'ਭਾਜਪਾ ਨਹੀਂ ਜਾਵੇਗੀ 200 ਪਾਰ, ਇਸ ਵਾਰ ਬਣੇਗੀ ਕਾਂਗਰਸ ਦੀ ਸਰਕਾਰ'

Tuesday, May 28, 2024 - 12:31 PM (IST)

'ਭਾਜਪਾ ਨਹੀਂ ਜਾਵੇਗੀ 200 ਪਾਰ, ਇਸ ਵਾਰ ਬਣੇਗੀ ਕਾਂਗਰਸ ਦੀ ਸਰਕਾਰ'

ਸ਼ਬਦਾਂ ਦੇ ਜਾਦੂਗਰ ਮੰਨੇ ਜਾਂਦੇ ਕਾਂਗਰਸ ਦੇ ਤੇਜ਼-ਤਰਾਰ ਆਗੂ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਸ਼ਸ਼ੀ ਥਰੂਰ ਨੇ ਜਿਥੇ ਦੇਸ਼ ਅੰਦਰ ਕਾਂਗਰਸ ਦੇ ਮੌਜੂਦਾ ਹਾਲਾਤਾਂ ਬਾਰੇ ਖੁੱਲ ਕੇ ਚਰਚਾ ਕੀਤੀ ਉਥੇ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਤਿੱਖੀਆਂ ਟਿਪਣੀਆਂ ਵੀ ਕੀਤੀਆਂ। ਥਰੂਰ ਨੇ ਦਾਅਵਾ ਕੀਤਾ ਕਿ ਇਸ ਵਾਰ ਭਾਜਪਾ 200 ਦਾ ਅੰਕੜਾ ਵੀ ਪਾਰ ਨਹੀਂ ਕਰ ਪਾਵੇਗੀ ਜਦਕਿ ਦੇਸ਼ ਅੰਦਰ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਸਵਾਲ : ਦੇਸ਼ ’ਚ ਇਸ ਵੇਲੇ ਸਿਆਸੀ ਹਾਲਾਤ ਕਿਵੇਂ ਦੇ ਹਨ?

ਜਵਾਬ : ਮੈਨੂੰ ਲੱਗਦਾ ਕਿ ਹੁਣ ਸਰਕਾਰ ਬਦਲਣ ਦਾ ਸਮਾਂ ਆ ਗਿਆ ਹੈ, 4 ਜੂਨ ਨੂੰ ਦੇਸ਼ ਵਿਚ ਨਵੀਂ ਸਰਕਾਰ ਆ ਰਹੀ ਹੈ। ਇਹ ਭਾਜਪਾ ਜੋ 400 ਪਾਰ ਦਾ ਨਾਅਰਾ ਦੇ ਰਹੀ ਹੈ, ਇਹ ਤਾਂ ਮੁੰਗੇਰੀ ਲਾਲ ਦੇ ਸੁਪਨਿਆਂ ਵਰਗਾ ਹੈ। ਇਹ ਤਾਂ ਜਦੋਂ ਇਨ੍ਹਾਂ ਨੇ ਨਾਅਰਾ ਦਿੱਤਾ ਸੀ, ਉਸ ਵੇਲੇ ਹੀ ਇਸ ਟਾਰਗੇਟ ਤਕ ਪਹੁੰਚ ਪਾਉਣਾ ਕਾਫੀ ਮੁਸ਼ਕਿਲ ਸੀ, ਹੁਣ ਤਾਂ ਇਹ 300 ਪਾਰ ਚਲੇ ਜਾਣ ਇਹੀ ਬਹੁਤ ਹੈ। ਅਸੀਂ ਤਾਂ ਇਹ ਸੋਚ ਰਹੇ ਹਾਂ ਕਿ ਜੇਕਰ ਉਹ 200 ਪਾਰ ਵੀ ਚਲੇ ਜਾਣ ਦਾ ਬਹੁਤ ਵੱਡੀ ਗੱਲ ਹੋਵੇਗੀ। ਕਿਉਂਕਿ ਇਸ ਵੇਲੇ ਦੇਸ਼ ਦੇ ਲੋਕ ਕਾਫੀ ਅਸੰਤੁਸ਼ਟ ਨਜ਼ਰ ਆ ਰਹੇ ਹਨ, ਭਾਜਪਾ ਨੇ ਆਖਿਰ 10 ਸਾਲ ਲੋਕਾਂ ਲਈ ਕੀਤਾ ਹੀ ਕੀ ਹੈ? ਭਾਜਪਾ ਸ਼ਾਇਦ ਸੋਚਦੀ ਹੋਵੇਗੀ ਕਿ ਉਹ ਰਾਮ ਮੰਦਰ ਤੇ ਹਿੰਦੂਆਂ ਬਾਰੇ ਗੱਲ ਕਰ ਕੇ ਵੋਟਾਂ ਲੈ ਲਵੇਗੀ ਪਰ ਅਜਿਹਾ ਕੁਝ ਨਹੀਂ ਹੋ ਰਿਹਾ। ਲੋਕਾਂ ਨੂੰ ਪਤਾ ਹੈ ਕਿ ਮੰਦਰ ਤਾਂ ਭਾਵੇਂ ਚੰਗੀ ਗੱਲ ਹੈ, ਪਰ ਆਖਿਰ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ? ਜਨਤਾ ਦੀ ਭਲਾਈ ਤੇ ਆਮ ਆਦਮੀ ਦੀ ਭਲਾਈ ਤਾਂ ਪਿਛਲੇ 10 ਸਾਲ ਵਿਚ ਕਦੇ ਹੋਈ ਹੀ ਨਹੀਂ। ਇਤਿਹਾਸ ਵਿਚ ਅੱਜ ਜੋ ਬੇਰੋਜ਼ਗਾਰੀ ਦੇ ਅੰਕੜੇ ਹਨ, ਇੰਨੇ ਬੁਰੇ ਅੰਕੜੇ ਕਦੇ ਵੀ ਨਹੀਂ ਹੋਏ। ਦੂਜੀ ਗੱਲ ਮਹਿੰਗਾਈ, ਜੋ 80 ਫੀਸਦੀ ਸਾਡੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਦੀ ਆਮਦਨ ਪਿਛਲੇ 10 ਸਾਲ ਵਿਚ ਨਹੀਂ ਵੱਧੀ ਹੈ, ਉਨ੍ਹਾਂ ਦਾ ਮਹਿੰਗਾਈ ਨੇ ਕੀ ਹਾਲ ਕੀਤਾ ਹੋਵੇਗਾ। ਮੈਂ ਆਪਣੇ ਨੌਜਵਾਨਾਂ ਬਾਰੇ ਸੋਚਦਾ ਹਾਂ, ਕਿਉਂਕਿ ਜੋ 19 ਤੋਂ 24 ਸਾਲ ਦੇ ਨੌਜਵਾਨ ਹਨ, ਜਿਨ੍ਹਾਂ ਨੇ ਆਪਣਾ ਕੰਮ ਸ਼ੁਰੂ ਕਰਨਾ ਹੈ, ਉਨ੍ਹਾਂ ਵਿਚ ਬੇਰੋਜ਼ਗਾਰੀ 45 ਫੀਸਦੀ ਤੋਂ ਵੱਧ ਹੈ। ਬਹੁਤੇ ਨੌਜਵਾਨ ਜਦ ਆਪਣੀ ਡਿਗਰੀ ਜਾਂ ਪੜ੍ਹਾਈ ਪੂਰੀ ਕਰ ਆ ਰਹੇ ਹਨ, ਉਨ੍ਹਾਂ ਦੀ ਬੇਰੋਜ਼ਗਾਰੀ 44 ਫੀਸਦੀ ਹੈ। ਇਸ ਕਾਰਨ ਨੌਜਵਾਨਾਂ ਕੋਲ ਭਾਜਪਾ ਨੂੰ ਸਮਰਥਨ ਦੇਣ ਦੀ ਕੋਈ ਵਜ੍ਹਾ ਹੀ ਨਹੀਂ ਹੈ।

