ਹਰਿਆਣਾ ਦੇ ਕਿਸਾਨਾਂ ''ਤੇ ਹਿਸਾਰ ਵਿਖੇ ਕੀਤੇ ਲਾਠੀਚਾਰਜ ਦੇ ਵਿਰੋਧ ''ਚ BKU ਵਲੋਂ ਅਰਥੀ ਫੂਕ ਪ੍ਰਦਰਸ਼ਨ

Tuesday, May 18, 2021 - 09:55 PM (IST)

ਹਰਿਆਣਾ ਦੇ ਕਿਸਾਨਾਂ ''ਤੇ ਹਿਸਾਰ ਵਿਖੇ ਕੀਤੇ ਲਾਠੀਚਾਰਜ ਦੇ ਵਿਰੋਧ ''ਚ BKU ਵਲੋਂ ਅਰਥੀ ਫੂਕ ਪ੍ਰਦਰਸ਼ਨ

ਭਵਾਨੀਗੜ੍ਹ /ਨਵੀਂ ਦਿੱਲੀ(ਕਾਂਸਲ)- ਹਰਿਆਣਾ ਦੇ ਕਿਸਾਨਾਂ 'ਤੇ ਹਿਸਾਰ ਵਿਖੇ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਵੱਲੋਂ ਟਿਕਰੀ ਬਾਰਡਰ 'ਤੇ ਪਕੌੜਾ ਚੌਕ ਵਿੱਚ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦੀਆਂ ਅਰਥੀਆਂ ਸਾੜੀਆਂ।
ਅੱਜ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਰਿਆਣੇ ਦੇ ਸ਼ਹਿਰ ਹਿਸਾਰ ਦੇ ਹਾਂਸੀ ਇਲਾਕੇ ਵਿੱਚ ਕੋਰੋਨਾ ਬਿਮਾਰੀ ਦੇ ਨਾਂ 'ਤੇ ਸਕੂਲ ਦੇ ਅੰਦਰ 500 ਬੈੱਡਾਂ ਦਾ ਹਸਪਤਾਲ ਬਣਾਇਆ ਗਿਆ ਸੀ ਜਿਸ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੀਤਾ ਜਾਣਾ ਸੀ। ਉੱਥੇ ਕਿਸਾਨਾਂ ਦੇ ਵਿਰੋਧ ਦੇ ਡਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸ ਬਲ ਅਤੇ ਬੈਰੀਕੇਡਿੰਗ ਕੀਤੀ ਗਈ ਸੀ। ਕਾਲੇ ਕਾਨੂੰਨਾਂ ਨੂੰ ਲੈ ਕੇ ਭਾਜਪਾ ਹਕੂਮਤ ਦਾ ਸਾਰੇ ਹੀ ਭਾਰਤ ਅੰਦਰ ਵਿਰੋਧ ਹੋ ਰਿਹਾ ਹੈ। ਇਸੇ ਕੜੀ ਵਜੋਂ ਹਰਿਆਣੇ ਦੇ ਅੰਦਰ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਬੀਤੀ ਕੱਲ ਕਿਸਾਨਾਂ ਦੇ ਵਿਰੋਧ ਨੂੰ ਕੁਚਲਣ ਵਾਸਤੇ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਨੇ ਭਾਜਪਾ ਹਕੂਮਤ ਦੇ ਇਸਾਰੇ 'ਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ 'ਤੇ ਅੱਥਰੂ ਗੈਸ, ਸਿੱਧੀਆਂ ਗੋਲੀਆਂ ਅਤੇ ਲਾਠੀਚਾਰਜ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਕਿਸਾਨ, ਮਜ਼ਦੂਰ ਜ਼ਖ਼ਮੀ ਹੋਏ। ਜਿਸ ਦੇ ਵਿਰੋਧ ਵਿੱਚ ਅੱਜ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਕੌੜਾ ਚੌਕ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਅਰਥੀਆਂ ਸਾੜ ਕੇ ਇਸ ਘਟਨਾ ਕਰਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਇਨਸਾਫ ਦੀ ਮੰਗ ਕੀਤੀ ਗਈ। 

