ਭਾਜਪਾ ਵਿਧਾਇਕ ਨਾਰੰਗ ’ਤੇ ਹਮਲਾ ਕਰਨ ਵਾਲੇ ਬੰਦਿਆਂ ਦੀ ਹੋਈ ਸ਼ਨਾਖਤ, 4 ਗ੍ਰਿਫਤਾਰ
Sunday, Mar 28, 2021 - 09:19 PM (IST)
ਮਲੋਟ, (ਜੁਨੇਜਾ)- ਮਲੋਟ ਵਿਖੇ ਭਾਜਪਾ ਵਿਧਾਇਕ ਅਤੇ ਪੁਲਸ ਪਾਰਟੀ ’ਤੇ ਕੀਤੇ ਕਾਤਲਾਨਾ ਹਮਲੇ ਨੂੰ ਲੈਕੇ ਦਰਜ ਇਰਾਦਾ ਕਤਲ ਮਾਮਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਹੁਣ ਤੱਕ ਕੁੱਲ 27 ਬੰਦਿਆਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਵਿਚੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਇਸ ਸਬੰਧੀ ਐੱਸ. ਐੱਸ. ਪੀ. ਡੀ. ਸੂਡਰਵਿਜੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਪੁਲਸ ਨੇ ਵੱਖ-ਵੱਖ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਭਾਜਪਾ ਵਿਧਾਇਕ ਅਰੁਣ ਨਾਰੰਗ ਅਤੇ ਪੁਲਸ ਅਧਿਕਾਰੀ ’ਤੇ ਕੀਤੇ ਕਾਤਲਾਨਾ ਹਮਲੇ ਦੇ ਮਾਮਲੇ ਵਿਚ 27 ਵਿਅਕਤੀਆਂ ਦੀ ਸ਼ਨਾਖਤ ਕਰ ਲਈ ਹੈ ਜਿਨ੍ਹਾਂ ਵਿਚੋਂ 4 ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 2963 ਨਵੇਂ ਮਾਮਲੇ ਆਏ ਸਾਹਮਣੇ, 69 ਦੀ ਮੌਤ
ਸੀਨੀਅਰ ਕਪਤਾਨ ਨੇ ਦੱਸਿਆ ਕਿ ਇਸ ਮਾਮਲੇ ’ਤੇ ਸਿਟੀ ਮਲੋਟ ਪੁਲਸ ਨੇ ਲੱਖਨਪਾਲ ਸ਼ਰਮਾ, ਨਿਰਮਲ ਸਿੰਘ ਜੱਸੇਆਣਾ ਅਤੇ ਅਵਤਾਰ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਸਿਟੀ ਮਲੋਟ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਹੈ। ਇਸ ’ਤੇ ਬਣਾਈਆਂ ਟੀਮਾਂ ਨੇ ਕੀਤੀ ਪੜਤਾਲ ਤੋਂ ਬਾਅਦ ਕੁੱਲ 27 ਬੰਦਿਆਂ ਦੀ ਸ਼ਨਾਖਤ ਕੀਤੀ ਹੈ ਇਨ੍ਹਾਂ ’ਚੋਂ ਸੁਰਜੀਤ ਸਿੰਘ, ਨੇਮਪਾਲ ਸਿੰਘ ਅਤੇ ਬਲਦੇਵ ਸਿੰਘ ਵਾਸੀ ਬੋਦੀਵਾਲਾ ਅਤੇ ਗੁਰਮੀਤ ਸਿੰਘ ਵਾਸੀ ਖੂਨਨ ਕਲਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਮਲੋਟ ਘਟਨਾ ਤੋਂ ਬਾਅਦ ਐਕਸ਼ਨ ’ਚ ਪੰਜਾਬ ਭਾਜਪਾ, ਕੈਪਟਨ ਦੀ ਰਿਹਾਇਸ਼ ’ਤੇ ਬੋਲਿਆ ਧਾਵਾ
ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਉਗਰ ਹੋਈ ਭੀੜ ਨੇ ਵਿਧਾਇਕ ਦੇ ਨਾਲ ਉਸਨੂੰ ਸੁਰੱਖਿਅਤ ਕਰਨ ਵਾਲੀ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਐੱਸ. ਪੀ. ਐੱਚ. ਗੁਰਮੇਲ ਸਿੰਘ , ਕਾਂਸਟੇਬਲ ਰਣਜੀਤ ਸਿੰਘ ਅਤੇ ਹਰਮਪ੍ਰੀਤ ਸਿੰਘ ਜ਼ਖਮੀ ਹੋ ਗਏ ਸਨ ਜਿਨ੍ਹਾਂ ਦਾ ਮਲੋਟ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਹੋਰ ਦੋਸ਼ੀਆਂ ਦੀ ਸ਼ਨਾਖਤ ਅਤੇ ਨਾਮਜ਼ਦ ਕੀਤੇ ਦੋਸ਼ੀਆਂ ਦੀ ਭਾਲ ਲਈ ਬਣਾਈਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।