ਮੇਅਰ ਲਈ ਕਾਂਗਰਸ ਨੇ ਬਬਲਾ ਨੂੰ ਉਤਾਰਿਆ ਮੈਦਾਨ ''ਚ, ਭਾਜਪਾ ਅੱਜ ਤੈਅ ਕਰੇਗੀ ਨਾਂ
Wednesday, Jan 03, 2018 - 08:18 AM (IST)
ਚੰਡੀਗੜ੍ਹ (ਨੀਰਜ ਅਧਿਕਾਰੀ) - ਚੰਡੀਗੜ੍ਹ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਦੇ ਪਹਿਲੇ ਦਿਨ ਕਾਂਗਰਸ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਕਾਂਗਰਸ ਨੇ ਮੇਅਰ ਅਹੁਦੇ ਲਈ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂਕਿ ਸੀਨੀਅਰ ਡਿਪਟੀ ਮੇਅਰ ਲਈ ਸ਼ੀਲਾ ਫੂਲ ਸਿੰਘ ਤੇ ਡਿਪਟੀ ਮੇਅਰ ਲਈ ਰਵਿੰਦਰ ਕੌਰ ਗੁਜਰਾਲ ਨੂੰ ਉਮੀਦਵਾਰ ਬਣਾਇਆ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਹੁਦੇ ਲਈ ਚੋਣਾਂ 9 ਜਨਵਰੀ ਨੂੰ ਹੋਣਗੀਆਂ।
ਨਗਰ ਨਿਗਮ ਵਿਚ ਇਸ ਵਾਰ ਕਾਂਗਰਸ ਕੌਂਸਲਰਾਂ ਦੀ ਗਿਣਤੀ ਸਿਰਫ 4 ਹੈ, ਜਦੋਂਕਿ ਭਾਜਪਾ-ਅਕਾਲੀ ਦਲ ਗਠਜੋੜ ਬਹੁਮਤ ਵਿਚ ਹੈ। ਅਜਿਹੇ ਵਿਚ ਵੋਟਿੰਗ ਦੌਰਾਨ ਜੇਕਰ ਕੋਈ ਸਿਆਸੀ ਉਲਟਫੇਰ ਨਾ ਹੋਇਆ ਤਾਂ ਮੌਜੂਦਾ ਨਗਰ ਨਿਗਮ ਸਦਨ ਦੇ ਪੰਜ ਸਾਲਾਂ ਦੇ ਕਾਰਜਕਾਲ ਵਿਚ ਲਗਾਤਾਰ ਦੂਜੇ ਸਾਲ ਮਤਲਬ ਇਸ ਵਾਰ ਵੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਸੀਟਾਂ ਭਾਜਪਾ-ਅਕਾਲੀ ਦਲ ਗਠਜੋੜ ਦੀ ਝੋਲੀ ਵਿਚ ਜਾਣੀਆਂ ਤੈਅ ਮੰਨੀਆਂ ਜਾ ਰਹੀਆਂ ਹਨ। ਫਿਲਹਾਲ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਵਿਚ ਕਾਂਗਰਸ ਉਮੀਦਵਾਰਾਂ ਦੀ ਉਮੀਦਵਾਰੀ ਨੂੰ ਸਿਰਫ ਵਿਰੋਧੀ ਧਿਰ ਦੀ ਉਪਚਾਰਿਕਤਾ ਮੰਨਿਆ ਜਾ ਰਿਹਾ ਹੈ। ਨਾਮਜ਼ਦਗੀ ਲਈ ਸਾਰੇ ਕਾਂਗਰਸੀ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਤੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਸਮੇਤ ਕਈ ਕਾਂਗਰਸ ਆਗੂਆਂ ਨਾਲ ਨਗਰ ਨਿਗਮ ਦਫਤਰ ਪੁੱਜੇ ਤੇ ਇਥੇ ਮੇਅਰ ਅਹੁਦੇ ਲਈ ਦਵਿੰਦਰ ਸਿੰਘ ਬਬਲਾ, ਸੀਨੀਅਰ ਡਿਪਟੀ ਮੇਅਰ ਲਈ ਸ਼ੀਲਾ ਫੂਲ ਸਿੰਘ ਤੇ ਡਿਪਟੀ ਮੇਅਰ ਲਈ ਰਵਿੰਦਰ ਕੌਰ ਗੁਜਰਾਲ ਨੇ ਨਿਗਮ ਸਕੱਤਰ ਸੌਰਭ ਮਿਸ਼ਰਾ ਸਾਹਮਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲਈ ਬੁੱਧਵਾਰ ਨੂੰ ਨਾਮਜ਼ਦਗੀ ਦਾ ਆਖਰੀ ਦਿਨ ਹੈ, ਜਦੋਂਕਿ ਨਾਮਜ਼ਦਗੀ ਵਾਪਸੀ ਚੋਣਾਂ ਤੋਂ ਪਹਿਲਾਂ ਕਿਸੇ ਵੀ ਸਮੇਂ ਤਕ ਕੀਤੀ ਜਾ ਸਕਦੀ ਹੈ।
ਕਾਂਸਟੇਬਲ ਨਾਲ ਹੋਈ ਕਾਂਗਰਸੀਆਂ ਦੀ ਨੋਕ-ਝੋਕ
ਨਾਮਜ਼ਦਗੀ ਦੌਰਾਨ ਕਾਂਗਰਸੀਆਂ ਦੀ ਇਕ ਪੁਲਸ ਕਾਂਸਟੇਬਲ ਨਾਲ ਨੋਕ-ਝੋਕ ਹੋ ਗਈ। ਦਰਅਸਲ ਨਾਮਜ਼ਦਗੀ ਦੌਰਾਨ ਨਿਗਮ ਸਕੱਤਰ ਦੇ ਦਫਤਰ ਵਿਚ ਕਾਂਗਰਸੀਆਂ ਦੀ ਭੀੜ ਜ਼ਿਆਦਾ ਹੋ ਗਈ ਸੀ। ਕੁਝ ਕਾਂਗਰਸੀ ਨਿਗਮ ਸਕੱਤਰ ਦੀ ਕੁਰਸੀ ਪਿੱਛੇ ਖੜ੍ਹੇ ਹੋ ਗਏ ਤਾਂ ਨਿਗਮ ਸਕੱਤਰ ਨੇ ਉਨ੍ਹਾਂ ਨੂੰ ਕੁਰਸੀ ਦੇ ਪਿੱਛੋਂ ਹਟਣ ਲਈ ਕਿਹਾ। ਇਸ 'ਤੇ ਉਥੇ ਖੜ੍ਹੇ ਇਕ ਪੁਲਸ ਕਾਂਸਟੇਬਲ ਨੇ ਕਾਂਗਰਸੀਆਂ ਨੂੰ ਧੱਕੇ ਦੇ ਕੇ ਹਟਾਉਣਾ ਸ਼ੁਰੂ ਕੀਤਾ ਤਾਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਤੇ ਪ੍ਰਦੀਪ ਛਾਬੜਾ ਸਮੇਤ ਕਾਂਗਰਸੀ ਭੜਕ ਗਏ ਤੇ ਮਾਹੌਲ ਭਖ ਗਿਆ। ਬਾਂਸਲ ਤੇ ਛਾਬੜਾ ਨੇ ਧੱਕੇ ਮਾਰਨ 'ਤੇ ਸਖਤ ਇਤਜ਼ਾਰ ਪ੍ਰਗਟ ਕੀਤਾ। ਇਸ ਦੌਰਾਨ ਜਦੋਂ ਕਾਂਗਰਸੀ ਆਪਣੇ ਆਪ ਹੀ ਨਿਗਮ ਸਕੱਤਰ ਦੀ ਕੁਰਸੀ ਦੇ ਪਿੱਛੋਂ ਹਟ ਗਏ ਤਾਂ ਜਾ ਕੇ ਮਾਮਲਾ ਸ਼ਾਂਤ ਹੋਇਆ।
