ਗੈਰ-ਸਿਆਸੀ ਨੇਤਾਵਾਂ ਦੀ ‘ਤਿੱਕੜੀ’ ਨਹੀਂ ਉਡਣ ਦੇ ਰਹੀ ਪੰਜਾਬ ’ਚ ਭਾਜਪਾ ਦਾ ਜਹਾਜ਼

03/22/2023 11:26:22 AM

ਪਟਿਆਲਾ (ਵਿਸ਼ੇਸ਼) : ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਆਮ ਆਦਮੀ ਪਾਰਟੀ 92 ਸੀਟਾਂ ਜਿੱਤ ਕੇ ਬੰਪਰ ਬਹੁਮਤ ਨਾਲ ਸੱਤਾ ’ਚ ਆਈ ਹੈ ਪਰ ਸਰਕਾਰ ਬਣਨ ਤੋਂ ਕੁਝ ਮਹੀਨਿਆਂ ਬਾਅਦ ਸੰਗਰੂਰ ਦੀਆਂ ਉਪ-ਚੋਣਾਂ ’ਚ ਪਾਰਟੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਅਜਿਹੀ ਹਾਲਤ ’ਚ ਪੰਜਾਬ ਦੇ ਲੋਕਾਂ ਵਿਚਾਲੇ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਸਿਆਸਤ ’ਚ ਪਹਿਲਾਂ ਤੋਂ ਸਥਾਪਿਤ ਅਕਾਲੀ ਦਲ ਅਤੇ ਕਾਂਗਰਸ ਨੂੰ ਅਜ਼ਮਾ ਕੇ ਦੇਖ ਲਿਆ ਹੈ ਅਤੇ ਹੁਣ ਬਦਲਾਅ ਦੇ ਨਾਂ ’ਤੇ ਆਈ ਆਮ ਆਦਮੀ ਪਾਰਟੀ ਦੀ ਅਜ਼ਮਾਇਸ਼ ਵੀ ਹੋ ਗਈ ਹੈ। ਲਿਹਾਜ਼ਾ ਹੁਣ ਪੰਜਾਬ ’ਚ ਭਾਜਪਾ ਲਈ ਮੌਕਾ ਬਣਦਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਇਸ ਦਾ ਲਾਭ ਮਿਲ ਸਕਦਾ ਹੈ, ਇਹ ਚਰਚਾ ਪੰਜਾਬ ’ਚ ਭਾਜਪਾ ਦੀ ਹਰ ਮੀਟਿੰਗ ਦੌਰਾਨ ਹੁੰਦੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਪੈਂਟ ਸ਼ਰਟ ਪਾ ਕੇ ਹੋਇਆ ਫਰਾਰ, ਪੁਲਸ ਨੇ ਜਾਰੀ ਕੀਤੀਆਂ ਤਸਵੀਰਾਂ

ਇਸ ਦਾ ਕਾਰਨ ਹੈ ਕਿ ਪੰਜਾਬ ਦੇ ਲੋਕ ਮਜ਼ਬੂਤ ​​ਨੇਤਾ ਦੇ ਪਿੱਛੇ ਚੱਲਣ ’ਚ ਯਕੀਨ ਰੱਖਦੇ ਹਨ ਤੇ ਉਨ੍ਹਾਂ ਨੂੰ ਕੇਂਦਰ ’ਚ ਭਾਜਪਾ ਦੀ ਮਜ਼ਬੂਤ ​​ਲੀਡਰਸ਼ਿਪ ’ਤੇ ਭਰੋਸਾ ਹੈ। ਇਸੇ ਭਰੋਸੇ ਕਾਰਨ ਕਾਂਗਰਸ ਦੇ ਕਈ ਕੱਦਾਵਰ ​​ਆਗੂ ਭਾਜਪਾ ’ਚ ਸ਼ਾਮਲ ਹੋ ਗਏ ਹਨ ਪਰ ਪੰਜਾਬ ਭਾਜਪਾ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਅਜਿਹਾ ਨਹੀਂ ਲੱਗਦਾ ਕਿ ਪਾਰਟੀ ਲੋਕਾਂ ਵਿਚਾਲੇ ਪੈਦਾ ਹੋਈਆਂ ਉਮੀਦਾਂ ਨੂੰ ਨਤੀਜਿਆਂ ’ਚ ਤਬਦੀਲ ਕਰ ਸਕੇਗੀ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਜਿਹੇ ਗ਼ੈਰ-ਸਿਆਸੀ ਨੇਤਾਵਾਂ ਦੇ ਪ੍ਰਭਾਵ ਹੇਠ ਹਨ, ਜਿਨ੍ਹਾਂ ਨੂੰ ਖੁਦ ਜ਼ਮੀਨੀ ਸਿਆਸਤ ਦਾ ਤਜ਼ਰਬਾ ਨਹੀਂ ਹੈ। ਇਹੀ ਆਗੂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨੀਵਾਂ ਦਿਖਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਦੇ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਉਨ੍ਹਾਂ ਦੇ ਕੰਮ ’ਚ ਬੇਲੋੜੀ ਦਖ਼ਲਅੰਦਾਜ਼ੀ ਕਰਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਮਾਮਲੇ ’ਚ ਆਈ. ਜੀ. ਦਾ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ, ਭੇਸ ਬਦਲ ਕੇ ਹੋਇਆ ਫਰਾਰ

