ਹਰਸਿਮਰਤ ਬਾਦਲ ਦੇ ਤਿੱਖੇ ਬੋਲ, ਕਿਹਾ- ਖੇਤਰੀ ਪਾਰਟੀਆਂ ਨੂੰ ਖ਼ਤਮ ਕਰਨ ’ਤੇ ਤੁਲੀ ਭਾਜਪਾ
Sunday, Mar 05, 2023 - 03:18 AM (IST)
ਜਲੰਧਰ (ਜ. ਬ.) : ਭਾਜਪਾ ਖੇਤਰੀ ਪਾਰਟੀਆਂ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ ਤਾਂ ਜੋ ਦੇਸ਼ ’ਚ ਇਕੋ ਪਾਰਟੀ ਦੀ ਹਕੂਮਤ ਰਹੇ ਪਰ ਖੇਤਰੀ ਪਾਰਟੀਆਂ ਭਾਜਪਾ ਦੇ ਸੁਪਨੇ ਨੂੰ ਸਾਕਾਰ ਨਹੀਂ ਹੋਣ ਦੇਣਗੀਆਂ। ਇਹ ਗੱਲ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਐੱਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਅਕਾਲੀ ਦਲ ਦੇ ਜਥੇ. ਅੰਮ੍ਰਿਤਬੀਰ ਸਿੰਘ ਲੂਥਰਾ ਅਤੇ ਯੂਥ ਅਕਾਲੀ ਦਲ ਆਗੂ ਗਗਨਦੀਪ ਸਿੰਘ ਗੱਗੀ ਦੇ ਨਿਵਾਸ ’ਤੇ ਪਾਰਟੀ ਵਰਕਰਾਂ ਦੀ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ
ਬੀਬੀ ਬਾਦਲ ਨੇ ਕਿਹਾ ਕਿ ਭਾਜਪਾ ਦੀਆਂ ਜਿੰਨੀਆਂ ਵੀ ਛੋਟੀਆਂ ਭਾਈਵਾਲ ਪਾਰਟੀਆਂ ਸਨ, ਉਨ੍ਹਾਂ ਨੂੰ ਭਾਜਪਾ ਨੇ ਜਾਂ ਤਾਂ ਆਪਣੇ ਵਿੱਚ ਸ਼ਾਮਲ ਕਰ ਲਿਆ ਜਾਂ ਫਿਰ ਉਨ੍ਹਾਂ ਦੇ ਟੁੱਕੜੇ ਕਰ ਦਿੱਤੇ ਹਨ। ਭਾਜਪਾ ਨੂੰ ਇਨ੍ਹਾਂ ਗੱਲਾਂ ਦਾ ਖਮਿਆਜ਼ਾ ਤਾਂ ਇਕ ਦਿਨ ਜ਼ਰੂਰ ਭੁਗਤਣਾ ਪਵੇਗਾ ਕਿਉਂਕਿ ਹਰ ਖੇਤਰੀ ਪਾਰਟੀ ਦੀ ਆਪਣੇ ਸੂਬੇ ’ਚ ਜਗ੍ਹਾ ਹੈ। ਇਹ ਕਿਸੇ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਸੱਤਾ ਦਾ ਨਸ਼ਾ ਇਕ ਦਿਨ ਉਤਰਦਾ ਜ਼ਰੂਰ ਹੈ।
ਇਹ ਵੀ ਪੜ੍ਹੋ : ਲਾਹੌਰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਮਰਾਨ ਖਾਨ ਨੂੰ ਵੱਡੀ ਰਾਹਤ, ਪਾਰਟੀ ਦੇ ਕਈ ਨੇਤਾ ਤੇ ਵਰਕਰ ਰਿਹਾਅ