ਸਵਾਲ : ਪੰਜਾਬ ’ਚ ਮਾਹੌਲ ਕਿਵੇਂ ਦਾ ਹੈ?

ਜਵਾਬ : ਪੰਜਾਬ ਵਿਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲਣ ਵਾਲੀ ਹੈ। ਕਿਉਂਕਿ ਭਾਜਪਾ ਨੇ ਜੋ ਪੰਜਾਬ ਲਈ ਕੀਤਾ, ਉਸ ਕਾਰਨ ਇਥੋਂ ਦੇ ਲੋਕ ਭਾਜਪਾ ਖਿਲਾਫ ਹਨ, ਭਾਵੇਂ ਉਹ ਕਿਸਾਨ ਹੋਣ ਜਾਂ ਫਿਰ ਵਪਾਰੀ। ਅੰਮ੍ਰਿਤਸਰ ਦੇ ਵਪਾਰੀ ਇਸ ਵੇਲੇ ਭਾਜਪਾ ਤੋਂ ਸਭ ਤੋਂ ਵੱਧ ਤੰਗ ਹਨ, ਕਿਉਂਕਿ ਵਪਾਰੀ ਆਖਦੇ ਹਨ, ਪਾਕਿਸਤਾਨ ਨਾਲ ਰਿਸ਼ਤੇ ਵਿਗੜਣ ਕਾਰਨ ਇਥੋਂ ਦੇ ਵਪਾਰੀਆਂ ਦਾ ਗੁਆਂਢੀ ਦੇਸ਼ ਨਾਲ ਵਪਾਰ ਖਤਮ ਹੋ ਗਿਆ ਹੈ। ਬੰਗਲਾਦੇਸ਼ ਨਾਲ ਇਸ ਵੇਲੇ 48 ਹਜ਼ਾਰ ਕਰੋੜ ਦਾ ਵਪਾਰ ਹੈ ਜਦਕਿ ਅੰਮ੍ਰਿਤਸਰ ਦਾ ਜੋ 400 ਕਰੋੜ ਦਾ ਵਪਾਰ ਸੀ, ਉਹ ਬਿਲਕੁਲ ਬੰਦ ਹੋ ਗਿਆ ਹੈ। ਆਖਿਰ ਭਾਜਪਾ ਤੋਂ ਸੰਤੁਸ਼ਟ ਹੈ ਕੌਣ? ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ। ਜਿਸ ਕਾਰਨ ਪੰਜਾਬ ਦੇ 40 ਲੱਖ ਨੌਜਵਾਨ ਪਿਛਲੇ 5 ਸਾਲ ਦੌਰਾਨ ਹੀ ਵਿਦੇਸ਼ ਚਲਾ ਗਿਆ ਹੈ।

ਸਵਾਲ : ਕੈਪਟਨ ਤੇ ਜਾਖੜ ਸਣੇ ਵੱਡੇ ਕਾਂਗਰਸੀ ਲੀਡਰ ਭਾਜਪਾ ’ਚ ਜਾ ਰਹੇ ਹਨ, ਲੱਗਦਾ ਕੋਈ ਨੁਕਸਾਨ ਹੋਵੇਗਾ?

ਜਵਾਬ : ਜਦੋਂ ਕੋਈ ਪਾਰਟੀ ਛੱਡਦਾ ਹੈ, ਤਾਂ ਉਨ੍ਹਾਂ ਦੇ ਕੋਈ ਨਿੱਜੀ ਕਾਰਨ ਹੋਣਗੇ। ਇਹ ਦੋਵੇਂ ਮੇਰੇ ਦੋਸਤ ਹਨ, ਮੈਂ ਕੁਝ ਵੀ ਖਿਲਾਫ ਨਹੀਂ ਬੋਲਾਂਗਾ ਪਰ ਮੈਨੂੰ ਲੱਗਦਾ ਜਦ ਤੁਸੀਂ ਇਕ ਪਾਰਟੀ ਵਿਚ ਰਹਿੰਦੇ ਹੋ ਤਾਂ ਤੁਹਾਡੀ ਇਕ ਸੋਚ, ਇਕ ਵਿਚਾਰਧਾਰਾ ਹੋਣੀ ਚਾਹੀਦੀ ਹੈ, ਦੇਸ਼ ਨੂੰ ਅੱਗੇ ਲੈ ਜਾਣ ਲਈ ਕਿਸ ਕਿਸਮ ਦੀ ਦੀਆਂ ਲੋੜਾਂ ਤੇ ਵਿਸ਼ਵਾਸ ਨਾਲ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ। ਇਨ੍ਹੇ ਸਾਲ ਇਕ ਪਾਰਟੀ ਵਿਚ ਰਹਿ ਕੇ ਜੇਕਰ ਤੁਸੀਂ ਉਸੇ ਪਾਰਟੀ ਦੀ ਵਿਰੋਧੀ ਪਾਰਟੀ ਵਿਚ ਜਾਓ ਤਾਂ ਉਸਦਾ ਮਤਲਬ ਹੈ ਕਿ ਤੁਹਾਡਾ ਉਸ ਪਾਰਟੀ ਵਿਚ ਕੋਈ ਭਰੋਸਾ ਨਹੀਂ ਹੈ ਪਰ ਤੁਸੀਂ ਜਾ ਰਹੇ ਹੋ ਜਾਂ ਫਿਰ ਪਹਿਲੀ ਪਾਰਟੀ ਵਿਚ ਰਹਿੰਦੀਆਂ ਤੁਸੀਂ ਸਿਰੀਅਸ ਨਹੀਂ ਸੀ। ਇਹੀ ਵੀ ਹੋ ਸਕਦਾ ਹੈ ਕਿ ਤੁਹਾਡਾ ਇਸ ਵਿਚ ਕੋਈ ਨਿੱਜੀ ਲਾਭ ਹੋਵੇ।

ਸਵਾਲ : ਹਰੇਕ ਵਿਅਕਤੀ ਨੂੰ ਆਪਣੇ-ਆਪ ਨੂੰ ਪੁੱਛਣਾ ਪਵੇਗਾ ਕਿ ਆਖਿਰ ਕੀ ਹੈ ਉਸਦੀ ਨਿੱਜੀ ਸੋਚ ਜਾਂ ਫਿਰ ਉਸਦੀ ਨਿੱਜੀ ਵਿਚਾਰਧਾਰਾ?

