ਕਾਲੇ ਕਾਨੂੰਨ ਵਿਰੋਧ 17 ਨੂੰ ਜਲੰਧਰ ''ਚ ਹੋਵੇਗੀ ਲਾ-ਮਿਸਾਲ ਰੈਲੀ - ਗੰਡੀਵਿੰਡ

02/12/2018 11:19:59 AM

ਝਬਾਲ (ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ ਸਿੰਘ ਚੀਚਾ) - ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ 17 ਫਰਵਰੀ ਨੂੰ ਜਲੰਧਰ ਵਿਖੇ ਲਾ-ਮਿਸਾਲ ਰੈਲੀ ਕੀਤੀ ਜਾ ਰਹੀ ਹੈ। ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ-ਪਿੰਡ ਪਹੁੰਚ ਕਰਕੇ ਕਿਸਾਨਾਂ ਨੂੰ ਲਾਮਬੱਧ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਢੰਡ ਸਥਿਤ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਕਿਸਾਨ ਆਗੂਆਂ ਨਾਲ ਇਕ ਮੀਟਿੰਗ ਮੰਗਲ ਸਿੰਘ ਸਾਂਘਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਥਾਂ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਹੱਕ ਮੰਗਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਖਤਰਨਾਕ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਗੰਡੀਵਿੰਡ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਇਕ ਮੰਚ 'ਤੇ ਇਕੱਤਰ ਹੋ ਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੋਕਣ ਲਈ ਸੰਘਰਸ਼ਸ਼ੀਲ ਹੋਣਾ ਪਵੇਗਾ, ਜਿਸ ਤਹਿਤ ਹੀ 17 ਫਰਵਰੀ ਨੂੰ ਜਲੰਧਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਦਿਆਂ ਦੇ ਕੱਚੇ ਚਿੱਠੇ ਖੋਲ੍ਹਣ ਅਤੇ ਕਾਲੇ ਕਾਨੂੰਨਾਂ ਵਿਰੋਧ ਡੱਟਣ ਲਈ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ 'ਚ ਕਿਸਾਨ ਅਤੇ ਮਜ਼ਦੂਰ ਵਹੀਰਾਂ ਘੱਤ ਕੇ ਪਹੁੰਚਣ ਤਾਂ ਜੋ ਸਰਕਾਰਾਂ ਦੇ ਬੰਦ ਕੰਨ 'ਤੇ ਅੱਖਾਂ ਖੋਲੀਆਂ ਜਾ ਸਕਣ। ਇਸ ਮੌਕੇ ਗੁਰਵਿੰਦਰ ਸਿੰਘ ਦੋਦੇ, ਹਰਦੀਪ ਸਿੰਘ ਦੋਦੇ, ਰਣਧੀਰ ਸਿੰਘ ਚੀਮਾ, ਜਸਬੀਰ ਸਿੰਘ ਚੀਮਾ, ਪੂਰਨ ਸਿੰਘ ਜਗਤਪੁਰਾ, ਸਾਹਿਬ ਸਿੰਘ ਚੀਮਾ, ਹਰਭਜਨ ਸਿੰਘ ਚੀਮਾ, ਸੰਦੀਪ ਸਿੰਘ ਚੀਮਾ, ਸ਼ਮਸ਼ੇਰ ਸਿੰਘ ਸਾਂਘਣਾ, ਸ਼ਮਸ਼ੇਰ ਸਿੰਘ ਚੀਮਾ, ਪ੍ਰਗਟ ਸਿੰਘ ਗੰਡੀਵਿੰਡ, ਜਰਨੈਲ ਸਿੰਘ ਰਸੂਲਪੁਰ, ਨਿਰਮਲ ਸਿੰਘ ਚੀਮਾ, ਬਲਵਿੰਦਰ ਸਿੰਘ ਚੀਮਾ, ਸਵਿੰਦਰ ਸਿੰਘ ਦੋਦੇ, ਮੁੱਖਵੰਤ ਸਿੰਘ ਚੀਮਾ, ਮੋਹਕਮ ਸਿੰਘ ਚੀਮਾ, ਗੁਰਬਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।


Related News