ਇਨ੍ਹਾਂ ਆਗੂਆਂ ਨੇ ਕਦੇ ਪੰਚਾਇਤੀ ਚੋਣਾਂ ਵੀ ਨਹੀਂ ਜਿੱਤੀਆਂ, ਸਗੋਂ ਸੀਨੀਅਰ ਆਗੂਆਂ ਦੀ ਖੁਸ਼ਾਮਦ ਦੇ ਬਲਬੂਤੇ ਪਾਰਟੀ ਦੇ ਵੱਡੇ ਅਹੁਦਿਆਂ ’ਤੇ ਬਿਰਾਜਮਾਨ ਹਨ ਅਤੇ ਇਨ੍ਹਾਂ ਅਹੁਦਿਆਂ ਦੇ ਚਲਦਿਆਂ ਉਹ ਕਿਸੇ ਵੀ ਹਲਕਾ ਇੰਚਾਰਜ, ਵਿਧਾਇਕ ਅਤੇ ਸਾਬਕਾ ਮੰਤਰੀ ਨੂੰ ਲੈ ਕੇ ਵੀ ਸੰਗਠਨ ’ਚ ਨੈਗੇਟਿਵ ਫੀਡਬੈਕ ਦੇ ਕੇ ਉਸ ਦੀ ਸਿਆਸਤ ਨੂੰ ਖੋਰਾ ਲਾਉਣ ਦਾ ਕੰਮ ਕਰਦੇ ਹਨ। ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਲਈ ਅਜਿਹੇ ਗ਼ੈਰ-ਸਿਆਸੀ ਨੇਤਾਵਾਂ ਦੇ ਹੁਕਮਾਂ ’ਤੇ ਚੱਲਣਾ ‘ਆਸਮਾਨ ਤੋਂ ਡਿੱਗੇ, ਖਜੂਰ ’ਤੇ ਅਟਕੇ’ ਵਰਗੀ ਸਥਿਤੀ ਪੈਦਾ ਕਰ ਰਿਹਾ ਹੈ ਕਿਉਂਕਿ ਜਿਨ੍ਹਾਂ ਪਾਰਟੀਆਂ ਤੋਂ ਇਹ ਆਗੂ ਆਏ ਹਨ, ਉਨ੍ਹਾਂ ਦਾ ਕਾਰਜ ਸੱਭਿਆਚਾਰ ਵੱਖਰਾ ਹੈ ਅਤੇ ਉਨ੍ਹਾਂ ਨੂੰ ਭਾਜਪਾ ’ਚ ਅਜਿਹੇ ਅਨਜਾਣ ਨੇਤਾਵਾਂ ਤੋਂ ਹਦਾਇਤਾਂ ਸੁਣਨੀਆਂ ਪੈਂਦੀਆਂ ਹਨ, ਜਿਨ੍ਹਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਮੀਂਹ ਤੇ ਗੜ੍ਹੇਮਾਰੀ ਕਾਰਣ ਨੁਕਸਾਨੀ ਫਸਲ ਦੀ ਗਿਰਦਾਵਰੀ ਦੇ ਹੁਕਮ