ਉਨ੍ਹਾਂ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੀ ਹਾਲਤ ਬੜੀ ਮਾੜੀ ਹੋ ਗਈ ਹੈ। ਹੁਣ ਤਾਂ ਥਾਣਿਆਂ ’ਤੇ ਕਬਜ਼ੇ ਹੋ ਰਹੇ ਹਨ ਪਰ ਭਗਵੰਤ ਮਾਨ ਸਰਕਾਰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਤਮਾਸ਼ਾ ਵੇਖ ਰਹੀ ਹੈ। ਸਰਕਾਰ ਦੀ ਇਹ ਨਾਲਾਇਕੀ ਸੂਬੇ ਦੇ ਲੋਕਾਂ ’ਤੇ ਭਾਰੀ ਪੈ ਸਕਦੀ ਹੈ। ਸੂਬੇ ’ਚ ਆਏ ਦਿਨ ਗੈਂਗਸਟਰ ਲੋਕਾਂ ਨੂੰ ਮਾਰ ਰਹੇ ਹਨ ਤੇ ਡਰਾ ਕੇ ਫਿਰੌਤੀਆਂ ਵਸੂਲ ਰਹੇ ਹਨ ਪਰ ਸਰਕਾਰ ਕੁਝ ਨਹੀਂ ਕਰ ਰਹੀ। ਸੂਬੇ ਦੀ ਸਨਅਤ ਯੂ. ਪੀ. ਤੇ ਹੋਰਨਾਂ ਸੂਬਿਆਂ ’ਚ ਜਾ ਰਹੀ ਹੈ ਅਤੇ ਪੰਜਾਬ ’ਚ ਕੋਈ ਵੀ ਸਨਅਤਕਾਰ ਨਿਵੇਸ਼ ਕਰਨ ਲਈ ਤਿਆਰ ਨਹੀਂ। ਭਗਵੰਤ ਮਾਨ ਤਾਂ ਸ਼ਬਦਾਂ ਦਾ ਵਪਾਰੀ ਹੈ ਅਤੇ ਉਹ ਲੋਕਾਂ ਨੂੰ ਇਧਰ-ਓਧਰ ਦੇ ਟੋਟਕੇ ਸੁਣਾ ਕੇ ਗੁੰਮਰਾਹ ਕਰ ਲੈਂਦਾ ਹੈ।
ਇਹ ਵੀ ਪੜ੍ਹੋ : ਸਰਹੱਦ ਪਾਰ : ਪਾਕਿ ’ਚ ਵਧਦੀ ਮਹਿੰਗਾਈ ਦਾ ਅਸਰ, ਰੀਟ੍ਰੀਟ ਸੈਰੇਮਨੀ ਪ੍ਰਤੀ ਪਾਕਿਸਤਾਨੀ ਜਵਾਨਾਂ ਦੀ ਘਟੀ ਦਿਲਚਸਪੀ
ਮੁਫ਼ਤ ਬਿਜਲੀ ਬਾਰੇ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਇਨ੍ਹਾਂ ਰਿਆਇਤਾਂ ਦੇ ਯੋਗ ਬਾਦਲ ਸਰਕਾਰ ਨੇ ਬਣਾਇਆ ਹੈ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸੂਬੇ ’ਚ ਵੱਡੇ ਥਰਮਲ ਪਲਾਂਟ ਲਾ ਕੇ ਸੂਬੇ ਨੂੰ ਸਰਪਲੱਸ ਬਿਜਲੀ ਵਾਲਾ ਰਾਜ ਬਣਾਇਆ। ‘ਆਪ’ ਸਰਕਾਰ ਨੇ 10 ਮਹੀਨਿਆਂ ਦੇ ਰਾਜ ’ਚ ਹੀ ਸੂਬੇ ’ਤੇ 40 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ। ਇਸ ਸਰਕਾਰ ਤੋਂ ਲੋਕਾਂ ਨੂੰ ਹੁਣ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਹ ਤਾਂ ਸਿਰਫ ਗੱਲਾਂ ਦਾ ਹੀ ਕੜਾਹ ਬਣਾਉਂਦੇ ਹਨ। ਬੀਬੀ ਬਾਦਲ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਨਵੇਂ ਵਰਕਰਾਂ ਨੂੰ ਜੋੜਨ ਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ। ਇਸੇ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੀਬੀ ਬਾਦਲ ਨੂੰ ਪਾਰਟੀ ਨੂੰ ਉਪਰ ਚੁੱਕਣ ਲਈ ਸੁਝਾਅ ਵੀ ਦਿੱਤੇ।
