ਲੁਧਿਆਣਾ ਦੀ ਫੈਕਟਰੀ 'ਚ ਜ਼ਬਰਦਸਤ ਧਮਾਕਾ, ਇਕ ਦੀ ਮੌਤ (ਵੀਡੀਓ)
Friday, Jul 26, 2019 - 03:40 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਮੁੰਡੀਆ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਡੀ. ਸੀ. ਨਾਂ ਦੀ ਲੋਹਾ ਫੈਕਟਰੀ 'ਚ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਖਤਰਨਾਕ ਸੀ ਕਿ ਇਸ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 11 ਲੋਕ ਗੰਭੀਰ ਜ਼ਖਮੀਂ ਹੋ ਗਏ। ਫੈਕਟਰੀ ਦੇ ਮਜ਼ਦੂਰਾਂ ਨੇ ਦੱਸਿਆ ਕਿ ਦੇਰ ਰਾਤ ਜਦੋਂ ਫੈਕਟਰੀ 'ਚ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਭੱਠੀ ਦਾ ਪਾਈਪ ਫਟਣ ਕਾਰਨ ਧਮਾਕਾ ਹੋ ਗਿਆ ਅਤੇ ਕਈ ਮਜ਼ਦੂਰ ਇਸ ਧਮਾਕੇ ਦੀ ਲਪੇਟ 'ਚ ਆ ਗਏ, ਜਿਨ੍ਹਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ।
ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਵਿਨਾਸ਼ ਜਿੰਦਲ ਨੇ ਦੱਸਿਆ ਕਿ 9 ਜ਼ਖਮੀਆਂ ਦਾ ਇਲਾਜ ਉਨ੍ਹਾਂ ਦੇ ਹਸਪਤਾਲ 'ਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ, ਜਦੋਂ ਕਿ 2 ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਫੈਕਟਰੀ 'ਚ ਧਮਾਕੇ ਦਾ ਅਸਲ ਕਾਰਨ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਜ਼ਖਮੀਂ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਇਸ ਹਾਲਤ 'ਚ ਉਹ ਕੋਈ ਕੰਮ-ਧੰਦਾ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।