ਪੰਜਾਬ ਭਾਜਪਾ ਟੀਮ ’ਚ ਬਦਲਾਅ ਦੀਆਂ ਅਟਕਲਾਂ ਵਿਚਕਾਰ ਵਧੀ ਧੜੇਬੰਦੀ
Friday, Sep 02, 2022 - 06:42 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਕਾਰਜਕਾਰਨੀ ਵਿਚ ਬਦਲਾਅ ਲਈ ਸੂਬਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਬੁਲਾਈ ਹੈ। ਬੈਠਕ ਵਿਚ ਪ੍ਰਦੇਸ਼ ਭਾਜਪਾ ਦੇ ਸਹਿ-ਇੰਚਾਰਜ ਨਰਿੰਦਰ ਰੈਨਾ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀਨਿਵਾਸ ਮੌਜੂਦ ਰਹਿਣਗੇ। ਇਹ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸ ਮੀਟਿੰਗ ਲਈ ਸੂਬੇ ਦੇ ਬਾਕੀ ਤਿੰਨ ਜਨਰਲ ਸਕੱਤਰਾਂ ਨੂੰ ਨਹੀਂ ਬੁਲਾਇਆ ਗਿਆ ਅਤੇ ਜਨਰਲ ਸਕੱਤਰ ਵਜੋਂ ਮੀਟਿੰਗ ਵਿਚ ਸਿਰਫ ਜੀਵਨ ਗੁਪਤਾ ਨੂੰ ਬੁਲਾਇਆ ਗਿਆ ਹੈ। ਜੀਵਨ ਗੁਪਤਾ ਨੇ ਖੁਦ ਮੀਟਿੰਗ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਦੁਸ਼ਯੰਤ ਗੌਤਮ ਵਲੋਂ ਪਾਰਟੀ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕਰਨ ਲਈ ਸੱਦੀ ਮੀਟਿੰਗ ਦੇ ਸਬੰਧ ਵਿਚ ਦਿੱਲੀ ਜਾ ਰਹੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ
ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਦਿਆਲ ਸੋਢੀ ਅਤੇ ਰਾਜੇਸ਼ ਬਾਘਾ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਮੀਟਿੰਗ ਦਿੱਲੀ ਵਿਚ ਹੋਣ ਦੀ ਜਾਣਕਾਰੀ ਨਹੀਂ ਹੈ। ਇਨ੍ਹਾਂ ਵਿਚੋਂ ਇਕ ਜਨਰਲ ਸਕੱਤਰ ਦੀ ਇਕ ਟਿੱਪਣੀ ਸੀ, ‘ਜੀਵਨ ਗੁਪਤਾ ਪ੍ਰਧਾਨ ਜੀ ਦੇ ਨੇੜੇ ਹੋਣ ਕਰ ਕੇ ਦਿੱਲੀ ਜ਼ਰੂਰ ਗਏ ਹੋਣਗੇ, ਬਾਕੀ ਚਾਰ ਆਗੂ ਮੀਟਿੰਗ ਵਿਚ ਹੀ ਰਹਿਣਗੇ। ਇਹ ਨਹੀਂ ਹੋ ਸਕਦਾ ਕਿ ਅਜਿਹੇ ਅਹਿਮ ਮੌਕੇ ’ਤੇ ਬਾਕੀ ਤਿੰਨ ਜਨਰਲ ਸਕੱਤਰਾਂ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਲੋਕਾਂ ਨੂੰ ਥਾਣੇ ’ਚ ਬੰਦ ਕਰਨ ਦੀ ਧਮਕੀ ਦੇਣ ਵਾਲਾ ਥਾਣੇਦਾਰ ਖੁਦ ਪਹੁੰਚਿਆ ਸਲਾਖਾਂ ਪਿੱਛੇ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਦੁਸ਼ਯੰਤ ਗੌਤਮ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਟੀਮ ਵਿਚ ਬਦਲਾਅ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਅਹੁਦੇਦਾਰਾਂ ਵਿਚੋਂ ਕੁਝ ਨੂੰ ਤਰੱਕੀ ਦਿੱਤੀ ਜਾ ਸਕਦੀ ਹੈ ਜਦਕਿ ਕੁਝ ਨਵੇਂ ਚਿਹਰੇ ਵੀ ਇਸ ਵਿਚ ਸ਼ਾਮਲ ਹੋਣਗੇ। ਪੰਜਾਬ ਵਿਚ ਪਾਰਟੀ ਪ੍ਰਧਾਨ ਬਦਲਣ ਦੇ ਸਵਾਲ ’ਤੇ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਪ੍ਰਧਾਨ ਸੰਗਠਨ ਦੇ ਦਾਇਰੇ ਵਿਚ ਹੀ ਹੁੰਦਾ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਭਾਜਪਾ ਵੀ ਪੰਜਾਬ ਵਿਚ ਆਪਣੇ 10-12 ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਣ ਦੇ ਮੂਡ ਵਿਚ ਹੈ। ਇਹ ਵੀ ਪਤਾ ਲੱਗਾ ਹੈ ਕਿ ਜੇਕਰ ਮੀਟਿੰਗ ਸਫਲ ਰਹੀ ਤਾਂ ਦੁਸ਼ਯੰਤ ਗੌਤਮ ਪੰਜਾਬ ਦੇ ਇਨ੍ਹਾਂ ਆਗੂਆਂ ਦੇ ਨਾਲ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜਾਂ ਸੰਗਠਨ ਦੇ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਨਾਲ ਅਗਲੇ ਦੌਰ ਦੀ ਬੈਠਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਕਾਰਵਾਈ ਕਰਨ ਦੀ ਤਿਆਰੀ ’ਚ ਭਾਜਪਾ, ਸਤੰਬਰ ਦੇ ਪਹਿਲੇ ਹਫ਼ਤੇ ਹੋ ਸਕਦੈ ਐਲਾਨ
ਮਾਂਡਵੀਆ ਦੇ ਆਉਣ ਤੋਂ ਬਾਅਦ ਮੋਦੀ ਦਾ ਦੌਰਾ ਤੈਅ ਹੋਵੇਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਵਿਚ ਹੀ ਇਕ ਵਾਰ ਫਿਰ ਪੰਜਾਬ ਆ ਸਕਦੇ ਹਨ। ਉਨ੍ਹਾਂ ਵਲੋਂ ਬਠਿੰਡਾ ਵਿਚ ਏਮਜ਼ ਹਸਪਤਾਲ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ, ਜਿਸ ਦੀ ਤਾਰੀਖ ਅਜੇ ਤੈਅ ਨਹੀਂ ਹੋਈ। ਪਾਰਟੀ ਸੂਤਰਾਂ ਅਨੁਸਾਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਸਤੰਬਰ ਦੇ ਦੂਜੇ ਹਫਤੇ ਬਠਿੰਡਾ ਦਾ ਦੌਰਾ ਕਰਕੇ ਏਮਜ਼ ਵਿਚ ਹੋਏ ਕੰਮਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੇ ਦੌਰੇ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਦਾ ਇਸ ਏਮਜ਼ ਹਸਪਤਾਲ ਦੇ ਉਦਘਾਟਨ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਬੈਠੇ ਗੈਂਗਸਟਰ ਰਿੰਦਾ ਦੀ ਪੰਜਾਬ ਪੁਲਸ ਨੂੰ ਧਮਕੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।