ਪੰਜਾਬ ਭਰ ’ਚ 3 ਜਨਵਰੀ ਨੂੰ ਮਨਾਇਆ ਜਾਵੇਗਾ ਕਾਲਾ ਦਿਵਸ : ਸ਼ਾਹੀ ਇਮਾਮ

Sunday, Dec 29, 2019 - 10:55 PM (IST)

ਪੰਜਾਬ ਭਰ ’ਚ 3 ਜਨਵਰੀ ਨੂੰ ਮਨਾਇਆ ਜਾਵੇਗਾ ਕਾਲਾ ਦਿਵਸ : ਸ਼ਾਹੀ ਇਮਾਮ

ਲੁਧਿਆਣਾ, (ਸਲੂਜਾ)- ਅੱਜ ਇਥੇ ਇਤਿਹਾਸਕ ਜਾਮਾ ਮਸਜਿਦ ਲੁਧਿਆਣਾ ’ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਪ੍ਰਧਾਨਗੀ ’ਚ ਸੂਬੇ ਦੇ ਸਾਰੇ ਸ਼ਹਿਰਾਂ ਦੀਆਂ ਮਸਜਿਦਾਂ ਦੇ ਇਮਾਮ ਸਾਹਿਬਾਨ, ਮੁਫਤੀ ਸਾਹਿਬਾਨ, ਮੁਸਲਮਾਨ ਸੰਸਥਾਵਾਂ ਦੇ ਮੈਂਬਰਾਂ, ਮੁਸਲਮਾਨ ਬੁੱਧੀਜੀਵੀ, ਮੁਸਲਮਾਨ ਸਮਾਜਿਕ ਅਤੇ ਸਿਆਸੀ ਨੇਤਾਵਾਂ ਦੀ ਮਹੱਤਵਪੂਰਨ ਮੀਟਿੰਗ ਹੋਈ।

ਇਸ ਮੌਕੇ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਕਾਨੂੰਨ ’ਚ ਕੀਤੀ ਗਈ ਸੋਧ ਦੀ ਨਿੰਦਾ ਕਰਦੇ ਹੋਏ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਦਿੱਲੀ ਅਤੇ ਕਰਨਾਟਕ ਪੁਲਸ ਵੱਲੋਂ ਸ਼ਾਂਤੀਪੂਰਵਕ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਕੀਤੇ ਗਏ ਜ਼ੁਲਮ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ।

ਬੈਠਕ ’ਚ ਸਰਬਸੰਮਤੀ ਨਾਲ ਇਹ ਪ੍ਰਸਤਾਵ ਪਾਸ ਕੀਤਾ ਗਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਧਰਮ ਦੇ ਆਧਾਰ ’ਤੇ ਵੰਡਣ ਦੀ ਨੀਤੀ ਅਤੇ ਉੱਤਰ ਪ੍ਰਦੇਸ਼ ਪੁਲਸ ਦੀ ਧੱਕੇਸ਼ਾਹੀ ਦੇ ਖਿਲਾਫ 3 ਜਨਵਰੀ ਨੂੰ ਪੰਜਾਬ ਭਰ ’ਚ ਕਾਲਾ ਦਿਵਸ ਮਨਾਇਆ ਜਾਵੇਗਾ। ਇਸ ਦਿਨ ਸਾਰੇ ਲੋਕ ਕਾਲੀਆਂ ਪੱਟੀਆਂ ਬੰਨ੍ਹ ਕੇ ਜੁੰਮੇ ਦੀ ਨਮਾਜ਼ ਅਦਾ ਕਰਨਗੇ ਅਤੇ ਫਿਰ ਰੋਸ ਮੁਜ਼ਾਹਰੇ ’ਚ ਕਾਲੇ ਝੰਡੇ ਲੈ ਕੇ ਆਪਣੇ-ਆਪਣੇ ਜ਼ਿਲਾ ਅਧਿਕਾਰੀਆਂ ਨੂੰ ਮਾਣਯੋਗ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇਣਗੇ।

ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਕਾਲੇ ਕਾਨੂੰਨ ਦਾ ਦੇਸ਼-ਵਿਆਪੀ ਵਿਰੋਧ ਜਾਰੀ ਰਹੇਗਾ ਕਿਉਂਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ ਅਤੇ ਅਸੀਂ ਕਿਸੇ ਕੀਮਤ ’ਤੇ ਆਪਣੇ ਦੇਸ਼ ਦੇ ਦਸਤੂਰ ਨੂੰ ਬਦਲਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਸੂਬਿਆਂ ਖਾਸ ਕਰ ਕੇ ਉੱਤਰ ਪ੍ਰਦੇਸ਼ ’ਚ ਸੂਬਾ ਪੁਲਸ ਨੇ ਜੋ ਧੱਕੇਸ਼ਾਹੀ ਦਾ ਨੰਗਾ ਨਾਚ ਕੀਤਾ ਹੈ ਉਸ ਨਾਲ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਯੋਗੀ ਦੀ ਪੁਲਸ ਨੇ ਨਾ ਸਿਰਫ ਸ਼ਾਂਤੀਪੂਰਵਕ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਕੀਤਾ, ਸਗੋਂ ਗੋਲੀਆਂ ਵੀ ਚਲਾਈਆਂ ਅਤੇ ਮੁਸਲਮਾਨਾਂ ਨੂੰ ਪਾਕਿਸਤਾਨ ਜਾਣ ਦੀਆਂ ਸ਼ਰੇਆਮ ਧਮਕੀਆਂ ਵੀ ਦਿੱਤੀਆਂ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਨੂੰ ਪੁਲਸ ਦਾ ਜ਼ੁਲਮ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸੱਤਾ ’ਚ ਬੈਠੇ ਲੋਕਾਂ ਨੂੰ ਆਪਣਾ ਬਣਾਇਆ ਗਲਤ ਕਾਨੂੰਨ ਠੀਕ ਸਿੱਧ ਕਰਨ ਲਈ ਰੈਲੀਆਂ ਕਰਨੀਆਂ ਪੈ ਰਹੀਆਂ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਉੱਤਰ ਪ੍ਰਦੇਸ਼ ਸਮੇਤ ਉਨ੍ਹਾਂ ਸਾਰੇ ਸੂਬਿਆਂ ਦੇ ਪੁਲਸ ਅਫਸਰਾਂ ਖਿਲਾਫ ਕਾਨੂੰਨ ਦੀ ਉਲੰਘਣਾ ਅਤੇ ਹੱਤਿਆ ਕਰਨ ਦਾ ਮੁਕੱਦਮਾ ਦਰਜ ਹੋਵੇਗਾ, ਜਿਨ੍ਹਾਂ ਨੇ ਬੇਕਸੂਰ ਲੋਕਾਂ ਨੂੰ ਮਾਰਿਆ ਹੈ। ਇਸ ਮੀਟਿੰਗ ’ਚ ਪੂਰੇ ਪੰਜਾਬ ਤੋਂ 600 ਤੋਂ ਜ਼ਿਆਦਾ ਇਮਾਮ ਸਾਹਿਬਾਨ ਦੇ ਨਾਲ-ਨਾਲ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂ ਵਿਸ਼ੇਸ਼ ਰੂਪ ’ਚ ਹਾਜ਼ਰ ਸਨ।


author

Bharat Thapa

Content Editor

Related News