨਾਲ ਅੰਜਾਮ ਦਿੱਤਾ, ਜਿਸ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਸ਼ੁਭਮ ਦੇ ਸ਼ਹਿਰ ਵਿਚ ਘੁੰਮਣ ਦੀ ਖਬਰ ਨੇ ਪੁਲਸ ਨੂੰ ਚੌਕੰਨੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਾਹਰੀ ਅਤੇ ਅੰਦਰੂਨੀ ਖੇਤਰਾਂ ਵਿਚ ਨਾਕੇ ਲਾ ਕੇ ਗੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
