ਲੋਕ ਸਭਾ ਚੋਣਾਂ : ਅੰਮ੍ਰਿਤਸਰ ''ਚ ਲਗਾਤਾਰ ਚੌਥੀ ਵਾਰ ਚਿਹਰਾ ਬਦਲੇਗੀ ਭਾਜਪਾ, ਕਾਂਗਰਸ ਵੀ ਪਿੱਛੇ ਨਹੀਂ
Wednesday, Mar 20, 2024 - 06:38 PM (IST)
ਲੁਧਿਆਣਾ (ਹਿਤੇਸ਼) : ਅਮਰੀਕਾ 'ਚ ਭਾਰਤ ਦੇ ਸਾਬਕਾ ਰਾਜਦੂਤ ਤਰੁਣਜੀਤ ਸਿੰਘ ਸੰਧੂ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਤੋਂ ਟਿਕਟ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਨਾਲ ਜੁੜਿਆ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਭਾਜਪਾ ਅੰਮ੍ਰਿਤਸਰ ਤੋਂ ਲਗਾਤਾਰ ਚੌਥੀ ਵਾਰ ਚਿਹਰਾ ਬਦਲਣ ਜਾ ਰਹੀ ਹੈ। ਇਸ ਮਾਮਲੇ 'ਚ ਜੇਕਰ ਲੋਕ ਸਭਾ ਚੋਣਾਂ ਨਾਲ ਸਬੰਧਿਤ ਪਿਛਲੇ 20 ਸਾਲਾਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ 2004 'ਚ ਪਹਿਲੀ ਵਾਰ ਭਾਜਪਾ ਵਲੋਂ ਚੋਣਾਂ ਲੜਨ ਵਾਲੇ ਨਵਜੋਤ ਸਿੱਧੂ ਨੇ ਕਾਂਗਰਸ ਦੇ ਦਿੱਗਜ ਰਘੂਨੰਦਨ ਲਾਲ ਭਾਟੀਆ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਦ ਹੋਈ UPSC ਦੀ ਪ੍ਰੀਖਿਆ, ਜਾਣੋ ਕੀ ਹੈ ਨਵੀਂ ਤਾਰੀਖ਼
ਇਸ ਤੋਂ ਬਾਅਦ ਹੋਈਆਂ 3 ਲੋਕ ਸਭਾ ਚੋਣਾਂ 'ਚ ਸਿੱਧੂ ਨੇ ਲਗਾਤਾਰ ਜਿੱਤ ਹਾਸਲ ਕੀਤੀ ਪਰ 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਸਿੱਧੂ ਦੀ ਥਾਂ ਅਰੁਣ ਜੇਤਲੀ ਨੂੰ ਮੈਦਾਨ 'ਚ ਉਤਾਰਿਆ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਕਾਰਨ 2017 ਦੌਰਾਨ ਹੋਈਆਂ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਭਾਜਪਾ ਵਲੋਂ ਉਮੀਦਵਾਰ ਬਣਾਏ ਗਏ ਰਾਜਿੰਦਰ ਮੋਹਨ ਸਿੰਘ ਨੂੰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਹਾਰ ਮਿਲੀ। ਇਸ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਫਿਰ ਉਮੀਦਵਾਰ ਬਦਲਿਆ ਅਤੇ ਹਰਦੀਪ ਸਿੰਘ ਪੁਰੀ ਨੂੰ ਟਿਕਟ ਦਿੱਤੀ ਗਈ ਪਰ ਗੁਰਜੀਤ ਸਿੰਘ ਔਜਲਾ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਲੜ ਰਹੇ 5 ਮੰਤਰੀਆਂ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਦਾ ਵੱਡਾ ਬਿਆਨ (ਵੀਡੀਓ)
ਹੁਣ ਸਾਬਕਾ ਰਾਜਦੂਤ ਤਰੁਣਜੀਤ ਸਿੰਘ ਸੰਧੂ ਨੂੰ ਸ਼ਾਮਲ ਕਰਕੇ ਸਾਫ਼ ਹੋ ਗਿਆ ਹੈ ਕਿ ਭਾਜਪਾ ਇਕ ਵਾਰ ਫਿਰ ਉਮੀਦਵਾਰ ਬਦਲਣ ਜਾ ਰਹੀ ਹੈ। ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਉਮੀਦਵਾਰ ਬਦਲਣ ਦੇ ਮਾਮਲੇ 'ਚ ਕਾਂਗਰਸ ਵੀ ਪਿੱਛੇ ਨਹੀਂ ਹੈ। ਕਾਂਗਰਸ ਵਲੋਂ ਵੀ ਪਿਛਲੇ 20 ਸਾਲਾਂ 'ਚ 4 ਉਮੀਦਵਾਰ ਬਦਲੇ ਗਏ ਹਨ। ਇਨ੍ਹਾਂ 'ਚ 2004 'ਚ ਰਘੂਨੰਦਨ ਲਾਲ ਭਾਟੀਆ ਨੇ ਚੋਣ ਲੜੀ ਸੀ, ਜਦੋਂ ਕਿ 2007 'ਚ ਸੁਰਿੰਦਰ ਸਿੰਗਲਾ ਅਤੇ 2009 'ਚ ਓ. ਪੀ. ਸੋਨੀ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਤਿੰਨਾਂ ਨੂੰ ਨਵਜੋਤ ਸਿੰਘ ਸਿੱਧੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ 2014 'ਚ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਅਤੇ 2017 ਅਤੇ 2019 'ਚ ਲਗਾਤਾਰ 2 ਵਾਰ ਮੌਜਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਗਈ।
ਕੁਲਦੀਪ ਸਿੰਘ ਧਾਲੀਵਾਲ ਨੇ ਪਿਛਲੀ ਵਾਰ ਵੀ ਇਸੇ ਸੀਟ ਤੋਂ ਲੜੀ ਸੀ ਚੋਣ
ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ਪਿਛਲੀ ਵਾਰ ਵੀ ਇਸੇ ਸੀਟ ਤੋਂ 'ਆਪ' ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਉਸ ਸਮੇਂ ਮੁੱਖ ਮੁਕਾਬਲਾ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਵਿਚਕਾਰ ਰਿਹਾ ਸੀ ਅਤੇ ਬਾਅਦ 'ਚ ਪੁਰੀ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8