ਭਾਜਪਾ ਨੇ 4 ਸੀਨੀਅਰ ਕਾਂਗਰਸੀਆਂ ਲਈ ਨਹੀਂ ਖੋਲ੍ਹੇ ਦਰਵਾਜ਼ੇ, 2 ਨੂੰ ਤਾਂ ਐਨ ਮੌਕੇ ਕਰ ਦਿੱਤਾ ਇਨਕਾਰ

Wednesday, Sep 21, 2022 - 10:15 AM (IST)

ਭਾਜਪਾ ਨੇ 4 ਸੀਨੀਅਰ ਕਾਂਗਰਸੀਆਂ ਲਈ ਨਹੀਂ ਖੋਲ੍ਹੇ ਦਰਵਾਜ਼ੇ, 2 ਨੂੰ ਤਾਂ ਐਨ ਮੌਕੇ ਕਰ ਦਿੱਤਾ ਇਨਕਾਰ

ਚੰਡੀਗੜ੍ਹ (ਹਰੀਸ਼ਚੰਦਰ) : ਭਾਰਤੀ ਜਨਤਾ ਪਾਰਟੀ ਦਾ ਟੀਚਾ ਚਾਹੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਖ਼ੁਦ ਨੂੰ ਮਜ਼ਬੂਤ ਕਰਨ ਦਾ ਹੋਵੇ ਪਰ ਉਹ ਹੋਰ ਦਲਾਂ ਤੋਂ ਆਉਣ ਵਾਲੇ ਆਗੂਆਂ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਪਾਰਟੀ ਲੀਡਰਸ਼ਿਪ ਭਾਜਪਾ 'ਚ ਸ਼ਾਮਲ ਹੋਣ ਦੇ ਇੱਛੁਕ ਹਰ ਵਿਰੋਧੀ ਧਿਰ ਨੇਤਾ ਦੀ ਪੂਰੀ ਪੜਤਾਲ ਕਰਵਾਉਣ ਤੋਂ ਬਾਅਦ ਹੀ ਅਜਿਹੇ ਨੇਤਾਵਾਂ ਨੂੰ ਸ਼ਾਮਲ ਕਰ ਰਹੀ ਹੈ। ਭਾਜਪਾ ਭ੍ਰਿਸ਼ਟ ਨੇਤਾਵਾਂ ਤੋਂ ਦੂਰੀ ਹੀ ਰੱਖਣਾ ਚਾਹੁੰਦੀ ਹੈ। ਹਰੇਕ ਲਈ ਭਾਜਪਾ ਦੇ ਦਰਵਾਜ਼ੇ ਖੁੱਲ੍ਹੇ ਨਹੀਂ ਹਨ, ਇਸ ਦਾ ਸੰਕੇਤ 4 ਸੀਨੀਅਰ ਕਾਂਗਰਸ ਨੇਤਾਵਾਂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਹਾਲ ਹੀ 'ਚ ਦਿੱਤਾ, ਜਦੋਂ ਉਨ੍ਹਾਂ ਨੂੰ ਸ਼ਾਮਲ ਕਰਨ 'ਚ ਪਾਰਟੀ ਨੇ ਅਸਮਰੱਥਤਾ ਜਤਾਈ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਖ਼ਬਰ : ਵਿਸ਼ਵ ਬੈਂਕ ਨੇ ਪੰਜਾਬ ਨੂੰ ਦਿੱਤਾ 150 ਮਿਲੀਅਨ ਡਾਲਰ ਦਾ ਕਰਜ਼ਾ

