BKU ਏਕਤਾ ਡਕੌਂਦਾ ਵਿਚਾਲੇ ਗਰਮਾਇਆ ਵਿਵਾਦ, ਬਰਖ਼ਾਸਤ ਆਗੂਆਂ ਨੇ ਬੁਲਾਈ ਜਨਰਲ ਕੌਂਸਲ

02/09/2023 11:03:02 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ)-ਪੰਜਾਬ ਦੀ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਲੀਡਰਸ਼ਿਪ ਵਿਚਾਲੇ ਚੱਲ ਰਿਹਾ ਵਿਵਾਦ ਠੱਲ੍ਹਣ ਦਾ ਨਾਂ ਨਹੀਂ ਲੈ ਰਿਹਾ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਤਿੰਨ ਹੋਰ ਸੂਬਾਈ ਆਗੂਆਂ ਸਮੇਤ 6 ਆਗੂਆਂ ਨੂੰ ਬਰਖ਼ਾਸਤ ਕਰਨ ਦੇ ਵਿਰੋਧ ’ਚ ਅੱਜ ਬਰਖ਼ਾਸਤ ਆਗੂਆਂ ਵੱਲੋਂ ਪਿੰਡ ਰਾਮਾ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਰਾਜੂ ਦੀ ਅਗਵਾਈ ’ਚ ਵੱਡੀ ਰੈਲੀ ਕਰ ਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰਦਿਆਂ ਆਉਣ ਵਾਲੇ ਦਿਨਾਂ ’ਚ ਜਨਰਲ ਕੌਂਸਲ ਬੁਲਾਉਣ ਦਾ ਐਲਾਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਧਨੇਰ, ਸਾਹਿਬ ਸਿੰਘ ਬਡਬਰ ਨੇ ਕਿਹਾ ਕਿ ਸੂਬਾ ਲੀਡਰਸ਼ਿਪ ਦੇ ਇਕ ਧੜੇ ਵੱਲੋਂ ਫੁੱਟਪਾਊ, ਗੈਰ-ਸੰਵਿਧਾਨਕ, ਗੈਰ-ਜਥੇਬੰਦਕ, ਧੜੇਬੰਦਕ ਅਮਲ ਰਾਹੀਂ 2 ਫਰਵਰੀ ਦੀ ਸੂਬਾਈ ਮੀਟਿੰਗ ’ਚ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਟਰੱਕ ਤੇ ਆਟੋ ਰਿਕਸ਼ਾ ਵਿਚਾਲੇ ਵਾਪਰਿਆ ਭਿਆਨਕ ਹਾਦਸਾ, 7 ਸਕੂਲੀ ਵਿਦਿਆਰਥੀਆਂ ਦੀ ਮੌਤ

ਇਸੇ ਹੀ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਬਰਨਾਲਾ ਜ਼ਿਲ੍ਹੇ ਦੇ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਲਾਕ ਬਰਨਾਲਾ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀ ਕਲਾਂ ਨੂੰ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਸੀ। ਬੂਟਾ ਸਿੰਘ ਬੁਰਜਗਿੱਲ ਦੇ ਧੜੇ ਵੱਲੋਂ ਅਜਿਹੇ ਹੋਛੇ ਹੱਥਕੰਡਿਆਂ ਬਾਰੇ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਅਤੇ ਸਰਕਾਰ ਨਾਲ ਮਿਲ ਕੇ ਘੋਲ ਨੂੰ ਹਰਜਾ ਪਹੁੰਚਾਉਣ ਲਈ ਕੀਤੀਆਂ ਕਾਰਵਾਈਆਂ ਖਿਲਾਫ 6 ਦਸੰਬਰ, 2022 ਨੂੰ ਐੱਸ. ਕੇ. ਐੱਮ. ਦੀ ਪੜਤਾਲੀਆ ਕਮੇਟੀ ਵੱਲੋਂ ਜਾਰੀ ਕੀਤੇ ਨੋਟਿਸ ਉੱਪਰ ਵਿਚਾਰ ਕਰਨ ਤੋਂ ਲੀਡਰਸ਼ਿਪ ਭਗੌੜੀ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਟਾਂਡਾ ਉੜਮੁੜ ਵਿਖੇ ਪੁਲਸ ਮੁਲਾਜ਼ਮ ਦੇ ਸਿਰ 'ਚ ਲੱਗੀ ਗੋਲ਼ੀ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ

ਆਗੂਆਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਸੂਬਾ ਪ੍ਰਧਾਨ ਬੁਰਜਗਿੱਲ ਲੰਬੇ ਸਮੇਂ ਤੋਂ ਫੁੱਟਪਾਊ, ਗੈਰ-ਸੰਵਿਧਾਨਕ, ਗੈਰ-ਜਥੇਬੰਦਕ, ਧੜੇਬੰਦਕ ਅਮਲ ਚਲਾ ਰਿਹਾ ਹੈ। ਹੁਣ 5 ਫਰਵਰੀ ਨੂੰ ਬੌਖ਼ਲਾਹਟ ’ਚ ਆ ਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਦੋ ਹੋਰ ਸੀਨੀਅਰ ਸੂਬਾਈ ਆਗੂਆਂ ਨੂੰ ਜਥੇਬੰਦੀ ’ਚੋਂ ਖਾਰਿਜ ਕਰਨ ਦਾ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ। ਬੂਟਾ ਸਿੰਘ ਬੁਰਜਗਿੱਲ ਦਾ ਧੜਾ ਸੰਵਿਧਾਨ ਦੇ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਬੁਖਲਾਹਟ ’ਚ ਆ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਾਡੇ ਸੂਬਾ ਆਗੂ ਦਿੱਲੀ ਮੋਰਚੇ ਦੌਰਾਨ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਵੱਲੋਂ ਕੇਂਦਰੀ ਏਜੰਸੀਆਂ ਦੇ ਇਸ਼ਾਰਿਆਂ ’ਤੇ ਕੀਤੀਆਂ ਸਾਂਝ ਭਿਆਲੀ ਵਾਲੀਆਂ ਕਾਰਵਾਈਆਂ ਨੂੰ ਸੰਵਿਧਾਨਕ ਅਦਾਰਿਆਂ ਵਿਚ ਵਿਚਾਰਨ ਲਈ ਲਿਖਤੀ ਅਤੇ ਜ਼ੁਬਾਨੀ ਇਕ ਸਾਲ ਤੋਂ ਮੰਗ ਕਰ ਰਹੇ ਸਨ ਪਰ ਇਹ ਧੜਾ ਅਦਾਰਿਆਂ ਵਿਚ ਇਨ੍ਹਾਂ ਵਿਸ਼ਿਆਂ ਉੱਪਰ ਵਿਚਾਰ-ਵਟਾਂਦਰਾ ਕਰਨ ਤੋਂ ਟਾਲਾ ਵੱਟ ਰਿਹਾ ਸੀ। ਬੂਟਾ ਸਿੰਘ ਬੁਰਜਗਿੱਲ ਦਾ ਧੜਾ ਕੇਂਦਰੀ ਏਜੰਸੀਆਂ ਦੇ ਇਸ਼ਾਰੇ ਅਨੁਸਾਰ ਦਿੱਲੀ ਮੋਰਚੇ ਸਮੇਂ ਚੱਲਦੇ ਘੋਲ ਦੌਰਾਨ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋ ਸਕਿਆ। ਹੁਣ ਇਕ ਵਾਰ ਫੇਰ ਐੱਸ. ਕੇ. ਐੱਮ. ਦੀ ਅਗਵਾਈ ਵਿਚ 9 ਦਸੰਬਰ 2021 ਨੂੰ ਲਿਖਤੀ ਸਮਝੌਤਾ ਕਰਨ ਵੇਲੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝਾ ਕਿਸਾਨ ਸੰਘਰਸ਼ ਦਿੱਲੀ ਦੀਆਂ ਬਰੂਹਾਂ ਵੱਲ ਵਹੀਰਾਂ ਘੱਤਣ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਜਥੇਬੰਦੀ ’ਚੋਂ ਸੂਬਾ ਆਗੂਆਂ ਨੂੰ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਉਲੰਘਕੇ ਖਾਰਿਜ ਕਰ ਕੇ ਇਕ ਜੁੱਟ ਕਿਸਾਨ ਨੂੰ ਗੰਭੀਰ ਹਰਜ਼ਾ ਪਹੁੰਚਣ ਦੀ ਸਾਜ਼ਿਸ਼ ਰਚ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਲਈ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਭ੍ਰਿਸ਼ਟਾਚਾਰ ਮਾਮਲੇ ’ਤੇ ਮਾਨ ਸਰਕਾਰ ਸਖ਼ਤ, ਪੜ੍ਹੋ Top 10

