ਭਾਜਪਾ ਆਗੂ ਵੱਲੋਂ SGPC ਨੂੰ ਪੱਤਰ ਲਿਖ ਸ਼ਰਾਬ ਨੀਤੀ ਵਿਰੁੱਧ ਮੋਰਚਾ ਖੋਲ੍ਹਣ ਦੀ ਮੰਗ, ਦੋ ਦਿਨ ਦਾ ਰੱਖਣਗੇ ਵਰਤ
Tuesday, Sep 13, 2022 - 07:20 PM (IST)
ਜਲੰਧਰ : ਭਾਜਪਾ ਦੇ ਸੀਨੀਅਰ ਨੇਤਾ ਜਗਮੋਹਨ ਸਿੰਘ ਰਾਜੂ ਨੇ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਖਿਲਾਫ਼ ਅਮ੍ਰਿਤਸਰ 'ਚ ਦੋ ਦਿਨ ਦਾ ਵਰਤ ਰੱਖਣ ਦੀ ਘੋਸ਼ਣਾ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਪੰਜਾਬ 'ਚ ਵਧ ਰਹੀ ਸ਼ਰਾਬ ਦੀ ਵਰਤੋਂ ਕਾਰਨ ਹੋ ਰਹੇ ਸਮਾਜਿਕ ਅਤੇ ਆਰਥਿਕ ਨੁਕਸਾਨ ਵੱਲ ਧਿਆਨ ਦਿਵਾਉਂਦਿਆ ਇਸ ਨੀਤੀ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਮੰਗ ਕੀਤੀ ਹੈ। ਰਾਜੂ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਪੰਜਾਬ 'ਚ ਸਿੱਖ ਭਾਈਚਾਰੇ ਦੇ ਲੋਕ ਸਭ ਤੋਂ ਵੱਧ ਸ਼ਰਾਬ ਦੀ ਵਰਤੋਂ ਕਰਦੇ ਹਨ। ਪੰਜਾਬ ਵਿੱਚ 30.5 ਫੀਸਦੀ ਸਿੱਖ ਸ਼ਰਾਬ ਪੀਂਦੇ ਹਨ, ਸ਼ਰਾਬ ਪੀਣ ਵਾਲੇ ਹਿੰਦੂਆਂ ਦੀ ਗਿਣਤੀ 25 ਫੀਸਦੀ ਅਤੇ ਮੁਸਲਮਾਨਾਂ ਦੀ ਗਿਣਤੀ 6 ਫੀਸਦੀ ਹੈ।
ਇਹ ਵੀ ਪੜ੍ਹੋ : ਸਰਹੱਦੀ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਮਿਲੇ ਪੰਜਾਬ ਦੇ ਰਾਜਪਾਲ, ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕਹੀਆਂ ਇਹ ਗੱਲਾਂ
ਰਾਜੂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਸਾਡੇ ਗੁਰੂਆਂ ਨੇ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ, ਪਰ ਇਸਦੇ ਬਾਵਜੂਦ ਪੰਜਾਬ ਵਿੱਚ ਹਰ ਵਿਅਕਤੀ ਇੱਕ ਸਾਲ ਵਿੱਚ 7.9 ਲੀਟਰ ਸ਼ਰਾਬ ਪੀਂਦਾ ਹੈ ਅਤੇ ਦੇਸ਼ ਭਰ ਵਿੱਚ ਸ਼ਰਾਬ ਪੀਣ ਦੇ ਮਾਮਲਿਆਂ ਵਿੱਚ ਅਸੀਂ ਦੂਜੇ ਨੰਬਰ 'ਤੇ ਹਾਂ। ਰਾਜੂ ਨੇ ਕਿਹਾ ਇਹ ਸਥਿਤੀ ਕਾਫੀ ਗੰਭੀਰ ਹੈ 10 ਤੋਂ 17 ਸਾਲ ਤੱਕ ਦੇ ਨੌਜਵਾਨਾਂ 'ਚ ਸ਼ਰਾਬ ਪੀਣ ਦੀ ਲਤ ਵਧਦੀ ਜਾ ਰਹੀ ਹੈ ਅਤੇ ਸ਼ਰਾਬ ਤੋਂ ਸ਼ੁਰੂ ਹੋ ਕੇ ਹੋਰ ਕਿਸਮ ਦੇ ਨਸ਼ਿਆਂ ਵੱਲ ਜਾ ਰਹੇ ਹਨ। ਇਸ ਨਾਲ ਪੰਜਾਬ ਦਾ ਸਮਾਜਿਕ ਅਤੇ ਆਰਥਿਕ ਦਾ ਤਾਣਾ-ਬਾਣਾ ਵਿਗੜ ਰਿਹਾ ਹੈ।
ਇਹ ਵੀ ਪੜ੍ਹੋ : ਮਹਿਲਾ ਅਧਿਆਪਕ ਨੇ ਬਹਾਦਰੀ ਨਾਲ ਝਪਟਮਾਰਾਂ ਦਾ ਕੀਤਾ ਮੁਕਾਬਲਾ, ਦੇਖੋ ਵੀਡੀਓ