ਦਰਅਸਲ ਮਾਝਾ ਤੋਂ 1 ਤੇ ਮਾਲਵਾ ਤੋਂ 3 ਕਾਂਗਰਸ ਨੇਤਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ 'ਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਇਨ੍ਹਾਂ ਦੀ ਜੋ ਰਿਪੋਰਟ ਭਾਜਪਾ ਨੂੰ ਮਿਲੀ, ਉਹ ਸਹੀ ਨਹੀਂ ਸੀ। ਇਨ੍ਹਾਂ ਵਿਚੋਂ 3 ਸਾਬਕਾ ਮੰਤਰੀ ਤੇ 1 ਮੰਤਰੀ ਪੱਧਰ ’ਤੇ ਰਿਹਾ ਨੇਤਾ ਹੈ। ਇਨ੍ਹਾਂ 'ਚ ਵੀ 2 ਨੂੰ ਤਾਂ 4 ਦਿਨ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਭਾਜਪਾ ਦੇ ਸਾਂਚੇ 'ਚ ਉਹ ਫਿੱਟ ਨਹੀਂ ਬੈਠ ਰਹੇ। ਬਾਕੀ 2 ਸਾਬਕਾ ਮੰਤਰੀਆਂ ਨੂੰ ਐਨ ਮੌਕੇ ’ਤੇ ਭਾਜਪਾ ਨੇ ਇਨਕਾਰ ਕੀਤਾ ਸੀ। ਇਨ੍ਹਾਂ 'ਚ ਵੀ ਇਕ ਨੇਤਾ ਬੀਤੇ ਦਿਨ ਦਿੱਲੀ ਪਹੁੰਚ ਵੀ ਗਿਆ ਸੀ ਤੇ ਕੈਪਟਨ ਦੀ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਮੁਲਾਕਾਤ ਤੱਕ ਉਨ੍ਹਾਂ ਦੇ ਨਾਲ ਹੀ ਸੀ।

ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ 'ਚ ਲੱਗਣਗੇ CCTV ਕੈਮਰੇ, ਬੰਬ ਧਮਾਕੇ ਦੇ 9 ਮਹੀਨਿਆਂ ਬਾਅਦ ਮਿਲੀ ਮਨਜ਼ੂਰੀ

ਖ਼ਾਸ ਗੱਲ ਇਹ ਹੈ ਕਿ ਭਾਜਪਾ ਲੀਡਰਸ਼ਿਪ ਨੂੰ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਵੀ ਉਨ੍ਹਾਂ ਨੇਤਾਵਾਂ ਨੇ ਹੀ ਦਿੱਤੀ, ਜੋ ਕੁੱਝ ਅਰਸਾ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਭਾਜਪਾ ਦੇ 3 ਸੀਨੀਅਰ ਨੇਤਾਵਾਂ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਇਕ ਭਾਜਪਾ ਨੇਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰਿੰਦਰ ਸਰਕਾਰ 'ਚ ਮਾਲਵਾ ਤੋਂ ਮੰਤਰੀ ਰਹਿ ਚੁੱਕੇ 2 ਨੇਤਾਵਾਂ ਦੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਭਾਜਪਾ ਨੇ ਇਨ੍ਹਾਂ ਨੂੰ ਸ਼ਾਮਲ ਕਰਨ ਤੋਂ ਕੰਨੀ ਕੱਟ ਲਈ। ਹਾਲਾਂਕਿ ਇਨ੍ਹਾਂ ਵਿਚੋਂ ਇਕ ਨੇ ਤਾਂ ਆਖ਼ਰੀ ਸਮੇਂ ਤੱਕ ਕੋਸ਼ਿਸ਼ ਕੀਤੀ ਪਰ ਸੀਨੀਅਰ ਭਾਜਪਾ ਲੀਡਰਸ਼ਿਪ ਨੇ ਸਾਫ਼ ਮਨ੍ਹਾ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਨੇਤਾਵਾਂ ਨੂੰ ਲੈ ਕੇ ਹੋਈ ਸ਼ਸ਼ੋਪੰਜ ਦੇ ਕਾਰਣ ਹੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਪ੍ਰੋਗਰਾਮ ਵੀ ਪੂਰੇ ਇਕ ਘੰਟਾ ਦੇਰੀ ਨਾਲ 4.30 ਦੀ ਬਜਾਏ 5.30 ਵਜੇ ਸ਼ੁਰੂ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News