ਜਵਾਬ : ਮੈਂ ਤਾਂ ਇਹੀ ਕਹਾਂਗਾ ਕਿ ਜੇਕਰ ਕੋਈ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਇਸ ਦਾ ਕੋਈ ਠੋਸ ਕਾਰਨ ਹੋਣਾ ਚਾਹੀਦਾ ਹੈ ਪਰ ਜਿਹੜੀ ਦੂਜੀ ਪਾਰਟੀ ਤੁਹਾਡੀ ਵਿਚਾਰਧਾਰਾ ਦੇ ਹੀ ਉਲਟ ਹੈ ਉਸ ਵਿਚ ਜਾਣਾ ਤੁਹਾਨੂੰ ਅਜੀਬ ਜਿਹਾ ਨਹੀਂ ਲੱਗਦਾ।

ਸਵਾਲ : ਮੋਦੀ ਕਹਿੰਦੇ ਨੇ ਇਸ ਪਾਸੇ ਵਿਕਾਸ ਦੀ ਸਿਆਸਤ ਹੈ ਦੂਜੇ ਪਾਸੇ ਗਾਂਧੀ ਪਰਿਵਾਰ ਦੀ ਵੀ ਗੱਲ ਹੋ ਰਹੀ ਹੈ?

ਜਵਾਬ : ਮੋਦੀ ਜੀ ਸਿਰਫ ਵਿਕਾਸ ਦੀ ਹੀ ਗੱਲ ਕਰਦੇ ਹਨ, ਵਿਕਾਸ ਤਾਂ ਕਰਵਾਉਂਦੇ ਹੀ ਨਹੀਂ ਹਨ। ਗੱਲ ਕਹਿਣੀ ਸੌਖੀ ਹੈ। ਮੋਦੀ ਜੀ ਗੱਲਾਂ ਤਾਂ ਬਹੁਤ ਕਰਦੇ ਹਨ, ਉਹ ਤਾਂ ਕਹਿੰਦੇ ਹਨ ਕਿ 2 ਕਰੋੜ ਰੋਜ਼ਗਾਰ ਹਰ ਸਾਲ ਦੇਵਾਂਗੇ ਪਰ ਇਕ ਵੀ ਨਹੀਂ ਦਿੱਤਾ। ਉਹ ਕਹਿੰਦੇ ਹਨ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਾਂਗੇ ਪਰ 10 ਫੀਸਦੀ ਵੀ ਨਹੀਂ ਵਧੀ। ਵਿਕਾਸ ਹੈ ਕਿਥੇ? ‘ਸਬ ਕਾ ਵਿਕਾਸ ਸਬ ਕਾ ਵਿਸ਼ਵਾਸ’ ਦਾ ਨਾਅਰਾ ਤਾਂ ਉਹ ਦਿੰਦੇ ਹਨ ਪਰ ਉਲਟ 80 ਫੀਸਦੀ ਭਾਰਤੀਆਂ ਦੀ ਆਮਦਨ ਘੱਟ ਗਈ ਹੈ। ਕਿਸ ਦਾ ਵਿਕਾਸ ਹੋਇਆ ਹੈ? ਮੋਦੀ ਕੁਝ ਵੀ ਕਹਿਣ ਪਰ ਅਸੀਂ ਇਹੋ ਕਹਾਂਗਾ ਕਿ ਪਰਿਵਾਰਵਾਦ ਵਾਲੀ ਗੱਲ ਬਹੁਤ ਪੁਰਾਣੀ ਹੋ ਚੁੱਕੀ ਹੈ। ਕਿਉਂਕਿ ਇਹ ਹਰ ਪਾਰਟੀ ਦਾ ਹੀ ਆਧਾਰ ਹੈ। ਮੋਦੀ ਦੀ ਆਪਣੀ ਪਾਰਟੀ ਦੇ ਹੀ ਕਿਸੇ ਨੇਤਾ ਨੇ ਇਕ ਸੂਚੀ ਬਣਾਈ ਹੈ ਕਿ ਤਕਰੀਬਨ 40 ਐੱਮ. ਪੀ. ਅਜਿਹੇ ਹਨ, ਜਿਨ੍ਹਾਂ ਦੇ ਬਜ਼ੁਰਗਾਂ ਕਾਰਨ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਜਦ ਸਾਡੇ ਦੇਸ਼ ਦੀ ਸੰਸਕ੍ਰਿਤੀ ਹੀ ਅਜਿਹੀ ਹੈ ਤਾਂ ਲੋਕ ਆਪਣੇ ਮਾਪਿਆਂ ਦਾ ਕੰਮ ਕਰਨਾ ਚਾਹੁੰਦੇ ਹਨ, ਤਾਂ ਫਿਰ ਅਸੀਂ ਕੌਣ ਹਾਂ ਰੋਕਣ ਵਾਲੇ। ਮੇਰਾ ਖੁਦ ਦਾ ਦੋਸਤ ਡਾਕਟਰ ਹੈ, ਉਸਦਾ ਪੁੱਤ ਵੀ ਡਾਕਟਰ ਹੈ। ਮੈਂ ਵੇਖਦਾ ਹਾਂ ਕਿ ਸਾਡੇ ਦੇਸ਼ ਦੀ ਅਜਿਹੀ ਹੀ ਰੀਤ ਹੈ, ਲੋਕ ਚਾਹੁੰਦੇ ਹਨ ਕਿ ਸਾਡੇ ਬੱਚੇ ਵੀ ਸਾਡੇ ਹੀ ਪ੍ਰੋਫੈਸ਼ਨ ਵਿਚ ਆ ਜਾਣ। ਕੁਝ ਸਿਆਸਤਦਾਨ ਵੀ ਅਜਿਹਾ ਹੀ ਚਾਹੁੰਦੇ ਹਨ।

ਕੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਦੇ ਦਿਖ ਰਹੇ ਹਨ?

