ਧਾਰਾ 370 ਹੱਟਣ ਦਾ ਜਸ਼ਨ ਮਨਾਉਣਾ ਭਾਜਪਾ ਵਰਕਰਾਂ ਨੂੰ ਪਿਆ ਮਹਿੰਗਾ (ਵੀਡੀਓ)
Tuesday, Aug 06, 2019 - 10:39 AM (IST)
ਫਤਿਹਗੜ੍ਹ ਸਾਹਿਬ (ਜੱਜੀ, ਵਿਪਨ)— ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਅਤੇ ਲੱਦਾਖ ਬਾਰੇ ਫੈਸਲਾ ਕੀਤੇ ਜਾਣ ਤੋਂ ਬਾਦ ਜ਼ਿਲਾ ਭਾਜਪਾ ਵੱਲੋਂ ਸਰਹਿੰਦ ਵਿਖੇ ਲੱਡੂ ਵੰਡੇ ਜਾਣ ਮੌਕੇ ਫਤਿਹਗੜ੍ਹ ਸਾਹਿਬ ਪੁਲਸ ਨੇ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਥਾਣਾ ਫਤਿਹਗੜ੍ਹ ਸਾਹਿਬ ਲੈ ਗਈ, ਇਸ ਮੌਕੇ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਅੱਜ ਜ਼ਿਲਾ ਭਾਜਪਾ ਦੇ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ਵਿਚ ਸਰਹਿੰਦ ਮੰਡੀ ਮੇਨ ਬਾਜ਼ਾਰ ਵਿਚ ਲੱਡੂ ਵੰਡੇ ਜਾਣੇ ਸਨ ਕਿ ਜ਼ਿਲਾ ਭਾਜਪਾ ਦੇ ਜਨਰਲ ਸਕੱਤਰ ਸ਼ਸ਼ੀ ਭੂਸ਼ਣ ਗੁਪਤਾ ਅਤੇ ਹੋਰ ਵਰਕਰਾਂ ਨੂੰ ਪੁਲਸ ਨੇ ਥਾਣੇ ਵਿਚ ਬੁਲਾ ਕੇ ਬਿਠਾ ਲਿਆ। ਇਸ ਤੋਂ ਬਾਅਦ ਭਾਜਪਾ ਵਰਕਰ ਸ਼ਸ਼ੀ ਭੂਸ਼ਣ ਗੁਪਤਾ ਦੇ ਦਫਤਰ ਵਿਚ ਇਕੱਠੇ ਹੋਣੇ ਸ਼ੂਰੂ ਹੋ ਗਏ। ਉਸੇ ਸਮੇਂ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ, ਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐੱਚ. ਓ. ਜੀ. ਐਸ. ਸਿਕੰਦ, ਥਾਣਾ ਸਰਹਿੰਦ ਦੇ ਐਸ. ਐੱਚ. ਓ. ਰਜਨੀਸ਼ ਸੂਦ, ਪੁਲਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਹਰਮਿੰਦਰ ਸਿੰਘ ਪੁਲਸ ਪਾਰਟੀ ਸਮੇਤ ਉਥੇ ਪਹੁੰਚ ਗਏ। ਡੀ. ਐੱਸ. ਪੀ. ਸਾਹਿਬ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਸਰਕਾਰ ਦੇ ਹੁਕਮ ਹਨ ਕਿ ਲੱਡੂ ਨਾ ਵੰਡੇ ਜਾਣ, ਕਿਉਕਿ ਲੱਡੂ ਵੰਡਣ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਪਰ ਭਾਜਪਾ ਵਾਲੇ ਲੱਡੂ ਵੰਡਣ ਲਈ ਪੂਰੀ ਤਰ੍ਹਾਂ ਤਿਆਰ ਸਨ, ਜਿਵੇਂ ਹੀ ਭਾਜਪਾ ਵਰਕਰਾਂ ਨੇ ਪ੍ਰਦੀਪ ਗਰਗ ਦੀ ਅਗਵਾਈ ਵਿਚ ਲੱਡੂ ਵੰਡਣੇ ਸ਼ੁਰੂ ਕੀਤੇ ਤਾਂ ਉਸੇ ਸਮੇਂ ਪੁਲਸ ਨੇ ਭਾਜਪਾ ਦੇ ਪ੍ਰਦੀਪ ਗਰਗ, ਮਨੋਜ ਗੁਪਤਾ, ਨਰੇਸ਼ ਸਰੀਨ, ਵਿਨੈ ਗੁਪਤਾ ਅਤੇ ਹੋਰ ਵਰਕਰਾਂ ਨੂੰ ਫੜ ਕੇ ਗੱਡੀ ਵਿਚ ਬਿਠਾ ਲਿਆ। ਜਿਸ ਤੋਂ ਗੁੱਸੇ ਵਿਚ ਆਏ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਵਰਕਰ ਪੁਲਸ ਦੀ ਗੱਡੀ ਵਿਚ ਬੈਠੇ ਹੋਏ ਥਾਣਾ ਫਤਿਹਗੜ੍ਹ ਸਾਹਿਬ ਤੱਕ ਨਾਅਰੇਬਾਜ਼ੀ ਕਰਦੇ ਗਏ। ਇਸ ਮੌਕੇ ਅਸ਼ੋਕ ਧੀਮਾਨ ਭਾਜਪਾ ਮੰਡਲ ਪ੍ਰਧਾਨ ਸਰਹਿੰਦ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਸੁਮਿਤ ਸ਼ਰਮਾ, ਮਨੀਸ਼ ਧੀਮਾਨ ਅਤੇ ਹੋਰ ਹਾਜ਼ਰ ਸਨ।
ਪ੍ਰਦੀਪ ਗਰਗ ਨੇ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਹੈ। ਭਾਜਪਾ ਵਰਕਰ ਸ਼ਾਂਤਮਈ ਢੰਗ ਨਾਲ ਲੱਡੂ ਵੰਡਣਾ ਚਾਹੁੰਦੇ ਸੀ, ਪਰ ਪੁਲਸ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਦੇਸ਼ ਵਿਚੋਂ ਸਫਾਇਆ ਹੋ ਗਿਆ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚੋਂ ਵੀ ਕਾਂਗਰਸ ਪਾਰਟੀ ਦਾ ਬੋਰੀ ਬਿਸਤਰਾ ਲੋਕ ਗੋਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਵਿਚ ਸਰਕਾਰ ਬਣਾ ਲਈ ਸੀ ਅਤੇ ਹੁਣ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਦੁਖੀ ਹਨ। ਲੋਕ ਇਨਸਾਫ ਲਈ ਦਫਤਰਾਂ ਵਿਚ ਗੇੜੇ ਲਗਾ ਰਹੇ ਹਨ। ਬਿਜਲੀ ਦੇ ਰੇਟ ਅਸਮਾਨ ਛੂਹ ਰਹੇ ਹਨ, ਪੁਲਸ ਆਪਣੀ ਮਰਜ਼ੀ ਨਾਲ ਰਾਜ ਕਰ ਰਹੀ ਹੈ, ਕਿਸਾਨ ਆਤਮਹੱਤਿਆਵਾਂ ਕਰ ਰਹੇ ਹਨ, ਮੁਲਾਜ਼ਮ ਸੜਕਾਂ 'ਤੇ ਟੈਂਟ ਲਗਾਈ ਬੈਠੇ ਹਨ, ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕ ਵੀ ਮੰਤਰੀਆਂ ਤੋਂ ਦੁਖੀ ਹਨ। ਜੋ ਮੰਤਰੀ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ ਅਤੇ ਮੁੱਖ ਮੰਤਰੀ ਕਿਸੇ ਨੂੰ ਮਿਲਦਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਵਰਕਰਾਂ ਦੀ ਵਧ ਰਹੀ ਸੰਖਿਆ ਤੋਂ ਘਬਰਾ ਕੇ ਕਾਂਗਰਸ ਸਰਕਾਰ ਵੱਲੋਂ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕਰਵਾਇਆ ਜਾ ਰਿਹਾ ਹੈ।