ਕਾਪੀਰਾਈਟ ਐਕਟ ਬਹਾਨੇ ਬਲੈਕਮੇਲਿੰਗ ਕਰਨ ਵਾਲਿਆਂ ਖਿਲਾਫ ਵਿਧਾਇਕਾਂ ਨੇ ਖੋਲ੍ਹਿਆ ਮੋਰਚਾ

10/18/2017 3:43:32 AM

ਲੁਧਿਆਣਾ(ਬਹਿਲ)-ਕਾਪੀਰਾਈਟ ਐਕਟ ਦੇ ਬਹਾਨੇ ਹੌਜ਼ਰੀ ਕਾਰੋਬਾਰੀਆਂ ਨੂੰ ਬਲੈਕਮੇਲ ਕਰਨ ਦਾ ਗੋਰਖਧੰਦਾ ਕਰਨ ਵਾਲੇ ਸ਼ਰਾਰਤੀ ਤੱਤਾਂ ਖਿਲਾਫ ਕਾਂਗਰਸੀ ਵਿਧਾਇਕਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਬੰਧੀ ਵਿਧਾਇਕਾਂ ਨੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨਾਲ ਵੀ ਮੁਲਾਕਾਤ ਕਰ ਕੇ ਕਾਪੀਰਾਈਟ ਐਕਟ ਦੇ ਬਹਾਨੇ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮਹੀਨਾ ਲੈਣ ਵਾਲੇ ਵਿਅਕਤੀਆਂ ਅਤੇ ਨਿੱਜੀ ਏਜੰਸੀਆਂ ਦਾ ਪੂਰਾ ਕੇਸ ਉਨ੍ਹਾਂ ਦੇ ਧਿਆਨ ਵਿਚ ਲਿਆ ਦਿੱਤਾ ਹੈ। ਹਲਕਾ ਪੂਰਬੀ ਤੋਂ ਵਿਧਾਇਕ ਸੰਜੇ ਤਲਵਾਰ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਡਰਾ-ਧਮਕਾ ਕੇ ਹਫਤਾ ਅਤੇ ਮਹੀਨਾ ਵਸੂਲਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਹਾਈਕਮਾਨ ਨੂੰ ਭੇਜਿਆ ਜਾਵੇਗਾ। ਵਿਧਾਇਕ ਤਲਵਾਰ ਨੇ ਕਿਹਾ ਕਿ ਜੇਕਰ ਕਿਸੇ ਏਜੰਸੀ ਨੂੰ ਕਾਪੀਰਾਈਟ ਐਕਟ ਦੇ ਤਹਿਤ ਲਾਇਸੈਂਸ ਵੀ ਮਿਲਿਆ ਹੋਇਆ ਹੈ ਤਾਂ ਉਹ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਦਾ ਕੇਸ ਅਦਾਲਤ ਵਿਚ ਲੈ ਕੇ ਜਾਣ ਅਤੇ ਕੈਪਟਨ ਸਰਕਾਰ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਇੰਡਸਟ੍ਰੀਅਲ ਨੀਤੀ ਨੂੰ ਵੀ ਪੁਖਤਾ ਕਰਨ ਲਈ ਵਚਨਬੱਧ ਹੈ। ਮਹੀਨਾ ਵਸੂਲੀ ਕਰਨ ਵਾਲੇ ਬਲੈਕਮੇਲਰਾਂ ਤੋਂ ਕਰਨ ਦੀ ਬਜਾਏ ਕਾਰੋਬਾਰੀ ਕੋਈ ਵੀ ਸ਼ਿਕਾਇਤ ਹੋਣ 'ਤੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।


Related News