ਇੰਡੀਆ ਗੱਠਜੋੜ ਤੈਅ ਕਰੇਗਾ ਕੌਣ ਹੋਵੇਗਾ ਪ੍ਰਧਾਨ ਮੰਤਰੀ

ਇਹ ਤੈਅ ਕਰਨਾ ਸਾਰੇ ਆਗੂਆਂ ਦਾ ਕੰਮ ਹੈ। 4 ਜੂਨ ਤੋਂ ਬਾਅਦ 26 ਪਾਰਟੀਆਂ ਦੀ ਬੈਠਕ ਹੋਵੇਗੀ। ਜਦ ਇੰਡੀਆ ਗਠਜੋੜ ਜਿੱਤ ਦਰਜ਼ ਕਰੇਗੀ, ਤਾਂ ਸਾਰੀਆਂ ਪਾਰਟੀ ਇਕੱਠੇ ਬੈਠ ਕੇ ਕਿਸੇ ਇਕ ਦੀ ਚੋਣ ਕਰ ਲੈਣਗੀਆਂ। ਅੱਜ ਤੋਂ 20 ਸਾਲ ਪਹਿਲਾਂ ਜਦ ਕਾਂਗਰਸ ਨੇ ਡਾ. ਮਨਮੋਹਨ ਸਿੰਘ ਨੂੰ ਪੀਐੱਮ ਬਣਾਇਆ ਤਾਂ ਕਿਸੇ ਨੇ ਵੀ ਡਾਕਟਰ ਸਾਹਿਬ ਦਾ ਨਾਮ ਸੋਚ ਕੇ ਵੋਟ ਨਹੀਂ ਦਿੱਤੀ ਸੀ। ਜਦ ਸਾਰੇ ਗਠਜੋੜ ਦੀਆਂ ਪਾਰਟੀਆਂ ਨੇ ਬੈਠ ਕੇ ਤੈਅ ਕੀਤਾ ਤਾਂ ਉਸ ਵੇਲੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਡਾ.ਮਨਮੋਹਨ ਸਿੰਘ ਦਾ ਨਾਮ ਅੱਗੇ ਰੱਖਿਆ, ਜਿਸ ਤੋਂ ਬਾਅਦ ਡਾਕਟਰ ਸਾਹਿਬ ਦੇ ਨਾਮ 'ਤੇ ਸਾਰੀਆਂ ਹੀ ਪਾਰਟੀਆਂ ਨੇ ਹਾਂ ਕਰ ਦਿੱਤੀ। ਹੁਣ ਵੀ ਭਵਿੱਖ ਵਿੱਚ ਅਜਿਹਾ ਹੀ ਹੋਵੇਗਾ, ਕੋਈ ਵੀ ਨੇਤਾ ਆਵੇ, ਉਹ ਆਵੇਗਾ ਸਾਰੀਆਂ ਹੀ ਪਾਰਟੀਆਂ ਦੇ ਸਮਰਥਨ ਨਾਲ ਹੀ।

ਕਾਂਗਰਸ ਦਾ ਏਜੰਡਾ ਕੀ ਹੈ ?

ਅਸੀਂ ਤਾਂ ਆਪਣੇ ਮੈਨੀਫੈਸਟੋ ਵਿੱਚ ਰੋਜ਼ਗਾਰ ਬਾਰੇ ਸਪੱਸ਼ਟ ਲਿਖਿਆ ਹੈ। ਪਹਿਲੀ ਗੱਲ ਤਾਂ ਸਰਕਾਰ ਦੇ ਅੰਦਰ ਹੀ 30 ਲੱਖ ਨੌਕਰੀਆਂ ਹਨ। ਜਿਸ ਲਈ ਬਜਟ ਵਿੱਚ ਕੈਸ਼ ਵੀ ਮੌਜੂਦ ਹੈ ਤੇ ਪਾਰਲੀਮੈਂਟ ਨੇ ਇਹ ਪੋਸਟਾਂ ਵੀ ਅਪਰੂਵ ਕੀਤੀਆਂ ਹੋਈਆ ਹਨ, ਪਰ ਇਹ ਉਸ ਨੂੰ ਭਰ ਨਹੀਂ ਰਹੇ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਲੋਕ ਉਸ ਪੈਸੇ ਨੂੰ ਹੋਰ ਕੰਮਾਂ ਵਿੱਚ ਵਰਤ ਰਹੇ ਹਨ। ਅਸੀਂ ਉਹ ਸਾਰੀਆਂ 30 ਲੱਖ ਪੋਸਟਾਂ ਭਰਾਂਗੇ। ਸਾਡਾ ਦੂਜਾ ਨਾਅਰਾ ਹੈ, ਪਹਿਲੀ ਨੌਕਰੀ ਪੱਕੀ। ਤੁਸੀਂ ਵੇਖੇਗੋ ਕਿ ਨੌਜਵਾਨ ਇਸ ਵੇਲੇ ਬੇਰੁਜਗਾਰ ਹਨ, ਉਨ੍ਹਾਂ ਨੂੰ ਅਸੀਂ ਗਰੰਟੀ ਦੇਵਾਂਗੇ ਕਿ ਸਰਕਾਰ ਕਿਸੇ ਕੰਪਨੀ ਨੂੰ ਪੈਸੇ ਦੇ ਕੇ ਤਹਾਨੂੰ ਟ੍ਰੇਨਿੰਗ ਦਵਾਵੇਗੀ ਤਾਂ ਜੋ ਤੁਸੀਂ ਕੋਈ ਨਵਾਂ ਕੰਮ ਸਿੱਖ ਸਕੇਗੋ। ਜਿਸ ਲਈ ਤਹਾਨੂੰ 8500 ਰੁਪਏ ਮਹੀਨਾ ਮਿਲੇਗਾ। ਇਸ ਤਰ੍ਹਾਂ ਨੌਜਵਾਨ ਕੰਮ ਸਿੱਖ ਸਕਣਗੇ। ਜੇਕਰ ਨੌਜਵਾਨ ਕੰਪਨੀ ਨਾਲ ਕੰਮ ਵਧੀਆ ਕਰਨਗੇ ਤਾਂ ਕੰਪਨੀ ਨਾਲ ਵੀ ਰੈਗੁਲਰ ਕੰਮ ਕਰ ਸਕਣਗੇ। ਇਸ ਤਰ੍ਹਾਂ ਨੌਜਵਾਨਾਂ ਨੂੰ ਰੋਜਗਾਰ ਦੇ ਬੇਹੱਤਰ ਮੌਕੇ ਮਿਲਣਗੇ। ਤੀਜੀ ਗੱਲ ਇਹ ਹੈ ਕਿ ਜਾਬ ਕ੍ਰਿਏਸ਼ਨ, ਨਾਲ ਅਸੀਂ ਅਰਥ ਵਿਵਸਥਾ ਚਲਾਈਏ। ਰਾਹੁਲ ਜੀ ਆਖਦੇ ਹਨ ਕਿ ਮੋਦੀ ਜੀ ਸਿਰਫ ਕੁਝ ਪਰਿਵਾਰਾਂ ਲਈ ਹੀ ਚਲਾਉਂਦੇ ਹਨ ਅਰਥ ਵਿਵਸਥਾ। ਜਿਸ ਕਾਰਨ ਸਾਰੇ ਲਾਭ ਕੁਝ ਲੋਕਾਂ ਨੂੰ ਹੀ ਮਿਲਦੇ ਹਨ ਪਰ ਸਾਧਾਰਨ ਲੋਕਾਂ ਲਈ ਕੁਝ ਨਹੀਂ ਕਰਦੇ। ਮੈਂ ਵੀ ਵੇਖਦਾ ਹਾਂ ਕਿ ਕੁਝ ਅਮੀਰ ਲੋਕ ਹਨ, ਜੋ ਸਾਡੇ ਦੇਸ਼ ਨੂੰ ਟੈਕਸ ਨਹੀਂ ਦਿੰਦੇ ਹਨ। ਚਲਾਕੀਆਂ ਕਰਦੇ ਹਨ ਪਰ ਸਾਧਾਰਨ ਲੋਕ ਜੋ ਨੌਕਰੀਪੇਸ਼ਾ ਹਨ ਜਾਂ ਘੱਟ ਆਮਦਨ ਵਾਲੇ ਹਨ, ਉਹ ਟੈਕਸ ਭਰ ਰਹੇ ਹਨ। ਇਥੋਂ ਤਕ ਕਿ ਜੀਐੱਸਟੀ ਵੀ ਸਿਰਫ ਆਮ ਆਦਮੀ ਨੂੰ ਹੀ ਦੇਣਾ ਪੈ ਰਿਹਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਸਿਸਟਮ ਥੋੜਾ ਬਦਲ ਜਾਵੇ। ਅਸੀਂ ਚਾਹੁੰਦੇ ਹਾਂ ਕਿ ਵਪਾਰੀ ਡਰਨ ਨਾ। ਇਸ ਵੇਲੇ ਵਪਾਰੀ ਇਨ੍ਹੇ ਡਰੇ ਹੋਏ ਹਨ, ਕਿ ਦੂਜੇ ਦੇਸ਼ਾਂ ਵਿੱਚ ਆਪਣਾ ਵਪਾਰ ਲੈ ਜਾ ਰਹੇ ਹਨ। ਕਿਉਂ ਕਿ ਮੋਦੀ ਸਰਕਾਰ ਦੀਆਂ ਮੰਗਾਂ ਵੱਧਦੀਆਂ ਜਾ ਰਹੀਆਂ ਹਨ। ਇਹ ਸਭ ਬਦਲਣ ਦੀ ਲੋੜ ਹੈ। ਕਾਂਗਰਸ ਪਾਰਟੀ ਨੂੰ ਇਸ ਦਾ ਤਜੁਰਬਾ ਵੀ ਹੈ, ਤੁਸੀਂ ਵੇਖਿਆ ਹੀ ਹੈ ਕਿ ਕਿਵੇਂ ਮਨਮੋਹਨ ਸਿੰਘ ਦੀ ਸਰਕਾਰ ਦੇ 10 ਸਾਲ ਸਾਡੇ ਦੇਸ਼ ਦੀ ਅਰਥਵਿਵਸਥਾ ਲਈ ਸਭ ਤੋਂ ਬੇਹੱਤਰ ਸਾਲ ਸਨ। ਉਨ੍ਹਾਂ ਸਾਲਾਂ ਵਿੱਚ 14 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਉਪਰ ਉਠੇ ਸਨ।