ਰਾਜੂ ਨੇ ਦੱਸਿਆ ਕਿ 31 ਜੁਲਾਈ ਤੋਂ 11 ਅਗਸਤ 2022 ਤੱਕ ਸੂਬਾ ਪੱਧਰੀ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਸੀ, ਜਿਸ ’ਚ ਟੀਮ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ 45 ਤੋਂ ਵੱਧ ਕਸਬਿਆਂ ਅਤੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਮੁਹਿੰਮ ਦੌਰਾਨ ਅਸੀਂ ਹਜ਼ਾਰਾਂ ਲੋਕਾਂ ਨੂੰ ਮਿਲੇ, ਜਿਨ੍ਹਾਂ ’ਚ ਨਸ਼ਾ ਪੀੜਤਾਂ, ਨਸ਼ਾ ਪੀੜਤ ਪਰਿਵਾਰਾਂ, ਧਾਰਮਿਕ, ਸਮਾਜਿਕ ਅਤੇ ਸਿਆਸੀ ਨੇਤਾਵਾਂ, ਡਾਕਟਰਾਂ, ਅਧਿਆਪਕਾਂ, ਖਿਡਾਰੀਆਂ, ਸਰਕਾਰੀ ਅਧਿਕਾਰੀਆਂ, ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ 20 ਲੱਖ ਲੋਕਾਂ ਤੱਕ ਪਹੁੰਚ ਕੀਤੀ ਗਈ। ਉਨ੍ਹਾਂ ਨਾਲ ਗੱਲਬਾਤ ਦੌਰਾਨ ਅਸੀਂ ਦੇਖਿਆ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਔਰਤਾਂ ਨੂੰ ਨਸ਼ਿਆਂ ਕਾਰਨ ਜੋ ਪ੍ਰੇਸ਼ਾਨੀ ਹੋਈ ਹੈ, ਉਹ ਬਹੁਤ ਭਿਆਨਕ ਹੈ।
ਇਹ ਵੀ ਪੜ੍ਹੋ : ਲੜਕੀ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੀਆਂ 2 ਔਰਤਾਂ ਸਣੇ 5 ਗ੍ਰਿਫ਼ਤਾਰ, ਕਾਰ ਵੀ ਕੀਤੀ ਬਰਾਮਦ
ਘਰ 'ਚ ਵਿਅਕਤੀ ਨਸ਼ੇ ਦੇ ਆਦੀ ਹੋਣ ਕਾਰਨ ਘਰੇਲੂ ਹਿੰਸਾ ਅਤੇ ਬਦਹਾਲੀ ਔਰਤਾਂ ਦੀ ਕਿਸਮਤ ਬਣ ਗਈ ਹੈ। ਨੌਜਵਾਨ ਪੀੜ੍ਹੀ ਦੇ ਨਸ਼ਿਆਂ ਦੀ ਲਪੇਟ ’ਚ ਆਉਣ ਕਾਰਨ ਅਪਰਾਧਿਕ ਸਰਗਰਮੀਆਂ ’ਚ ਵਾਧਾ ਹੋਇਆ ਹੈ। ਨਸ਼ਿਆਂ ਨੇ ਪੰਜਾਬ ਦਾ ਸਮਾਜਿਕ-ਆਰਥਿਕ ਤਾਣਾ-ਬਾਣਾ ਤਬਾਹ ਕਰ ਕੇ ਰੱਖ ਦਿੱਤਾ ਹੈ। ਰਾਜੂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਸ਼ਰਾਬ ਨੀਤੀ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਇਸ ਸ਼ਰਾਬ ਨੀਤੀ ਦੇ ਜ਼ਰੀਏ ਪੰਜਾਬ ਦੇ ਨੌਜਵਾਨਾਂ ਨੂੰ ਸ਼ਰਾਬ ਵੱਲ ਧੱਕਿਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਐਸ.ਜੀ.ਪੀ.ਸੀ. ਨੂੰ ਅੱਗੇ ਆਉਣ ਦੀ ਲੋੜ ਹੈ। ਪੰਜਾਬ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਇੱਕ ਕਿਲੋਮੀਟਰ ਦੇ ਦਾਇਰੇ 'ਚ ਸ਼ਰਾਬ ਅਤੇ ਤੰਬਾਕੂ ਦੀ ਵਿਕਰੀ 'ਤੇ ਰੋਕ ਲਗਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਸ਼ਰਾਬ ਅਤੇ ਸਿਗਰੇਟ ਪੀਣ 'ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਗਾਂਧੀ ਜਯੰਤੀ ਦੀ ਤਰ੍ਹਾਂ ਹਰ ਗੁਰਪੁਰਬ 'ਤੇ ਵੀ ਡਰਾਈ-ਡੇਅ ਐਲਾਨ ਹੋਣਾ ਚਾਹੀਦਾ ਹੈ ਅਤੇ ਸ਼ਰਾਬ ਦੇ ਠੇਕੇ ਇੱਕ ਦਿਨ ਦੇ ਅੰਤਰ ਨਾਲ ਖੁੱਲ੍ਹਣੇ ਚਾਹੀਦੇ ਹਨ।