ਇਹ ਵੀ ਪੜ੍ਹੋ : ਅਜਬ-ਗਜ਼ਬ : ਇਸ ਦੇਸ਼ 'ਚ ਗੰਜਿਆਂ ਵਿਚਾਲੇ ਹੁੰਦੀ ਹੈ ਰੱਸਾਕਸ਼ੀ, ਹੱਥ ਨਹੀਂ, ਸਿਰ ਨਾਲ ਖਿੱਚਦੇ ਹਨ ਰੱਸੀ
ਇਸ ਮੌਕੇ ਹਲਕਾ ਕੈਂਟ ਦੇ ਇੰਚਾਰਜ ਜਗਬੀਰ ਬਰਾੜ ਨੇ ਕਿਹਾ ਕਿ ਜਲੰਧਰ ’ਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਬਾਦਲ ਸਰਕਾਰ ਵੇਲੇ ਹੀ ਹੋਇਆ ਹੈ। ਸ਼ਹਿਰ ’ਚ ਜਿੰਨੇ ਪੁਲ ਬਣੇ ਹਨ, ਉਹ ਸਭ ਬਾਦਲ ਸਰਕਾਰ ਦੀ ਦੇਣ ਹਨ। ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਕੁਝ ਤਾਕਤਾਂ ਨੂੰ ਪੰਜਾਬ ਦੇ ਹਾਲਾਤ ਖਰਾਬ ਕਰਨ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਹਰ ਰੋਜ਼ ਕਹਿੰਦਾ ਹੈ ਕਿ ਅਸੀਂ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰਾਂਗੇ ਪਰ ਅਸੀਂ ਭਾਜਪਾ ਲੀਡਰਸ਼ਿਪ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੀਆਂ ਵੀ ਬਾਹਾਂ ਆਕੜੀਆਂ ਨਹੀਂ।
ਇਹ ਵੀ ਪੜ੍ਹੋ : SGPC ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਵੱਲੋਂ ਕਈ ਅਹਿਮ ਫ਼ੈਸਲਿਆਂ ’ਤੇ ਮੋਹਰ
ਇਨ੍ਹਾਂ ਸਮਾਗਮਾਂ ’ਚ ਅਕਾਲੀ ਆਗੂ ਐੱਚ. ਐੱਸ. ਵਾਲੀਆ, ਤੇਜਿੰਦਰ ਕੌਰ, ਹਰਪ੍ਰੀਤ ਕੌਰ, ਜਗਦੀਪ ਕੌਰ, ਸਿਮਰਨ ਕੌਰ, ਇਬਾਦਤ, ਨਵਤਾਜਬੀਰ ਸਿੰਘ, ਕੁਲਦੀਪ ਕੌਰ, ਨੀਲਮ ਕੌਰ, ਹਰਜੀਤ ਕੌਰ, ਹਰਜੀਤ ਸਿੰਘ, ਬਲਜੀਤ ਸਿੰਘ, ਕੰਵਲਜੀਤ ਸਿੰਘ, ਪੁਨਮੀਤ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਮਨਜੀਤ ਸਿੰਘ ਠੁਕਰਾਲ, ਆਜ਼ਾਦਪ੍ਰੀਤ ਕੌਰ, ਅਨੀਤਾ ਵਾਲੀਆ, ਮਨਪ੍ਰੀਤ ਸਿੰਘ ਆਦਿ ਆਗੂ ਮੌਜੂਦ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।