ਕਾਂਗਰਸ 'ਤੇ ਦੋਸ਼ ਲੱਗਾ ਹੈ ਕਿ ਅੰਬਾਨੀ ਅੰਡਾਨੀ ਟੈਂਪੂ ਭਰ ਕੇ ਪੈਸੇ ਭੇਜਦੇ ਹਨ ?

ਅੰਬਾਨੀਆਂ-ਅਡਾਨੀਆਂ ਵਲੋਂ ਭੇਜੇ ਪੈਸੇ ਦੀ ਜਾਂਚ ਕਰਵਾਉਣ ਮੋਦੀ

ਰਾਹੁਲ ਗਾਂਧੀ ਜੀ ਇਨ੍ਹਾਂ ਦੋਸ਼ਾਂ ਦਾ ਜਵਾਬ ਦੇ ਚੁੱਕੇ ਹਨ, ਜੇਕਰ ਸਰਕਾਰ ਨੂੰ ਪਤਾ ਹੈ ਕਿ ਇਹ ਕੁਝ ਹੋ ਰਿਹਾ ਹੈ ਤਾਂ ਫਿਰ ਇਸ ਦੀ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ। ਜੇਕਰ ਸਾਨੂੰ ਅੰਡਾਨੀ ਅੰਬਾਨੀ ਕੈਸ਼ ਭੇਜਦੇ ਹਨ ਤਾਂ ਤੁਸੀਂ ਜਾ ਕੇ ਉਨ੍ਹਾਂ ਨੂੰ ਫੜ੍ਹ ਲਓ ਤੇ ਪੁੱਛੋਂ ਕਿਥੋਂ ਆ ਰਹੇ ਹਨ ਇਹ ਪੈਸੇ। ਨੋਟਬੰਦੀ ਤੋਂ ਬਾਅਦ ਇਹ ਕਿਥੋਂ ਆਈ ਬਲੈਕ ਮਨੀ। ਸਾਡੇ ਕੋਲ ਤਾਂ ਨਹੀਂ ਹੈ, ਸਾਡੇ ਖਾਤੇ ਤਾਂ ਤੁਸੀਂ ਫਰੀਜ਼ ਕੀਤੇ ਹੋਏ ਹਨ। ਮੈਨੂੰ ਲੱਗਦਾ ਹੈ ਕਿ ਮੋਦੀ ਵੀ ਸਮਝਣ ਲੱਗੇ ਹਨ ਕਿ ਉਨ੍ਹਾਂ ਨੂੰ ਇਸ ਵਾਰ ਜਿੱਤ ਨਹੀਂ ਮਿਲੇਗੀ। ਕਿਉਂਕਿ ਇਹ 1-2 ਪੜਾਅ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਲੋਕ ਉਨ੍ਹਾਂ ਨੂੰ ਵੋਟਾਂ ਨਹੀਂ ਪਾ ਰਹੇ ਹਨ। ਜਿਥੇ ਭਾਜਪਾ ਦੀਆਂ ਵੋਟਾਂ ਵੱਧ ਸਨ, ਉਥੇ ਪੋਲਿੰਗ ਫੀਸਦ ਘੱਟ ਗਈ ਹੈ। ਜਿਸ ਤੋਂ ਸਾਫ ਹੈ ਕਿ ਲੋਕ ਭਾਜਪਾ ਨੂੰ ਵੋਟ ਨਹੀਂ ਦੇ ਰਹੇ ਹਨ।ਇਸ ਲਈ ਮੋਦੀ ਘਬਰਾ ਗਏ ਹਨ, ਤੇ ਅਜਿਹੇ ਅੰਡਾਨੀ ਅੰਬਾਨੀਆਂ ਵਾਲੇ ਬਿਆਨ ਦੇ ਰਹੇ ਹਨ।

ਕੀ ਦੇਸ਼ ਵਿੱਚ ਰਾਮ ਮੰਦਰ ਫੈਕਟਰ ਨਜ਼ਰ ਆ ਰਿਹਾ ?

