AG ਦਿਓਲ ਵੱਲੋਂ ਸਿੱਧੂ ’ਤੇ ਸ਼ਬਦੀ ਹਮਲੇ ਮਗਰੋਂ ਭਾਜਪਾ ਆਗੂ ਤਰੁਣ ਚੁੱਘ ਦਾ ਆਇਆ ਵੱਡਾ ਬਿਆਨ

11/06/2021 5:43:16 PM

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਐਡਵੋਕੇਟ ਜਨਰਲ (ਏ. ਜੀ.) ਅਮਰਪ੍ਰੀਤ ਸਿੰਘ ਦਿਓਲ ਵੱਲੋਂ ਨਵਜੋਤ ਸਿੱਧੂ ’ਤੇ ਕੀਤੇ ਸ਼ਬਦੀ ਹਮਲੇ ਮਗਰੋਂ ਭਾਜਪਾ ਆਗੂ ਤਰੁਣ ਚੁੱਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੁੱਘ ਨੇ ਕਿਹਾ ਕਿ ਐਡਵੋਕੇਟ ਜਨਰਲ ਦਿਓਲ ਦੇ ਬਿਆਨ ਨਾਲ ਹੁਣ ਸਾਰੀ ਤਸਵੀਰ ਸਾਫ਼ ਹੋ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਸਾਥੀਆਂ ਤੋਂ ਉਪਰ ਸਿਆਸੀ ਲਾਭ ਲੈਣ ਲਈ ਇਹ ਸਭ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿਓਲ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ’ਚ ਮੁੱਦਿਆਂ ਦੀ ਸਿਆਸਤ ਨਹੀਂ ਕੀਤੀ ਜਾ ਰਹੀ। ਭਾਜਪਾ ਆਗੂ ਚੁੱਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਸਿਆਸਤ ਨਹੀਂ ਹੋਣੀ ਚਾਹੀਦੀ, ਜਿਹੜੇ ਵੀ ਦੋਸ਼ੀ ਹਨ, ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ’ਚ ਸਦੀਆਂ ਤੋਂ ਦੀਵਾਲੀ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ ਦੀਵਾਲੀ, ਜਾਣੋ ਵਜ੍ਹਾ

ਇਹ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਮੇਡੀਅਨ ਸਿੱਧੂ ਨੇ ਪੰਜਾਬ ਕਾਂਗਰਸ ਦੀ ਕਮਾਨ ਸੰਭਾਲੀ ਹੈ, ਜਿਥੇ ਉਹ ਆਪਣੀ ਹੀ ਪਾਰਟੀ ’ਤੇ ਹਮਲੇ ਕਰ ਰਹੇ ਹਨ, ਉਦੋਂ ਤੋਂ ਹੀ ਸਿਆਸੀ ਲਾਭ ਲੈ ਰਹੇ ਹਨ। ਇਹ ਸਭ ਕੁਝ ਮੈਂ ਨਹੀਂ ਸਗੋਂ ਪੰਜਾਬ ਦੇ ਐਡਵੋਕੇਟ ਜਨਰਲ ਦਿਓਲ ਕਹਿ ਰਹੇ ਹਨ। ਚੁੱਘ ਨੇ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਖਿਲਵਾੜ ਨਾ ਕਰੋ, ਇਸ ਨੂੰ ਜਲਾਉਣ ਦੀ ਕੋਸ਼ਿਸ਼ ਨਾ ਕਰੋ। ਸਿੱਧੂ ਤੇ ਮੁੱਖ ਮੰਤਰੀ ਚੰਨੀ ਨੂੰ ਜਨਤਕ ਤੌਰ ’ਤੇ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮਾਜਿਕ ਢਾਂਚੇ ’ਤੇ ਵੱਡਾ ਸਵਾਲ ਹੈ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਮੁੱਖ ਮੰਤਰੀ ਦੇ ਦਿਨ ਗਿਣੇ ਜਾ ਰਹੇ ਹਨ ਕਿ ਉਨ੍ਹਾਂ ਨੇ ਇੰਨੇ ਦਿਨਾਂ ’ਚ ਕੀ ਕੀਤਾ। ਇਸ ਦੌਰਾਨ ਉਨ੍ਹਾਂ ਚੰਨੀ ਸਰਕਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਕੇ ਕੋਈ ਰਾਹਤ ਨਹੀਂ ਦਿੱਤੀ ਹੈ।


Manoj

Content Editor

Related News