PunjabKesari

ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਨੇ ਕਿਹਾ ਕਿ ਭਾਜਪਾ ਹਕੂਮਤ ਵੱਲੋਂ ਖੇਤੀਬਾੜੀ ਧੰਦੇ ਨੂੰ ਤਬਾਹ ਕਰਨ ਵਾਲੇ ਕਾਨੂੰਨ ਬਣਾ ਲਏ ਹਨ। ਅੱਜ ਭਗਤ ਸਿੰਘ ਦੇ ਸਾਥੀ ਮਹਾਂਵੀਰ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਸਟੇਜ ਤੋਂ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਮਹਾਵੀਰ ਸਿੰਘ ਅਤੇ ਬੁਟਕੇਸ਼ਵਰ ਦੱਤ 1930 ਵਿੱਚ ਨੌਜਵਾਨ ਭਾਰਤ ਸਭਾ ਦੇ ਮੈਂਬਰ ਬਣੇ। ਇਨ੍ਹਾਂ ਯੋਧਿਆਂ ਨਾਲ ਦੁਰਗਾਵਤੀ ਵੀ ਸ਼ਾਮਿਲ ਹੋਈ। 4 ਦਸੰਬਰ 1928 ਨੂੰ ਬੈਂਕ ਦੀ ਡਕੈਤੀ ਜੋ ਲਾਹੌਰ ਵਿੱਚ ਹੋਈ ਸੀ ਉਸ ਸਮੇਂ ਮਹਾਂਵੀਰ ਸਿੰਘ ਨੇ ਅੰਗਰੇਜ਼ ਸੁਪਰਡੈਂਟ ਸੂਜੈਂਡਰ ਦਾ ਕਤਲ ਕੀਤਾ ਸੀ ਜਿਸ ਨੂੰ ਲਾਹੌਰ ਸਾਜ਼ਿਸ਼ ਕੇਸ ਨਾਲ ਜਾਣਿਆ ਜਾਂਦਾ ਹੈ। ਇਸ ਕੇਸ ਵਿੱਚ ਇਹਨਾਂ ਯੋਧਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਅੰਡੇਮਾਨ (ਕਾਲੇ ਪਾਣੀ) ਦੀ ਜੇਲ੍ਹ ਭੇਜ ਦਿੱਤਾ ਗਿਆ ਸੀ। ਜੇਲ੍ਹ ਦੇ ਘਟੀਆ ਪ੍ਰਬੰਧ ਨੂੰ ਲੈ ਕੇ ਮਹਾਂਵੀਰ ਸਿੰਘ ਨੇ ਭੁੱਖ ਹੜਤਾਲ ਕਰ ਦਿੱਤੀ ਸੀ ਜੇਲ੍ਹ ਪ੍ਰਬੰਧਕਾਂ ਨੇ ਧੱਕੇ ਨਾਲ ਪਾਈਪ ਰਾਹੀਂ ਖਾਣਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਖੁਰਾਕ ਸਾਹ ਵਾਲੀ ਨਾਲੀ ਅੰਦਰ ਜਾਣ ਕਰਕੇ 17 ਮਈ 1933 ਨੂੰ ਮਹਾਂਵੀਰ ਸਿੰਘ ਦੀ ਸ਼ਹਾਦਤ ਹੋ ਗਈ। ਕਿਸਾਨ ਆਗੂ ਨੇ ਦੱਸਿਆ ਕਿ ਸਾਡੇ ਇਨ੍ਹਾਂ ਯੋਧਿਆਂ ਨੇ ਲੋਕਾਂ ਦੀ ਖਲਾਸੀ ਕਰਵਾਉਣ ਲਈ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਲੜੀ।
ਔਰਤ ਵਿੰਗ ਦੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਪੂਰੇ ਦੇਸ਼ ਅੰਦਰ ਕੋਰੋਨਾ ਦੇ ਨਾਂ ਹੇਠ ਮੌਕੇ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀਆਂ ਹਨ। ਦੇਸ਼ ਅੰਦਰ ਆਕਸੀਜਨ ਦੀ ਬਲੈਕ ਹੋ ਰਹੀ ਹੈ, ਦਵਾਈਆਂ ਦੀ, ਵੈਂਟੀਲੇਟਰਾਂ,ਆਈਸੀਯੂ ਅਤੇ ਲੋੜੀਂਦੇ ਡਾਕਟਰਾਂ ਦੀ ਘਾਟ ਕਾਰਨ ਹਜ਼ਾਰਾਂ ਲੋਕ ਮੌਤ ਦੇ ਮੂੰਹ ਧੱਕੇ ਜਾ ਰਹੇ ਹਨ। ਪ੍ਰਾਈਵੇਟ ਹਸਪਤਾਲ ਇਲਾਜ ਅਧੀਨ ਲੋਕਾਂ ਦੀ ਛਿੱਲ ਲਾਹ ਰਹੇ ਹਨ। ਲੋਕਾਂ ਦੇ ਜਾਨ ਮਾਲ ਦੀ ਕੋਈ ਪਰਵਾਹ ਨਹੀਂ ਸਗੋਂ ਉਲਟਾ ਲਾਕਡਾਊਨ ਕਰ ਕੇ ਲੋਕਾਂ ਨੂੰ ਅੰਦਰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਰੇ ਕਾਰੋਬਾਰ ਬੰਦ ਹੋਣ ਕਰਕੇ ਲੋਕ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ। ਅੱਜ ਸਟੇਜ ਤੋਂ ਸੁਦਾਗਰ ਸਿੰਘ ਘੁਡਾਣੀ ਕਲਾਂ, ਸੁਖਵੰਤ ਸਿੰਘ, ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਬਰਨਾਲਾ, ਅਵਤਾਰ ਸਿੰਘ ਉਤਰਾਖੰਡ ਅਤੇ ਮੁਨੀਸ਼ ਕੁਮਾਰ ਉੱਤਰਾਖੰਡ ਨੇ ਵੀ ਸੰਬੋਧਨ ਕੀਤਾ।


author

Bharat Thapa

Content Editor

Related News