ਰਾਮ ਮੰਦਰ ਫੈਕਟਰ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ ਹੈ। ਰਾਮ ਮੰਦਰ ਦਾ ਉਦਘਾਟਨ ਜਨਵਰੀ ਵਿੱਚ ਹੋਇਆ ਤੇ ਹੁਣ ਆਪਾਂ ਮਈ ਵਿਚ ਹਾਂ। ਬੇਸ਼ੱਕ ਅਪ੍ਰੈਲ ਵਿੱਚ ਚੋਣਾਂ ਸ਼ੁਰੂ ਹੋ ਗਈਆਂ ਪਰ ਇਨ੍ਹਾਂ 3 ਮਹੀਨਿਆਂ ਵਿੱਚ ਉਸਦਾ ਅਸਰ ਖਤਮ ਹੋ ਗਿਆ। ਲੋਕ ਉਂਝ ਵੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ, ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੰਦਰ ਬਣੇਗਾ ਤੇ ਕੰਮ ਸ਼ੁਰੂ ਹੋ ਚੁੱਕਾ ਸੀ। ਸਭ ਨੂੰ ਪਤਾ ਸੀ ਕਿ ਚੋਣਾਂ ਤੋਂ ਪਹਿਲਾਂ ਮੰਦਰ ਬਣੇਗਾ। ਜਦੋਂ ਇਨ੍ਹਾਂ ਨੇ 22 ਜਨਵਰੀ ਨੂੰ ਮੰਦਰ ਵਿੱਚ ਮੂਰਤੀ ਸਥਾਪਨਾ ਕੀਤੀ ਤਾਂ ਉਸ ਵੇਲੇ ਜੋ ਲੋਕਾਂ ਵਿੱਚ ਉਤਸ਼ਾਹ ਸੀ, ਹੁਣ ਉਹ ਖਤਮ ਹੋ ਗਿਆ। ਹੁਣ ਲੋਕ ਸੋਚਦੇ ਹਨ ਕਿ ਮੰਦਰ ਤਾਂ ਚੰਗੀ ਗੱਲ਼ ਹੈ ਪਰ ਸਰਕਾਰ ਦਾ ਅਸਲ ਕੰਮ ਕੀ ਹੈ, ਜਨਤਾ ਦੀ ਭਲਾਈ ਪਰ ਲੋਕਾਂ ਦੀ ਭਲਾਈ ਤਾਂ ਹੋਈ ਹੀ ਨਹੀਂ। ਅਸੀਂ ਵੀ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਜੇਕਰ ਤੁਹਾਡੇ ਪਰਿਵਾਰ ਲਈ ਕੁਝ ਚੰਗਾ ਹੋਇਆ ਹੈ ਤਾਂ ਦੱਸ ਦਿਓ ਨਹੀਂ ਤਾਂ ਇਸ ਸਰਕਾਰ ਨੂੰ ਤੀਜਾ ਮੌਕਾ ਦੇਣਾ ਹੀ ਕਿਉਂ ਹੈ।

ਕਾਂਗਰਸੀ ਲੀਡਰਾਂ ਦੀ ਆਪਸ ਵਿੱਚ ਬਣਦੀ ਨਹੀਂ, ਲੋਕ ਕਹਿੰਦੇ ਹਨ ਹਾਈਕਮਾਂਡ ਹੀ ਲੜਾਉਂਦੀ ਹੈ?

ਹਾਈਕਮਾਂਡ ਨੂੰ ਟੱਕਰ ਕਿਉਂ ਚਾਹੀਦੀ ਹੈ, ਹਾਈਕਮਾਂਡ ਨੂੰ ਤਾਂ ਸਿਰਫ ਸਿਰਦਰਦ ਹੀ ਮਿਲਦਾ ਹੈ ਜਦ ਕੋਈ ਅਜਿਹੀ ਟੱਕਰ ਬਣਦੀ ਹੈ। ਸਿਰਫ ਪੰਜਾਬ ਵਿੱਚ ਹੀ ਨਹੀਂ ਕਈ ਸੂਬਿਆਂ ਵਿੱਚ ਵੀ ਦੇਖਿਆ ਗਿਆ ਹੈ ਕਿ ਪਾਰਟੀ ਅੰਦਰ ਗਰੁੱਪਬਾਜ਼ੀ ਹੋ ਜਾਂਦੀ ਹੈ। ਇਹ ਸਿਰਫ ਸਾਡੀ ਪਾਰਟੀ ਅੰਦਰ ਹੀ ਨਹੀਂ ਸਗੋਂ ਸਾਰੀਆਂ ਹੀ ਪਾਰਟੀਆਂ ਵਿੱਚ ਹੀ ਅਜਿਹੇ ਹਾਲਾਤ ਹਨ। ਭਾਜਪਾ ਨੇਵਰੁਣ ਗਾਂਧੀ ਨੂੰ ਆਖਿਰ ਕਿਉਂ ਟਿਕਟ ਨਹੀਂ ਦਿੱਤੀ। ਦਿੱਲੀ ਦੇ ਵੀ 6 ਸੰਸਦ ਮੈਂਬਰਾਂ ਦੀ ਵੀ ਟਿਕਟ ਕੱਟ ਦਿੱਤੀ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਹਰ ਪਾਰਟੀ ਵਿੱਚ ਅਜਿਹਾ ਹੀ ਮਾਹੌਲ ਹੈ ਪਰ ਲੋਕਾਂ ਦਾ ਧਿਆਨ ਸਿਰਫ ਕਾਂਗਰਸ ਵੱਲ ਹੈ।

ਆਖਿਰ ਤਹਾਨੂੰ ਲਿਖਣ ਦਾ ਮੌਕਾ ਮਿਲਦਾ ਕਦੋਂ ਹੈ?

