ਅਕਾਲੀ ਲੀਡਰ ਨੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਬਾਦਲ ਦੇ ਹਲਕੇ ''ਚ ਲਗਾਈ ਬ੍ਰੇਕ

Wednesday, Jul 31, 2019 - 06:50 PM (IST)

ਅਕਾਲੀ ਲੀਡਰ ਨੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਬਾਦਲ ਦੇ ਹਲਕੇ ''ਚ ਲਗਾਈ ਬ੍ਰੇਕ

ਸ੍ਰੀ ਮੁਕਤਸਰ ਸਾਹਿਬ— ਭਾਜਪਾ ਵਲੋਂ ਵਿੱਢੀ ਮੈਂਬਰਸ਼ਿਪ ਮੁਹਿੰਮ ਨੂੰ ਸ੍ਰੀ ਮੁਕਤਸਰ ਸਾਹਿਬ 'ਚ ਅਕਾਲੀ ਦਲ ਦੇ ਲੀਡਰ ਨੇ ਬ੍ਰੇਕ ਲਗਾ ਦਿੱਤੀ ਸੀ। ਅਕਾਲੀ ਦਲ ਦੇ ਉਪ ਪ੍ਰਧਾਨ ਤੇਜਿੰਦਰ ਸਿੰਘ ਮਿੱਧੂਖੇੜਾ ਨੇ ਲੰਬੀ ਹਲਕੇ ਵਿਚ ਭਾਜਪਾ ਦੇ ਲੰਬੀ ਤੋਂ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੂੰ ਉਨ੍ਹਾਂ ਦੇ ਹਲਕੇ ਵਿਚ ਮੈਂਬਰਸ਼ਿਪ ਮੁਹਿੰਮ ਨਾ ਚਲਾਉਣ ਦੀ ਹਿਦਾਇਤ ਕੀਤੀ ਸੀ। ਦਰਅਸਲ ਇਸ ਦੀ ਇਕ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਸੀ, ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਡੀਓ ਅਕਾਲੀ ਦਲ ਦੇ ਉਪ ਪ੍ਰਧਾਨ ਤੇਜਿੰਦਰ ਸਿੰਘ ਮਿੱਧੂਖੇੜਾ ਅਤੇ ਭਾਜਪਾ ਦੇ ਬਾਲਕ ਪ੍ਰਧਾਨ ਕੁਲਵੰਤ ਸਿੰਘ ਦੀ ਸੀ। ਇਸ ਕਥਿਤ ਆਡੀਓ ਵਿਚ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਧੂਖੇੜਾ ਭਾਜਪਾ ਲੀਡਰ ਕੁਲਵੰਤ ਸਿੰਘ ਨੂੰ ਲੰਬੀ ਵਿਚ ਭਾਜਪਾ ਮੈਂਬਰਸ਼ਿਪ ਨੂੰ ਇਹ ਆਖ ਕੇ ਬ੍ਰੇਕ ਲਗਾਉਣ ਦੀ ਹਿਦਾਇਤ ਕਰ ਰਹੇ ਸਨ ਕਿ ਇਹ ਹਲਕਾ ਬਾਦਲ ਸਾਹਿਬ ਦਾ ਹੈ। 
ਇਸ ਦਰਮਿਆਨ ਭਾਜਪਾ ਦੇ ਜ਼ਿਲਾ ਪ੍ਰਧਾਨ ਰਾਜੇਸ਼ ਪਾਠੇਲਾ 'ਗੋਰਾ' ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਦਾ ਫੋਨ ਆਇਆ ਸੀ। ਸਾਡੇ ਸੂਬਾ ਮੈਂਬਰਸ਼ਿਪ ਮੁਹਿੰਮ ਦੇ ਇੰਚਾਰਜ ਦਿਆਲ ਸਿੰਘ ਸੋਢੀ ਨੇ ਉਨ੍ਹਾਂ ਨੂੰ ਪਿੰਡ ਮਿੱਦੂਖੇੜਾ 'ਚ ਮੈਂਬਰਸ਼ਿਪ ਕੈਂਪ ਲਗਾਉਣ ਲਈ ਕਿਹਾ ਅਤੇ ਇਸ ਦੌਰਾਨ ਤੇਜਿੰਦਰ ਸਿੰਘ ਮਿੱਧੂਖੇੜਾ ਨੇ ਵੀ ਉਨ੍ਹਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਕਰਨ ਦੀ ਗੱਲ ਆਖੀ ਅਤੇ ਕਿਹਾ ਕਿ ਜੇਕਰ ਭਾਜਪਾ ਮਿੱਧੂਖੇੜਾ 'ਚ ਮੈਂਬਰਸ਼ਿਪ ਕੈਂਪ ਲਗਾਉਂਦੀ ਹੈ ਤਾਂ ਉਹ ਵਰਕਰਾਂ ਲਈ ਚਾਹ ਪਕੌੜਿਆਂ ਦਾ ਬੰਦੋਬਸਤ ਕਰਨਗੇ। ਉਨ੍ਹਾਂ ਕਿਹਾ ਕਿ ਤੇਜਿੰਦਰ ਸਿੰਘ ਮਿੱਧੂਖੇੜਾ ਨੇ ਲੰਬੀ ਹਲਕੇ 'ਚ ਮੈਂਬਰਸ਼ਿਪ ਮੁਹਿੰਮ ਰੋਕਣ ਦੀ ਜ਼ਰੂਰ ਆਖੀ ਸੀ ਪਰ ਹੁਣ ਉਹ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ।


author

Gurminder Singh

Content Editor

Related News