ਆਗੂਆਂ ਨੇ ਕਿਹਾ ਕਿ ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਬੁਖਲਾਹਟ ਵਿਚ ਆ ਕੇ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਦਾ ਡਟਕੇ ਲੋਕ ਸੱਥਾਂ ਵਿਚ ਵਿਰੋਧ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਨੂੰ ਹਰ ਹਾਲਾਤ ਵਿਚ ਬੁਲੰਦ ਰੱਖਿਆ ਜਾਵੇਗਾ। ਬੂਟਾ ਸਿੰਘ ਬੁਰਜਗਿੱਲ ਦੀਆਂ ਅਜੇਹੀਆਂ ਕਾਰਵਾਈਆਂ ਨੂੰ ਵਿਚਾਰਨ ਲਈ ਜਲਦ ਹੀ ਜਥੇਬੰਦੀ ਦੀ ਸੰਵਿਧਾਨਕ ਮਰਿਆਦਾ ਅਨੁਸਾਰ ਉੱਚਤਮ ਅਦਾਰੇ ਜਨਰਲ ਕੌਂਸਲ ਬੁਲਾਈ ਗਈ ਹੈ। ਇਹ ਜਨਰਲ ਕੌਂਸਲ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਬਲਵੰਤ ਉੱਪਲੀ, ਕਿਸ਼ਨਗੜ੍ਹ ਅਤੇ ਹੋਰ ਸੂਬਾਈ ਆਗੂਆਂ ਦੀ ਅਗਵਾਈ ਹੇਠ ਹੋਵੇਗੀ। ਇਸ ਮੌਕੇ ਕਰਮਜੀਤ ਸਿੰਘ, ਲਛਮਣ ਸਿੰਘ ਰਾਮਾ, ਸੁਖਮੰਦਰ ਸਿੰਘ ਭਾਗੀਕੇ, ਜਰਨੈਲ ਸਿੰਘ ਬਿਲਾਸਪੁਰ, ਜਗਸੀਰ ਸਿੰਘ ਮੱਲੇਆਣਾ, ਲਖਵੀਰ ਸਿੰਘ ਦੌਧਰ, ਸੀਰਾ ਸਿੰਘ ਰੋਡੇ, ਗੁਰਮੇਲ ਸਿੰਘ ਖੋਟੇ ਆਦਿ ਆਗੂਆਂ ਨੇ ਬੀ. ਕੇ. ਯੂ. ਏਕਤਾ ਡਕੌਂਦਾ ਜ਼ਿਲਾ ਮੋਗਾ ਦੇ ਜਨਰਲ ਕੌਂਸਲ ਮੈਂਬਰਾਂ ਨੂੰ ਆਪਣੀ ਜਥੇਬੰਦੀ ਨੂੰ ਹੋਰ ਵੱਧ ਮਜ਼ਬੂਤ ਕਰਨ ਲਈ ਪੂਰੇ ਇਨਕਲਾਬੀ ਜ਼ੋਰ ਸ਼ਾਮਲ ਹੋਣ ਦੀ ਅਪੀਲ ਕੀਤੀ।

 


Manoj

Content Editor

Related News