ਮੈਂ ਠੀਕ ਢੰਗ ਨਾਲ ਸੋਂਦਾ ਨਹੀਂ ਹਾਂ। ਰਾਤ ਨੂੰ ਹੀ ਲਿਖਦਾ ਹਾਂ। ਦਿਨ ਵੇਲੇ ਤਾਂ ਮੈਂ ਇਕ ਸਿਅਸਤਦਾਨ ਦੀ ਜ਼ਿੰਮੇਵਾਰੀ ਵਿੱਚ ਹੁੰਦਾ ਹਾਂ। ਜਦ ਵੀ ਲਿਖਣ ਬੈਠਦਾ ਹਾਂ ਤਾਂ ਕੋਈ ਫੋਨ ਆ ਸਕਦਾ ਹੈ ਜਾਂ ਕੋਈ ਮਿਲਣ ਆ ਜਾਂਦਾ ਹੈ, ਇਸ ਲਈ ਦਿਨੇ ਲਿਖਣ ਲਈ ਸਮਾਂ ਨਹੀਂ ਹੁੰਦਾ ਹੈ। ਇਸ ਲਈ ਸਿਰਫ ਰਾਤ 9 ਜਾਂ 9.30 ਵਜੇ ਤੋਂ ਬਾਅਦ ਮੈਨੂੰ ਲਿਖਣ ਲਈ ਸਮਾਂ ਮਿਲਦਾ ਹੈ। ਲੋਕ ਮੈਨੂੰ ਆਖਦੇ ਹਨ ਕਿ ਜੇਕਰ ਤੁਸੀਂ ਫੁਲ ਟਾਇਮ ਲਿਖਣਾ ਸ਼ੁਰੂ ਕਰ ਦਿਓ ਤਾਂ ਤਹਾਨੂੰ ਕਿੰਨੇ ਇਨਾਮ ਮਿਲਣਗੇ। ਮੈਂ ਆਖਦਾ ਹਾਂ ਕਿ ਮੇਰੀ ਕਿਤਾਬ ਇਨੀਂ ਬੁਰੀਂ ਨਹੀਂ ਹੁੰਦੀ। ਜਿਸ ਦਿਨ ਮੈਨੂੰ ਲੋਕ ਆਖਣਗੇ ਕਿ ਤੁਸੀਂ ਹੁਣ ਸਿਆਸਤ ਛੱਡ ਦਿਓ, ਲਿਖਣ ਵੱਲ ਹੀ ਧਿਆਨ ਦਿਓ, ਉਸੇ ਦਿਨ ਮੈਂ ਸਿਆਸਤ ਛੱਡ ਦੇਵਾਂਗਾ। ਹੁਣ ਤਕ ਤਾਂ ਮੈਂ ਜਨਤਾ ਦੇ ਵਿਸ਼ਵਾਸ ਨਾਲ ਅੱਗੇ ਜਾ ਰਿਹਾ ਹਾਂ।

ਅੱਜ ਕੱਲ਼ ਕੀ ਲਿਖ ਰਹੇ ਹੋ?

ਮੈਂ ਇਕ ਕਿਤਾਬ ਪਬਲੀਸ਼ਰ ਨੂੰ ਦੇ ਚੁੱਕਾ ਹਾਂ। ਲੋਕ ਮੈਨੂੰ ਅੰਗੇਰਜੀ ਲਵਜਾਂ ਦਾ ਆਦਮੀ ਮੰਨਦੇ ਹਨ, ਮੇਰੀ ਕਿਤਾਬ 'ਵੰਡਰ ਲੈਂਡਜ਼ ਆਫ ਵਲਡਜ਼' ਜਿਸ ਵਿੱਚ ਦੱਸਿਆ ਹੈ ਕਿ ਕਿਵੇਂ ਸ਼ਬਦਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ, ਉਸ ਬਾਰੇ ਕਿਤਾਬ ਲਿਖੀ ਹੈ। ਮੈਂ ਇਸੇ ਚੀਜ਼ 'ਤੇ ਕਾਲਮ ਵੀ ਲਿਖਦਾ ਰਿਹਾ ਹਾਂ। ਮੇਰੀ ਇਹ ਕਿਤਾਬ ਸਤੰਬਰ ਵਿੱਚ ਆ ਰਹੀ ਹੈ। ਚੋਣ ਨਤੀਜੀਆ ਤੋਂ ਬਾਅਦ ਵੇਖਾਂਗੇ ਕਿ ਕਿਤਾਬਾ ਲਿਖਣ ਲਈ ਸਮਾਂ ਮਿਲਦਾ ਹੈ ਜਾਂ ਨਹੀਂ। ਜੇਕਰ ਚੰਗੀ ਖਬਰ ਆਈ ਸਾਡੇ ਲਈ ਤਾਂ ਥੋੜਾ ਸਮਾਂ ਕਿਤਾਬਾਂ ਲਿਖਣ ਤੋਂ ਦੂਰੀ ਬਣਾਉਣੀ ਪਵੇਗੀ।

ਖੁਦ ਨੂੰ ਕਿਹੜੀਆਂ ਕਿਤਾਬਾਂ ਪੜਣਾ ਪਸੰਦ ਕਰਦੇ ਹੋ?

ਮੈਂ ਕਿਤਾਬਾਂ ਤੋਂ ਵੱਧ ਨਾਵਲ ਪਸੰਦ ਹਨ। ਸਲਮਾਨ ਰਾਸ਼ਦ ਦੇ ਨਾਵਲ ਪਸੰਦ ਹਨ। ਮੈਨੂੰ ਤੱਥਾਂ ਅਧਾਰਿਤ ਕਿਤਾਬਾਂ ਪਸੰਦ ਹਨ। ਮੈਂ ਖੁਦ ਇਸ ਬਾਰੇ ਕਾਫੀ ਲਿਖਿਆ ਹੈ। ਮੇਰੀਆਂ ਪਹਿਲੀਆਂ 5 ਕਿਤਾਬਾਂ ਵਿੱਚੋਂ 4 ਨਾਵਲ ਸਨ। ਨਾਵਲ ਲਿਖਣ ਲਈ ਤਹਾਨੂੰ ਆਪਣੇ ਦਿਮਾਗ ਵਿੱਚ ਇਕ ਵੱਖਰੀ ਦੁਨਿਆ ਬਣਾਉਣੀ ਪੈਂਦੀ ਹੈ। ਇਹ ਕੰਮ ਕਾਫੀ ਮੁਸ਼ਕਲ ਹੁੰਦਾ ਹੈ। ਮੇਰਾ ਆਖਰੀ ਨਾਵਲ ਰਾਅਟਸ ਸੀ। ਜੋ 2001 ਵਿੱਚ ਆਇਆ। ਉਸ ਤੋਂ ਬਾਅਦ ਮੈਂ ਇਕ ਵੀ ਨਾਵਲ ਨਹੀਂ ਲਿਖ ਸਕੀਆ। ਕਿਉਂਕਿ ਸਿਆਸਤ ਵਿੱਚ ਰਹਿ ਕੇ ਦੂਜੀ ਦੁਨੀਆ ਵਿੱਚ ਰਹਿਣਾ ਔਖਾ ਹੈ। ਮੈਂ ਕਾਫੀ ਮਾਨ ਨਾਲ ਕਹਿੰਦਾ ਹਾਂ ਕਿ ਮੇਰੀਆਂ ਹੋਰ ਕਿਤਾਬਾਂ ਵੀ ਆਈਆ ਹਨ, ਜਿਨ੍ਹਾਂ ਵਿੱਚ ਨਹਿਰੂ ਜੀ ਅਤੇ ਅੰਬੇਡਕਰ ਜੀ ਬਾਰੇ ਕਿਤਾਬਾਂ ਵੀ ਸਨ।

ਡਾ. ਥਰੂਰ ਜੋ ਬਣਨਾ ਚਾਹੁੰਦੇ ਸਨ ਕਿ ਉਸ ਮੁਕਾਮ 'ਤੇ ਪਹੁੰਚੇ?