ਪੰਜਾਬ ਭਾਜਪਾ ਦੇ ਇਕ ਸੀਨੀਅਰ ਆਗੂ ਦੀ ਕਰੀਬੀ ਇਹ ਤਿੱਕੜੀ ਪਾਰਟੀ ਦੇ ਨੇਤਾਵਾਂ ਲਈ ਇਸ ਹੱਦ ਤੱਕ ਮੁਸੀਬਤ ਖੜ੍ਹੀ ਕਰ ਦਿੰਦੀ ਹੈ ਕਿ ਕਿਸੇ ਵੀ ਸਥਾਨਕ ਇੰਚਾਰਜ ਜਾਂ ਵਿਧਾਇਕ ਦਾ ਵਿਰੋਧ ਕਰਨ ਵਾਲੇ ਜੂਨੀਅਰ ਆਗੂ ਨੂੰ ਵਿਧਾਇਕ ਜਾਂ ਇੰਚਾਰਜ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਮੰਡਲ ਜਾਂ ਜ਼ਿਲ੍ਹੇ ’ਚ ਉਸ ਦੀ ਨਿਯੁਕਤੀ ਕਰ ਦਿੰਦੇ ਹਨ ਅਤੇ ਜੇਕਰ ਕੋਈ ਵਿਧਾਇਕ ਜਾਂ ਇੰਚਾਰਜ ਉਸ ਦੀ ਨਿਯੁਕਤੀ ਬਾਰੇ ਪੁੱਛਦਾ ਹੈ ਤਾਂ ਇਸ ਦਾ ਠੀਕਰਾ ਆਰ. ਐੱਸ. ਐੱਸ. ’ਤੇ ਭੰਨ ਦਿੱਤਾ ਜਾਂਦਾ ਹੈ। ਭਾਵੇਂ ਇਹ ਤਿੰਨੇ ਆਗੂ ਕਦੇ ਵੀ ਕੌਂਸਲਰ ਜਾਂ ਪੰਚਾਇਤ ਦੀ ਚੋਣ ਨਹੀਂ ਜਿੱਤੇ ਪਰ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਨਾਲ ਨੇੜਤਾ ਦੇ ਚੱਲਦਿਆਂ ਇਹ ਸੰਸਦ ਮੈਂਬਰ ਬਣਨ ਦੇ ਸੁਫ਼ਨੇ ਲੈ ਰਹੇ ਹਨ ਅਤੇ ਇਸੇ ਆਗੂ ਦੀ ਸ਼ਹਿ ’ਤੇ ਭਾਜਪਾ ਦੇ ਸੂਬਾ ਦਫ਼ਤਰ ’ਚ ਬੈਠ ਕੇ ਸਿਆਸਤ ਖੇਡਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਸਾਬਕਾ ਡੀ. ਜੀ. ਪੀ. ਚਟੋਪਾਧਿਆਏ ਸਣੇ ਤਿੰਨ ਆਈ. ਪੀ. ਐੱਸ. ਅਫਸਰਾਂ ’ਤੇ ਕਾਰਵਾਈ ਦੇ ਹੁਕਮ

ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੂੰ ਹੁਣ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੀ ਹਮਾਇਤ ਨਹੀਂ ਹੈ, ਜੋ ਆਪਣੇ-ਆਪ ’ਚ ਚੋਣਾਂ ਦਾ ਪ੍ਰਬੰਧ ਕਰਨ ਵਿਚ ਬਹੁਤ ਮਾਹਿਰ ਮੰਨੇ ਜਾਂਦੇ ਸੀ। ਅੱਜ ਦੀ ਜ਼ਮੀਨੀ ਹਕੀਕਤ ਇਹ ਹੈ ਕਿ ਭਾਜਪਾ ਨੂੰ ਹੁਣ ਪੰਜਾਬ ਦੀਆਂ 23 ਨਹੀਂ ਸਗੋਂ 117 ਸੀਟਾਂ ’ਤੇ ਚੋਣ ਲੜਨੀ ਪੈ ਰਹੀ ਹੈ ਅਤੇ ਜੇਕਰ ਪਾਰਟੀ ਨੇ ਪੰਜਾਬ ਦੀ ਸਿਆਸਤ ’ਚ ਆਪਣੀ ਮਜ਼ਬੂਤ ਥਾਂ ਬਣਾਉਣੀ ਹੈ ਤਾਂ ਇਸ ਗ਼ੈਰ-ਸਿਆਸੀ ਤਿੱਕੜੀ ਦੇ ਭਰੋਸੇ ਨਹੀਂ, ਸਗੋਂ ਸਿਆਸੀ ਤੌਰ ’ਤੇ ਤੇਜ਼-ਤਰਾਰ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ, ਨਹੀਂ ਤਾਂ ਪਾਰਟੀ ਨੂੰ 23 ਸੀਟਾਂ ’ਤੇ ਵੀ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਜਨਤਾ ਦੇ ਨਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ, ਲਾਈਵ ਹੋ ਕੇ ਆਖੀਆਂ ਇਹ ਗੱਲਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News