ਸ਼ਾਇਦ ਨਹੀਂ। ਮੈਂ ਦੇਸ਼ ਦੀ ਸੇਵਾ ਲਈ ਆਇਆ ਸੀ। ਮੈਂ ਯੂਐਨ ਵਿੱਚ 29 ਸਾਲ ਕੰਮ ਕੀਤਾ ਹੈ। ਯੂਐਨ ਵਿੱਚ ਮੇਰਾ ਕਾਫੀ ਯੋਗਦਾਨ ਰਿਹਾ। ਪਹਿਲਾ ਰਿਫੀਊਜੀਸ ਬਾਰੇ, ਫਿਰ ਸ਼ਾਂਤੀ ਲਈ ਅਤੇ ਉਸ ਤੋਂ ਬਾਅਦ ਸੈਕਟਰੀ ਜਨਰਲ ਦੇ ਦਫਤਰ ਵਿੱਚ ਕੰਮ ਕੀਤਾ। ਅੱਧੀ ਦੁਨੀਆ ਵਿਚ ਮੈਂ ਕੰਮ ਕੀਤਾ ਹੈ। ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨਾਲ ਕੰਮਾਂ ਨੂੰ ਲੈ ਚਰਚਾਵਾਂ ਕੀਤੀਆਂ। ਸਿਆਸਤ ਵਿੱਚ ਜਦ ਆਇਆ ਤਾਂ ਸੋਚ ਹੋਰ ਸੀ ਕਿ ਦੇਸ਼ ਲਈ ਕੰਮ ਕਰ ਸਕਾਂਗਾ। ਪਹਿਲੀ ਵਾਰ ਸਰਕਾਰੀ ਤਜੁਰਬਾ ਕੋਈ ਬਹੁੱਤਾ ਚੰਗਾ ਨਹੀਂ ਰਿਹਾ, ਕਈ ਅਗਨੀ ਪ੍ਰੀਖਿਆਵਾਂ ਵਿੱਚੋਂ ਲੰਘਣਾ ਪਿਆ। ਜਦ ਤਕ ਕੰਮ ਕਰਨਾ ਆਇਆ ਤਾਂ ਫਿਰ ਦੂਜੀ ਤੇ ਤੀਜੀ ਵਾਰ ਵਿਰੋਧੀ ਧਿਰ ਵਿੱਚ ਬੈਠਣਾ ਪਿਆ। ਤਿੰਨ ਵਾਰ ਚੋਣਾਂ ਜਿੱਤਿਆ ਹਨ, ਤੇ ਸ਼ਾਇਦ ਚੋਥੀ ਵਾਰ ਵੀ ਚੋਣਾਂ ਜਿੱਤ ਜਾਵਾਂਗਾ। ਮੈਂ ਜਦ ਵਿਦੇਸ਼ ਮੰਤਰਾਲਾ ਦੀ ਕਮੇਟੀ ਦਾ ਚੇਅਰਮੈਨ ਸੀ ਪਾਰਲੀਮੈਂਟ ਵਿੱਚ ਤਾਂ ਉਸ ਵੇਲੇ ਸਭ ਚੰਗਾ ਸੀ ਪਰ ਭਾਜਪਾ ਨੇ ਮੈਨੂੰ ਉਥੋਂ ਹਟਾ ਦਿੱਤਾ। ਜਦਕਿ ਇਸ ਕਮੇਟੀ ਦਾ ਚੇਅਰਮੈਨ ਹਮੇਸ਼ਾ ਵਿਰੋਧ ਧਿਰ ਦਾ ਹੀ ਰਿਹਾ ਹੈ। ਇਸ ਦੇ ਬਾਵਜੂਦ ਭਾਜਪਾ ਨੇ ਇਹ ਚੇਅਰਮੈਨੀ ਮੇਰੇ ਤੋਂ ਖੋਹ ਕੇ ਭਾਜਪਾ ਦੇ ਕਿਸੇ ਆਗੂ ਨੂੰ ਦੇ ਦਿੱਤੀ। ਇਸ ਤਰ੍ਹਾਂ ਦੀਆਂ ਚੀਜ਼ਾ ਠੀਕ ਨਹੀਂ ਹਨ। ਮੈਂ ਚਹਾਂਗਾ ਕਿ ਮੈਨੂੰ ਥੋੜਾ ਜਿਹਾ ਹੋਰ ਜਨਤਾ ਲਈ ਕੰਮ ਕਰਨ ਦਾ ਮੌਕਾ ਮਿਲੇ।

ਚਰਚਾ ਹੈ ਕਿ ਭਾਜਪਾ ਚਾਹੁੰਦੀ ਹੈ ਕਿ ਥਰੂਰ ਵੀ ਪਾਰਟੀ ਵਿੱਚ ਆ ਜਾਣ ?

ਪਹਿਲਾ ਗੱਲਬਾਤ ਹੋਈ ਸੀ, ਮੈਂ ਉਨ੍ਹਾਂ ਨੂੰ ਸਮਝਾ ਚੁੱਕਾ ਹਾਂ ਕਿ ਜੋ ਮੇਰੀ ਧਰਮ ਨਿਰਪੱਖ ਵਿਚਾਰਧਾਰਾ ਹੈ, ਉਹ ਉਨ੍ਹਾਂ ਨਾਲ ਨਹੀਂ ਰੱਲਦੀ ਹੈ। ਬਚਪਨ ਤੋਂ ਸਾਰੀਆਂ ਹੀ ਧਰਮਾਂ ਦੇ ਲੋਕ ਮੇਰੇ ਦੋਸਤ ਰਹੇ ਹਨ। ਮੈਂ ਕਦੇ ਵੀ ਇਹ ਸੋਚ ਨਹੀਂ ਸਕਦਾ ਜੋ ਗੱਲ ਮੋਦੀ ਜੀ ਜਾਂ ਹੋਰ ਆਗੂ ਆਖ ਰਹੇ ਹਨ ਬਾਕੀ ਧਰਮਾਂ ਦੇ ਖਿਲਾਫ, ਉਹ ਮੇਰੇ ਕੋਲੋਂ ਨਹੀਂ ਹੋ ਸਕਦਾ। ਇਸ ਲਈ ਮੈਂ ਭਾਜਪਾ ਵਿੱਚ ਨਹੀਂ ਜਾ ਸਕਦਾ। ਮੈਂ ਆਪਣੀ ਵਿਚਾਰਧਾਰਾ ਨਹੀਂ ਛੱਡ ਸਕਦਾ।


author

Harinder Kaur

Content Editor

Related News